ਜਲੰਧਰ – ਈਡੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਨੂੰ ਦੁਬਾਰਾ ਪੁਲਿਸ ਰਿਮਾਂਡ ’ਤੇ ਲੈਣ ਲਈ ਅਦਾਲਤ ’ਚ ਅਰਜ਼ੀ ਲਾਈ ਹੈ। ਈਡੀ ਦੀ ਅਰਜ਼ੀ ’ਤੇ ਅਦਾਲਤ ਸੋਮਵਾਰ ਨੂੰ ਸੁਣਵਾਈ ਕਰੇਗੀ। ਇਸ ਦੀ ਪੁਸ਼ਟੀ ਐਡਵੋਕੇਟ ਏਪੀਐੱਸ ਦਿਓਲ ਨੇ ਕੀਤੀ ਹੈ। ਫਰਵਰੀ ’ਚ ਲਗਪਗ ਸੱਤ ਦਿਨ ’ਤੇ ਪੁਲਿਸ ਰਿਮਾਂਡ ’ਤੇ ਰਹਿਣ ਤੋਂ ਬਾਅਦ ਹਨੀ ਬੀਤੇ 15 ਦਿਨਾਂ ਤੋਂ ਨਿਆਇਕ ਹਿਰਾਸਤ ਵਿਚ ਹੈ।
ਉਸ ਦੀ ਨਿਆਇਕ ਹਿਰਾਸਤ ਸ਼ੁੱਕਰਵਾਰ ਨੂੰ ਹੀ ਦਸ ਮਾਰਚ ਤਕ ਵਧਾਈ ਗਈ ਹੈ। ਈਡੀ ਵੱਲੋਂ ਰਿਮਾਂਡ ਮੰਗਣ ’ਤੇ ਕਾਨੂੰਨੀ ਮਾਹਰਾਂ ਦਾ ਮੰਨਣਾ ਹੈ ਕਿ ਈਡੀ ਨੂੰ ਮਨਜ਼ੂਰੀ ਮਿਲਣ ਦੀ ਸੰਭਾਵਨਾ ਨਹੀਂ ਹੈ। ਈਡੀ ਨੇ ਤਿੰਨ ਫਰਵਰੀ ਨੂੰ ਭੁਪਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਈਡੀ ਨੇ ਉਸ ਤੋਂ ਪੁੱਛਗਿੱਛ ਸ਼ੁਰੂ ਕੀਤੀ। 11 ਫਰਵਰੀ ਨੂੰ ਅਦਾਲਤ ਨੇ ਹਨੀ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ। ਇਸ ਤੋਂ ਬਾਅਦ ਈਡੀ ਨੇ ਉਸ ਤੋਂ ਨਿਆਇਕ ਹਿਰਾਸਤ ਵਿਚ ਪੁੱਛਗਿੱਛ ਕਰਨ ਦਾ ਯਤਨ ਕੀਤਾ ਪਰ ਸਫਲਤਾ ਹੱਥ ਨਾ ਲੱਗੀ।