ਚੰਡੀਗੜ੍ਹ – ਊਰਜਾ ਵਿਕਾਸ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਊਰਜਾ ਵਿਕਾਸ ਏਜੰਸੀ (ਪੇਡਾ) ਨੂੰ ਉੱਤਮ ਕਾਰਗੁਜ਼ਾਰੀ ਲਈ ਦੇਸ਼ ਭਰ ਵਿਚੋਂ ਪਹਿਲਾ ਇਨਾਮ ਮਿਲਣ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਨਾਲ ਉਨਾਂ ਦੀਆਂ ਜ਼ਿੰਮੇਵਾਰੀਆਂ ਹੋਰ ਵੀ ਵਧ ਗਈਆਂ ਹਨ। ਗੌਰਤਲਬ ਹੈ ਕਿ ਰਾਸ਼ਟਰੀ ਊਰਜਾ ਸੰਭਾਲ ਅਵਾਰਡ 2021 ਵਾਸਤੇ ਪੇਡਾ ਨੂੰ ਪਹਿਲੇ ਇਨਾਮ ਲਈ ਚੁਣਿਆ ਗਿਆ ਹੈ। ਇਹ ਅਵਾਰਡ 14 ਦਸੰਸਰ 2021 ਨੂੰ ਰਾਸ਼ਟਰੀ ਊਰਜਾ ਸੰਭਾਲ ਦਿਵਸ ’ਤੇ ਵਿਗਿਆਨ ਭਵਨ ਵਿਖੇ ਹੋ ਰਹੇ ਸਮਾਰੋੋਹ ਵਿਚ ਦਿੱਤਾ ਜਾਵੇਗਾ। ਇਸ ਮੌਕੇ ਬਿਜਲੀ ਤੇ ਨਵੀਂ ਅਤੇ ਨਵਿਆਣਯੋਗ ਊਰਜਾ ਦੇ ਕੇਂਦਰੀ ਮੰਤਰੀ ਆਰ.ਕੇ. ਸਿੰਘ ਮੁੱਖ ਮਹਿਮਾਨ ਹੋਣਗੇ। ਡਾ. ਵੇਰਕਾ ਨੇ ਦੱਸਿਆ ਕਿ ਬਿਜਲੀ ਦੀ ਵਧ ਰਹੀ ਮੰਗ ਅਤੇ ਪਾਣੀ, ਕੋਲਾ ਆਦਿ ਵਰਗੇ ਕੁਦਰਤੀ ਵਸੀਲਿਆ ਦੀ ਪੈਦਾ ਹੋ ਰਹੀ ਕਮੀ ਨਾਲ ਨਿਪਟਣ ਲਈ ਪੇਡਾ ਵੱਲੋਂ ਨਵਿਆਉਣਯੋਗ ਊਰਜਾ ਨੂੰ ਵੱਧ ਤੋਂ ਵੱਧ ਵਰਤੋਂ ਵਿਚ ਲਿਆਏ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸੂਬੇ ਵਿਚ ਨਵਿਆਉਣਯੋਗ ਊਰਜਾ ਦੇ 1700.77 ਮੈਗਾਵਾਟ ਦੀ ਸਮਰੱਥਾ ਦੇ ਪ੍ਰਾਜੈਕਟ ਲਾਏ ਜਾ ਚੁੱਕੇ ਹਨ ਅਤੇ 184.12 ਮੈਗਾਵਾਟ ਦੇ ਸਮਰਥਾ ਦੇ ਹੋਰ ਪ੍ਰਾਜੈਕਟ ਲਾਏ ਜਾ ਰਹੇ ਹਨ। ਜ਼ਮੀਨ (ਗਰਾਉਂਡ ਮੌਂਟਡ) ’ਤੇ 815.5 ਮੈਗਾਵਾਟ, ਛੱਤ (ਰੂਫ ਸੋਲਰ) ’ਤੇ 136.1 ਮੈਗਾਵਾਟ ਅਤੇ ਨਹਿਰਾਂ ’ਤੇ (ਕੈਨਾਲ ਟੋਪ) 20 ਮੈਗਾਵਾਟ ਸਮਰਥਾ ਦੇ ਸੌਰ ਊਰਜਾ ਪ੍ਰੋਜੈਕਟ ਹੁਣ ਤਕ ਕਾਰਜਸ਼ੀਲ ਹੋ ਗਏ ਹਨ। ਇਨਾਂ ਪ੍ਰਾਜੈਕਟਾਂ ਦੀੇ ਗਿਣਤੀ ਕ੍ਰਮਵਾਰ 71, 14 ਅਤੇ 4 ਹੈ। ਡਾ. ਵੇਰਕਾ ਅਨੁਸਾਰ ਇਕੱਲੇ ਸੌਰ ਊਰਜਾ ਦੇ 729.17 ਮੈਗਾਵਾਟ ਦੇ ਪ੍ਰਾਜੈਕਟ ਸਥਾਪਿਤ ਹੋ ਚੁੱਕੇ ਹਨ ਅਤੇ 58.75 ਮੈਗਾਵਾਟ ਦੇ ਪ੍ਰਾਜੈਕਟ ਪ੍ਰਗਤੀ ਅਧੀਨ ਹਨ। ਨਵਿਆਉਣਯੋਗ ਊਰਜਾ ਦੇ ਪ੍ਰਾਜੈਕਟਾਂ ਵਿਚ ਬਾਇਓਮਾਸ ਕੋ-ਜਨਰੇਸ਼ਨ ਪਾਵਰ ਪ੍ਰੋਜੈਕਟ 458.07 ਮੈਗਾਵਾਟ ਅਤੇ ਬਾਇਓਮਾਸ ਪਾਵਰ ਪ੍ਰਾਜੈਕਟ 97.5 ਮੈਗਾਵਾਟ ਸ਼ਾਮਲ ਹਨ।