ਸੰਯੁਕਤ ਰਾਸ਼ਟਰ – ਉੱਤਰੀ ਕੋਰੀਆ ’ਤੇ ਨਵੀਆਂ ਪਾਬੰਦੀਆਂ ਲਗਾਉਣ ਦੇ ਮੁੱਦੇ ’ਤੇ ਰੂਸ ਤੇ ਚੀਨ ਨੇ ਅੜਿੱਕਾ ਪਾ ਦਿੱਤਾ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਅਮਰੀਕਾ ਨੇ ਉੱਤਰੀ ਕੋਰੀਆ ਦੇ ਹਾਲੀਆ ਮਿਜ਼ਾਈਲ ਤਜਰਬਿਆਂ ਸਬੰਧੀ ਇਸ ਦੇਸ਼ ਦੇ ਪੰਜ ਅਧਿਕਾਰੀਆਂ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ।
ਉੱਤਰੀ ਕੋਰੀਆ ਨੇ ਪਿਛਲੇ ਦੇ ਹਫ਼ਤਿਆਂ ਦੌਰਾਨ ਚਾਰ ਵਾਰ ਬੈਲਿਸਟਿਕ ਮਿਜ਼ਾਈਲਾਂ ਦਾ ਤਜਰਬਾ ਕੀਤਾ ਸੀ। ਇਸ ਮੁੱਦੇ ’ਤੇ ਸੁਰੱਖਿਆ ਪ੍ਰੀਸ਼ਦ ਦੀ ਵੀਰਵਾਰ ਨੂੰ ਐਮਰਜੈਂਸੀ ਬੈਠਕ ਹੋਈ। ਅਮਰੀਕਾ ਨੇ 15 ਮੈਂਬਰੀ ਪ੍ਰੀਸ਼ਦ ਨੂੰ ਕਿਹਾ ਕਿ ਇਸ ਤਰ੍ਹਾਂ ਦੇ ਤਜਰਬੇ ਸੁਰੱਖਿਆ ਪ੍ਰੀਸ਼ਦ ਦੇ ਮਤਿਆਂ ਦੀ ਉਲੰਘਣਾ ਕਰਦੇ ਹਨ। ਨਾਲ ਹੀ ਉੱਤਰੀ ਕੋਰੀਆ ਨੂੰ ਇਹ ਕਿਹਾ ਜਾਵੇ ਕਿ ਉਹ ਪਰਮਾਣੂ ਹਥਿਆਰਬੰਦੀ ਦੀ ਦਿਸ਼ਾ ’ਚ ਗੱਲਬਾਤ ’ਚ ਸ਼ਾਮਲ ਹੋਵੇ। ਰਾਜਨਾਇਕਾਂ ਨੇ ਦੱਸਿਆ ਕਿ ਉੱਤਰੀ ਕੋਰੀਆ ਦੇ ਹਮਾਇਤੀ ਚੀਨ ਨੇ ਅਮਰੀਕਾ ਦੇ ਇਸ ਬਿਆਨ ਦਾ ਵਿਰੋਧ ਕੀਤਾ। ਅਮਰੀਕਾ, ਬ੍ਰਾਜ਼ੀਲ, ਫਰਾਂਸ, ਆਇਰਲੈਂਡ, ਜਾਪਾਨ, ਸੰਯੁਕਤ ਅਰਬ ਅਮੀਰਾਤ ਤੇ ਬਰਤਾਨੀਆ ਨੇ ਉੱਤਰੀ ਕੋਰੀਆ ਦੇ ਮਿਜ਼ਾਈਲ ਤਜਰਬਿਆਂ ਦੀ ਨਿੰਦਾ ਕੀਤੀ।