ਨਵੀਂ ਦਿੱਲੀ – ਕਰਨਾਟਕ ’ਚ ਫ਼ਿਲਹਾਲ ਕੋਰੋਨਾ ਵਾਇਰਸ ਦੇ ਡੈਲਟਾ ਪਲੱਸ ਵੇਰੀਐਂਟ ਦੇ ਸੱਤ ਮਾਮਲੇ ਨੋਟਿਸ ਵਿਚ ਆਏ ਹਨ। ਇਨ੍ਹਾਂ ਵਿਚੋਂ ਦੋ ਮਾਮਲੇ ਏਵਾਈ.4.2 ਦੇ ਵੀ ਸ਼ਾਮਲ ਹਨ। ਸੂਬੇ ਦੇ ਸਿਹਤ ਤੇ ਪਰਿਵਾਰ ਕਲਿਆਣ ਕਮਿਸ਼ਨਰ ਡੀ. ਰਣਦੀਪ ਨੇ ਬੁੱਧਵਾਰ ਨੂੰ ਦੱਸਿਆ ਕਿ ਡੈਲਟਾ ਪਲੱਸ ਵੇਰੀਐਂਟ ਦੇ ਤਿੰਨ ਮਾਮਲੇ ਬੈਂਗਲੁਰੀੂ ’ਚ ਅਤੇ ਬਾਕੀ ਚਾਰ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਇਸ ਵੇਰੀਐਂਟ ਨਾਲ ਹੁਣ ਤਕ ਕਿਸੇ ਦੀ ਮੌਤ ਦੀ ਖ਼ਬਰ ਨਹੀਂ ਹੈ ਪਰ ਇਕ ਜਾਂ ਦੋ ਲੋਕਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।ਉਧਰ, ਦੇਸ਼ ਭਰ ’ਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਇਨਫੈਕਸ਼ਨ ਦੇ 13,451 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਕੁਲ ਇਨਫੈਕਟਿਡਾਂ ਦੀ ਗਿਣਤੀ ਵੱਧ ਕੇ 3,42,15,653 ਹੋ ਗਈ ਹੈ। ਉਥੇ ਸਰਗਰਮ ਮਾਮਲੇ ਘੱਟ ਕੇ 1,62,661 ਰਹਿ ਗਏ ਹਨ। ਇਹ ਅੰਕੜਾ 242 ਦਿਨਾਂ ਵਿਚ ਸਭ ਤੋਂ ਘੱਟ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜੇ ਬੁੱਧਵਾਰ ਨੂੰ ਅਪਡੇਟ ਕੀਤੇ ਗਏ। ਸਵੇਰੇ ਅੱਠ ਵਜੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ, 585 ਤਾਜ਼ਾ ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 4,55,653 ਹੋ ਗਈ। ਮਰਨ ਵਾਲਿਆਂ ’ਚ 482 ਲੋਕ ਕੇਰਲ ਦੇ ਅਤੇ 32 ਲੋਕ ਮਹਾਰਾਸ਼ਟਰ ਦੇ ਸ਼ਾਮਲ ਹਨ। ਇਨ੍ਹਾਂ ਦੋ ਸੂਬਿਆਂ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਬਣਿਆ ਹੋਇਆ ਹੈ।