
ਬਸੰਤ ਰੁੱਤ ਵਿੱਚ ਮੌਸਮ ਗਰਮ ਹੋਣਾ ਸ਼ੁਰੂ ਹੋਣ ਨਾਲ ਵਿਕਟੋਰੀਆ ਦੇ ਵਸਨੀਕ ਆਪਣੇ ਘਰਾਂ ਅਤੇ ਜ਼ਮੀਨਾਂ ਨੂੰ ਅੱਗ ਦੇ ਮੌਸਮ ਲਈ ਤਿਆਰ ਕਰ ਰਹੇ ਹਨ। ਐਮਰਜੈਂਸੀ ਸੇਵਾਵਾਂ ਨੇ ਜ਼ਮੀਨ ਮਾਲਕਾਂ ਨੂੰ ਆਪਣਾ ਬਰਨ-ਆਫ਼ (ਸੁੱਕੀ ਘਾਹ-ਫੂਸ ਜਾਂ ਹੋਰ ਜਲਣ ਵਾਲੀ ਸਮੱਗਰੀ ਨੂੰ ਸੁਰੱਖਿਅਤ ਢੰਗ ਨਾਲ ਸਾੜਨਾ) ਔਨਲਾਈਨ ਰਜਿਸਟਰ ਕਰਨ ਦੀ ਅਪੀਲ ਕੀਤੀ ਹੈ। ਬਰਨ-ਆਫ਼ ਰਜਿਸਟਰ ਕਰਨ ਦਾ ਸਭ ਤੋਂ ਤੇਜ਼ ਅਤੇ ਸੌਖਾ ਤਰੀਕਾ Fire Permits Victoria ਦੀ ਵੈੱਬਸਾਈਟ ਰਾਹੀਂ ਹੈ: www.firepermits.vic.gov.au/
ਬਸੰਤ ਦਾ ਮੌਸਮ ਬਰਨ-ਆਫ਼ ਲਈ ਢੁਕਵਾਂ ਹੋ ਸਕਦਾ ਹੈ, ਪਰ ਵਿਕਟੋਰੀਆ ਵਿੱਚ ਅਜੇ ਵੀ 62 ਫ਼ੀਸਦੀ ਤੋਂ ਵੱਧ ਬਰਨ-ਆਫ਼ ਰਜਿਸਟ੍ਰੇਸ਼ਨਾਂ ਫ਼ੋਨ ਰਾਹੀਂ ਕੀਤੀਆਂ ਜਾ ਰਹੀਆਂ ਹਨ। ਇਸ ਕਾਰਨ ਫ਼ੋਨ ‘ਤੇ ਉਡੀਕ ਦਾ ਸਮਾਂ ਵੱਧ ਸਕਦਾ ਹੈ, ਕਿਉਂਕਿ Triple Zero Victoria ਦੇ ਕਾਲ ਟੇਕਰਾਂ ਨੂੰ ਪਹਿਲਾਂ ਐਮਰਜੈਂਸੀ ਅਤੇ ਜ਼ਿਆਦਾ ਜ਼ਰੂਰੀ ਕਾਲਾਂ ਦਾ ਜਵਾਬ ਦੇਣਾ ਹੁੰਦਾ ਹੈ।
Triple Zero Victoria ਦੇ Chief Operations Officer Paul Santamaria ਨੇ ਲੋਕਾਂ ਨੂੰ ਬਸੰਤ ਦੌਰਾਨ ਪਹਿਲਾਂ ਤੋਂ ਯੋਜਨਾ ਬਣਾਉਣ ਅਤੇ ਬਰਨ-ਆਫ਼ ਨੂੰ ਆਨਲਾਈਨ ਰਜਿਸਟਰ ਕਰਨ ਦੀ ਅਪੀਲ ਕੀਤੀ ਹੈ।ਉਨ੍ਹਾਂ ਕਿਹਾ ਕਿ Lara, Olinda, Healesville, Mt Evelyn, Monbulk, Langwarrin, Yackandandah ਅਤੇ Wonga Park ਵਰਗੇ ਕੁਝ ਇਲਾਕਿਆਂ ਵਿੱਚ ਅਜੇ ਵੀ ਕਾਫ਼ੀ ਲੋਕ ਬਰਨ-ਆਫ਼ ਲਈ ਫ਼ੋਨ ਕਰ ਰਹੇ ਹਨ। ਇਨ੍ਹਾਂ ਇਲਾਕਿਆਂ ਦੇ ਵਸਨੀਕਾਂ ਨੂੰ ਆਨਲਾਈਨ ਰਜਿਸਟ੍ਰੇਸ਼ਨ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, “ਜੇ ਹਰ ਕੋਈ ਆਪਣਾ ਬਰਨ-ਆਫ਼ ਆਨਲਾਈਨ ਰਜਿਸਟਰ ਕਰੇ ਤਾਂ ਬੇਲੋੜੀਆਂ ਫ਼ੋਨ ਕਾਲਾਂ ਘੱਟ ਹੋਣਗੀਆਂ। ਇਸ ਨਾਲ Triple Zero ਦੇ ਕਾਲ ਟੇਕਰ ਐਮਰਜੈਂਸੀ ਅਤੇ ਹੋਰ ਜ਼ਰੂਰੀ ਕਾਲਾਂ ‘ਤੇ ਵਧੀਆ ਧਿਆਨ ਦੇ ਸਕਣਗੇ।”
ਜੇ ਬਰਨ-ਆਫ਼ ਦੋ ਘੰਟਿਆਂ ਤੋਂ ਵੱਧ ਸਮੇਂ ਬਾਅਦ ਸ਼ੁਰੂ ਕਰਨਾ ਹੈ ਤਾਂ ਆਨਲਾਈਨ ਰਜਿਸਟਰ ਕਰਨਾ ਸਭ ਤੋਂ ਤੇਜ਼ ਅਤੇ ਸੌਖਾ ਤਰੀਕਾ ਹੈ। ਜੇ ਕਿਸੇ ਕਾਰਨ ਕਰਕੇ ਬਰਨ-ਆਫ਼ ਤੁਰੰਤ, ਭਾਵ ਅਗਲੇ ਦੋ ਘੰਟਿਆਂ ਦੇ ਅੰਦਰ ਸ਼ੁਰੂ ਕਰਨਾ ਹੋਵੇ ਤਾਂ 1800 668 511 ‘ਤੇ ਫ਼ੋਨ ਕਰਕੇ ਰਜਿਸਟਰ ਕੀਤਾ ਜਾ ਸਕਦਾ ਹੈ।
CFA ਵੱਲੋਂ ਵੀ ਸਾਵਧਾਨੀ ਦੀ ਅਪੀਲ
CFA Chief Officer Jason Heffernan AFSM ਨੇ ਕਿਹਾ ਕਿ ਇਸ ਬਸੰਤ ਐਮਰਜੈਂਸੀ ਸੇਵਾਵਾਂ ਨੂੰ ਬੇਲੋੜੀਆਂ ਕਾਲਾਂ ਅਤੇ ਮੌਕੇ ‘ਤੇ ਜਾਣ ਤੋਂ ਬਚਾਉਣ ਲਈ ਲੋਕਾਂ ਨੂੰ ਆਪਣੇ ਬਰਨ-ਆਫ਼ Fire Permits Victoria ਦੀ ਵੈੱਬਸਾਈਟ ‘ਤੇ ਰਜਿਸਟਰ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਆਨਲਾਈਨ ਰਜਿਸਟ੍ਰੇਸ਼ਨ ਨਾਲ CFA, ਐਮਰਜੈਂਸੀ ਸੇਵਾਵਾਂ ਅਤੇ ਆਮ ਲੋਕਾਂ ਨੂੰ ਪਤਾ ਰਹਿੰਦਾ ਹੈ ਕਿ ਲੱਗੀ ਹੋਈ ਅੱਗ ਕੋਈ ਐਮਰਜੈਂਸੀ ਨਹੀਂ ਹੈ।ਉਨ੍ਹਾਂ ਕਿਹਾ ਕਿ ਬਰਨ-ਆਫ਼ ਦੀ ਜਾਣਕਾਰੀ ਪਹਿਲਾਂ ਦੇਣ ਨਾਲ ਅੱਗ ਦੇ ਖਤਰੇ ਨੂੰ ਬਿਹਤਰ ਢੰਗ ਨਾਲ ਸੰਭਾਲਿਆ ਜਾ ਸਕਦਾ ਹੈ ਅਤੇ ਸਥਾਨਕ CFA ਬ੍ਰਿਗੇਡਾਂ ਅਤੇ Triple Zero (000) ਕਾਲ ਟੇਕਰਾਂ ‘ਤੇ ਬੇਲੋੜਾ ਦਬਾਅ ਨਹੀਂ ਪੈਂਦਾ।
ਇਸ ਸਾਲ ਹੁਣ ਤੱਕ CFA ਦੀਆਂ ਟੀਮਾਂ 200 ਤੋਂ ਵੱਧ ਬੇਕਾਬੂ ਹੋਏ ਬਰਨ-ਆਫ਼ ਦੀਆਂ ਘਟਨਾਵਾਂ ‘ਤੇ ਪਹੁੰਚ ਚੁੱਕੀਆਂ ਹਨ। ਇਸ ਲਈ ਜ਼ਮੀਨ ਮਾਲਕਾਂ ਨੂੰ ਕਿਹਾ ਗਿਆ ਹੈ ਕਿ ਬਰਨ-ਆਫ਼ ਦੀ ਨਿਗਰਾਨੀ ਅਤੇ ਅੱਗ ਨੂੰ ਕਾਬੂ ਕਰਨ ਲਈ ਉਨ੍ਹਾਂ ਕੋਲ ਕਾਫ਼ੀ ਲੋਕ ਅਤੇ ਪਾਣੀ ਮੌਜੂਦ ਹੋਣਾ ਚਾਹੀਦਾ ਹੈ। ਬਰਨ-ਆਫ਼ ਨੂੰ ਹਰ ਸਮੇਂ ਸੁਰੱਖਿਅਤ ਢੰਗ ਨਾਲ ਕਾਬੂ ਵਿੱਚ ਰੱਖਣਾ ਅਤੇ ਬੁਝਾਉਣਾ ਜ਼ਰੂਰੀ ਹੈ। ਮੌਸਮ ਅਤੇ ਹਾਲਾਤ ਢੁਕਵੇਂ ਨਾ ਹੋਣ ਤਾਂ ਬਰਨ-ਆਫ਼ ਨਹੀਂ ਕਰਨਾ ਚਾਹੀਦਾ।
ਬਰਨ-ਆਫ਼ ਕਰਨ ਤੋਂ ਪਹਿਲਾਂ ਇਹ ਗੱਲਾਂ ਜ਼ਰੂਰ ਯਾਦ ਰੱਖੋ:
- ਆਪਣੇ ਸਥਾਨਕ ਕੌਂਸਲ ਦੇ ਨਿਯਮਾਂ ਅਤੇ ਕਾਨੂੰਨਾਂ ਦੀ ਜਾਂਚ ਕਰੋ ਅਤੇ ਉਨ੍ਹਾਂ ਦੀ ਪਾਲਣਾ ਕਰੋ।
- ਜੇ ਬਰਨ-ਆਫ਼ ਨਾਲ ਧੂੰਆਂ ਜਾਂ ਅੱਗ ਪੈਦਾ ਹੋਵੇਗੀ ਤਾਂ ਆਪਣੇ ਗੁਆਂਢੀਆਂ ਨੂੰ ਪਹਿਲਾਂ ਸੂਚਿਤ ਕਰੋ।
- ਬਰਨ-ਆਫ਼ ਵਾਲੇ ਦਿਨ ਅਤੇ ਉਸ ਤੋਂ ਬਾਅਦ ਦੇ ਕੁਝ ਦਿਨਾਂ ਦਾ ਮੌਸਮ ਜ਼ਰੂਰ ਦੇਖੋ।
- ਜੇ ਅੱਗ ਦਾ ਖਤਰਾ ਵੱਧ ਜਾਵੇ ਤਾਂ ਬਰਨ-ਆਫ਼ ਨੂੰ ਮੁਲਤਵੀ ਕਰ ਦਿਓ।
- ਅੱਗ ਦੇ ਆਲੇ-ਦੁਆਲੇ ਘੱਟੋ-ਘੱਟ 3 ਮੀਟਰ ਚੌੜਾ ਅਜਿਹਾ ਖਾਲੀ ਹਿੱਸਾ ਬਣਾਓ।
ਸੁਰੱਖਿਅਤ ਢੰਗ ਨਾਲ ਬਨਸਪਤੀ ਨੂੰ ਸਾੜਨ (burn-off) ਬਾਰੇ ਵਧੇਰੇ ਜਾਣਕਾਰੀ ਲਈ, www.cfa.vic.gov.au/burnoff ‘ਤੇ ਜਾਓ।
