Punjab

ਕਾਂਗਰਸ ਨੇ ਸੂਬੇ ਦੇ ਬੇਰੁਜ਼ਗਾਰਾਂ ਨਾਲ ਧੋਖਾ ਕੀਤਾ : ਚੀਮਾ

ਚੰਡੀਗੜ੍ਹ – ਆਮ ਆਦਮੀ ਪਾਰਟੀ ਨੇ ਸੱਤਾਧਾਰੀ ਕਾਂਗਰਸ ‘ਤੇ ਪੰਜਾਬ ਦੇ ਬੇਰੁਜ਼ਗਾਰਾਂ ਨਾਲ ਪੈਰ-ਪੈਰ ‘ਤੇ ਧੋਖੇ ਤੇ ਲੁੱਟ- ਖਸੁੱਟ ਕਰਨ ਦਾ ਦੋਸ਼ ਲਾਇਆ ਹੈ। ‘ਆਪ’ ਨੇ ਪੰਜਾਬ ਸਰਕਾਰ ਵਲੋਂ ਭਰਤੀ ਪ੍ਰਕਿਰਿਆ ਲਈ ਟਾਟਾ ਕੰਸਲਟੈਂਸੀ ਸਰਵਿਸਿਜ਼ ਕੰਪਨੀ (ਟੀਸੀਐੱਸ) ਨਾਲ ਕੀਤਾ ਸਮਝੌਤਾ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ‘ਆਪ’ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਵਿਧਾਇਕ ਜਰਨੈਲ ਸਿੰਘ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ, ਸੂਬਾ ਸਕੱਤਰ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਘਰ- ਘਰ ਨੌਕਰੀ ਦਾ ਵਾਅਦਾ ਕਰਨ ਵਾਲੀ ਕਾਂਗਰਸ ਸਰਕਾਰ ਦੀਆਂ ਨੀਤੀਆਂ ਤੇ ਫ਼ੈਸਲੇ ਪੰਜਾਬ ਦੇ ਹੋਣਹਾਰ ਨੌਜਵਾਨਾਂ ਲਈ ਬੇਹੱਦ ਘਾਤਕ ਸਾਬਤ ਹੋ ਰਹੇ ਹਨ। ਚੀਮਾ ਨੇ ਦੱਸਿਆ ਕਿ ਹਰਿਆਣਾ ਸਮੇਤ ਹੋਰ ਰਾਜਾਂ ਨੇ ਆਪੋ- ਆਪਣੇ ਰਾਜਾਂ ਦੇ ਬੇਰੁਜ਼ਗਾਰਾਂ ਦੇ ਲਈ ਸਰਕਾਰੀ ਤੇ ਪ੍ਰਰਾਈਵੇਟ ਨੌਕਰੀਆਂ ‘ਚ 70 ਤੋਂ 80 ਫ਼ੀਸਦੀ ਤੱਕ ਰਾਖਵਾਂਕਰਨ ਕੀਤਾ ਹੋਇਆ ਹੈ, ਪਰ ਪੰਜਾਬ ਵਿਚ ਅਜਿਹਾ ਨਹੀਂ ਹੈ। ਜਿਸ ਕਰਕੇ ਹੋਰਨਾਂ ਰਾਜਾਂ ਦੇ ਨੌਜਵਾਨ ਪੰਜਾਬ ਦੇ ਸਰਕਾਰੀ ਵਿਭਾਗਾਂ ਵਿੱਚ ਨੌਕਰੀਆਂ ਲੈ ਜਾਂਦੇ ਹਨ। ਚੀਮਾ ਨੇ ਮੰਗ ਕੀਤੀ ਕਿ ਪੰਜਾਬ ਵਿੱਚ ਹੋ ਰਹੀਆਂ ਸਰਕਾਰੀ ਭਰਤੀਆਂ ਲਈ ਪੰਜਾਬ ਡੌਮੀਸਾਇਲ ਸਰਟੀਫਿਕੇਟ ਲਾਜ਼ਮੀ ਕਰਕੇ ਇਸ ਦੇ ਵਾਧੂ ਨੰਬਰ ਦਿੱਤੇ ਜਾਣ ਤੇ ਬਾਹਰਲੇ ਰਾਜਾਂ ਦੇ ਉਮੀਦਵਾਰਾਂ ਲਈ ਸ਼ਰਤਾਂ ਵੱਧ ਤੋਂ ਵੱਧ ਸਖਤ ਕੀਤੀਆਂ ਜਾਣ। ਚੀਮਾ ਨੇ ਕਿਹਾ ਕਿ ਠੇਕਾ ਭਰਤੀ ਤੇ ਆਊਟਸੋਰਸਿੰਗ ਰਾਹੀਂ ਜਾਂ ਸੇਵਾ ਮੁਕਤਾਂ ਨੂੰ ਐਕਸਟੈਨਸ਼ਨ ਦੇ ਕੇ ਦਿਨ ਕੱਟੀ ਕੀਤੀ ਜਾ ਰਹੀ ਹੈ, ਜਦੋਂਕਿ ਮੁੱਖ ਮੰਤਰੀ ਚੰਨੀ ਵੱਲੋਂ ਕੀਤਾ ਵਾਅਦਾ ਵੀ ਠੁੱਸ ਹੋ ਗਿਆ ਕਿਉਂਕਿ ਜਲ ਸਰੋਤ ਵਿਭਾਗ ਅਤੇ ਹੋਰ ਵਿਭਾਗਾਂ ‘ਚ 64- 65 ਸਾਲਾਂ ਦੇ ਸੇਵਾ ਮੁਕਤ ਕਰਮਚਾਰੀਆਂ -ਅਫ਼ਸਰਾਂ ਨੂੰ ਐਕਸਟੈਸ਼ਨ ਦਿੱਤੀ ਜਾ ਰਹੀ ਹੈ।ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀਪੀਐੱਸਸੀ) ਅਤੇ ਪੰਜਾਬ ਸਟੇਟ ਸੁਬਾਰਡੀਨੇਟ ਸਰਵਿਸਜ਼ (ਪੀਐੱਸਐੱਸਐੱਸ) ਬੋਰਡ ਕੋਲੋਂ ਹੀ ਸਰਕਾਰੀ ਭਰਤੀਆਂ ਕਰਾਈਆਂ ਜਾਣ ਤੇ ਅੱਗੇ ਤੋਂ ਟੀਸੀਐੱਸ ਰਾਹੀਂ ਭਰਤੀਆਂ ਰੋਕੀਆਂ ਜਾਣ। ਇਹ ਕੰਪਨੀ ਨਿਰਪੱਖ ਤੇ ਪਾਰਦਰਸ਼ੀ ਭਰਤੀ ਕਰਨ ‘ਚ ਫ਼ੇਲ੍ਹ ਰਹੀ ਹੈ। ਇਸ ਕੰਪਨੀ ‘ਤੇ ਭਰਤੀ ਪ੍ਰਕਿਰਿਆ ਵਿੱਚ ਗੜਬੜੀਆਂ, ਘਪਲੇਬਾਜ਼ੀ ਕਾਰਨ ਕਈ ਮਾਮਲੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਦੀਆਂ ਭਰਤੀਆਂ ਦੇ ਟਰਾਇਲ ਬਾਹਰੀ ਏਜੰਸੀਆਂ ਦੀ ਥਾਂ ਪੰਜਾਬ ਪੁਲੀਸ ਰਾਹੀਂ ਹੀ ਹੋਣ। ਮੀਤ ਹੇਅਰ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਭਰਤੀ ਪ੍ਰਕਿਰਿਆ ਦੌਰਾਨ ਬਣਦੀ ਫਾਈਨਲ ਮੈਰਿਟ ‘ਚ ਵੇਟਿੰਗ ਲਿਸਟ ਕਿਉਂ ਖ਼ਤਮ ਕਰ ਦਿੱਤੀ ਗਈ। ਜੇਕਰ ਵੇਟਿੰਗ ਲਿਸਟ ਹੋਵੇ ਤਾਂ ਅਜਿਹੀ ਸਥਿਤੀ ‘ਚ ਵੇਟਿੰਗ ਲਿਸਟ ਵਿੱਚ ਸ਼ਾਮਲ ਸਭ ਤੋਂ ਉੱਪਰਲੇ ਉਮੀਦਵਾਰ ਨੂੰ ਮੌਕਾ ਮਿਲ ਜਾਵੇਗਾ।

ਉਨਾਂ੍ਹ ਕਿਹਾ ਕਿ ਟੀਸੀਐੱਸ ਕੰਪਨੀ ਭਰਤੀ ਪ੍ਰਕਿਰਿਆ ‘ਚ ਪੰਜਾਬ ਤੇ ਪੰਜਾਬੀਅਤ ਨੂੰ ਮਹੱਤਤਾ ਨਹੀਂ ਦਿੰਦੀ। ਉਨਾਂ੍ਹ ਮੰਗ ਕੀਤੀ ਕਿ ਪੰਜਾਬੀ ਵਿਸ਼ਾ ਲਾਜ਼ਮੀ ਕੀਤਾ ਜਾਵੇ ਅਤੇ ਜ਼ਿਆਦਾਤਰ ਸਿਲੇਬਸ ਪੰਜਾਬ, ਪੰਜਾਬੀ, ਪੰਜਾਬੀਅਤ, ਪੰਜਾਬੀ ਸੰਸਕ੍ਰਿਤੀ ਤੇ ਸੱਭਿਆਚਾਰ ‘ਤੇ ਆਧਾਰਿਤ ਹੋਵੇ। ਉਨਾਂ੍ਹ ਹਰੇਕ ਪੇਪਰ ਇੱਕੋ ਸ਼ਿਫ਼ਟ ਵਿਚ ਆਫ਼ਲਾਇਨ ਮਾਧਿਅਮ ਰਾਹੀਂ ਹੀ ਲਿਆ ਜਾਵੇ। ਇਸ ਕਰਕੇ ਹੀ ਪੇਪਰ ਵਾਰ ਵਾਰ ਰੱਦ, ਜਾਂ ਮੁਲਤਵੀ ਹੋ ਰਹੇ ਹਨ। ਉਨਾਂ੍ਹ ਸਵਾਲ ਕੀਤਾ ਕਿ ਇਹ ਕਿਹੋ ਜਿਹਾ ਰਾਖਵਾਂਕਰਨ, ਜਿੱਥੇ ਪੀਐੱਸਐੱਸਐੱਸ ਬੋਰਡ ਵੱਲੋਂ ਪਿਛਲੇ ਹਫ਼ਤੇ ਕੱਢੀਆਂ ਕਲਰਕਾਂ ਦੀਆਂ 2374 ਅਸਾਮੀਆਂ ਵਿੱਚ ਸਿਰਫ਼ 344 ਅਸਾਮੀਆਂ ਜਰਨਲ ਸ਼ੇ੍ਣੀ ਲਈ ਹਨ, ਜੋ ਕੇਵਲ 14.4 ਫ਼ੀਸਦੀ ਬਣਦਾ ਹੈ।

Related posts

HAPPY DIWALI 2025 !

admin

ਰੌਸ਼ਨੀ ਦੇ ਤਿਉਹਾਰ ਦੀਵਾਲੀ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin