Punjab

ਕਿਰਤੀ ਕਿਸਾਨ ਯੂਨੀਅਨ ਨੇ ਜ਼ਿਲ੍ਹਾ ਕੇਂਦਰ ’ਤੇ ਦਿੱਤਾ ਵਿਸ਼ਾਲ ਧਰਨਾ

ਸੰਗਰੂਰ – ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ  ਦਿੱਤੇ ਸੂਬਾ ਪੱਧਰੀ ਸੱਦੇ ਤਹਿਤ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫਤਰ ਸਾਹਮਣੇ ਜ਼ੋਰਦਾਰ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਤੋਂ ਬਾਸਮਤੀ ਦਾ ਐਮ.ਐਸ.ਪੀ. ਨਿਰਧਾਰਤ ਕਰਕੇ ਖਰੀਦ ਕਰਨ, ਡੀਏਪੀ ਅਤੇ ਯੂਰੀਆ ਦੀ ਘਾਟ ਨੂੰ ਦੂਰ ਕਰਕੇ ਕਾਲਾਬਾਜ਼ਾਰੀ ਨੂੰ ਨੱਥ ਪਾਉਣ, ਗੰਨੇ ਦਾ ਭਾਅ 450/ ਰੁਪਏ ਪ੍ਰਤੀ ਕੁਇੰਟਲ ਦੇਣ ਅਤੇ ਖੰਡ ਮਿੱਲਾਂ ਇੱਕ ਨਵੰਬਰ ਤੋਂ ਚਾਲੂ ਕਰਨ, ਸ਼ੈਲਰਾਂ ਅਤੇ ਗੋਦਾਮਾਂ ਵਿਚੋਂ ਲਿਫਟਿੰਗ ਦਾ ਮਾਮਲਾ ਹੱਲ ਕਰਕੇ ਝੋਨੇ ਦੀ ਖਰੀਦ ਦਾ ਤਸੱਲੀਬਖ਼ਸ਼ ਪ੍ਰਬੰਧ ਕਰਨ, ਨਿੱਸਰ ਰਹੇ ਝੋਨੇ ਲਈ ਪਾਣੀ ਦੀ ਲੋੜ ਦੇ ਮੱਦੇਨਜ਼ਰ ਖੇਤੀ ਖੇਤਰ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਅਤੇ ਸਹਿਕਾਰੀ ਸੁਸਾਇਟੀਆਂ ’ਚ ਨਵੇਂ ਖਾਤੇ ਅਤੇ ਨਵੀਂ ਮੈਂਬਰਸ਼ਿਪ ਖੋਲ੍ਹਣ ਆਦਿ ਮਸਲਿਆਂ ਨੂੰ ਹੱਲ ਕਰਨ ਦੀ ਮੰਗ ਕੀਤੀ ਗਈ। ਉਪਰੋਕਤ ਮੰਗਾਂ ਸਬੰਧੀ ਇੱਕ ਮੰਗ ਪੱਤਰ ਡੀਸੀ ਸੰਗਰੂਰ ਰਾਹੀਂ ਪੰਜਾਬ ਸਰਕਾਰ ਨੂੰ ਭੇਜਿਆ ਗਿਆ
ਪੰਜਾਬ ਵਿੱਚ ਆਲੂਆਂ ਅਤੇ ਸਬਜ਼ੀਆਂ ਦੀ ਬਿਜਾਈ ਸ਼ੁਰੂ ਹੋਣ ਦੇ ਬਾਵਜੂਦ ਡੀਏਪੀ ਅਤੇ ਯੂਰੀਆ ਖਾਦ ਦੀ ਘਾਟ ਦਾ ਜ਼ਿਕਰ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਜ਼ਿਲ੍ਹਾ ਸਕੱਤਰ ਦਰਸ਼ਨ ਸਿੰਘ ਕੁੰਨਰਾਂ  ਨੇ ਕਿਹਾ ਕਿ ਪੰਜਾਬ ਸਰਕਾਰ ਰਬੀ ਦੇ ਸੀਜ਼ਨ ਲਈ ਖਾਦ ਦਾ ਢੁੱਕਵਾਂ ਪ੍ਰਬੰਧ ਕਰਨ ਵਿੱਚ ਅਸਫਲ ਰਹੀ ਹੈ ਸਿੱਟੇ ਵਜੋਂ ਇੱਕ ਪਾਸੇ ਸੁਸਾਇਟੀਆਂ ਵਿੱਚ ਪੱਖਪਾਤੀ ਢੰਗ ਨਾਲ ਖਾਦ ਦੀ ਵੰਡ ਹੋ ਰਹੀ ਹੈ ਅਤੇ ਖਾਦ ਦੇ ਨਾਲ ਯੂਰੀਏ ਤੇ ਡੀਏਪੀ ਦੀ ਨੈਨੋ ਖਾਦ ਦੀਆਂ ਸ਼ੀਸ਼ੀਆਂ ਧੱਕੇ ਨਾਲ ਥੋਪੀਆਂ ਜਾ ਰਹੀਆਂ ਹਨਦੂਜੇ ਪਾਸੇ ਪ੍ਰਾਈਵੇਟ ਵਿਕਰੇਤਾਵਾਂ ਵੱਲੋਂ ਕਿਸਾਨਾਂ ਨੂੰ ਮਹਿੰਗੇ ਰੇਟ ’ਤੇ ਖਾਦ ਵੇਚ ਕੇ ਛਿੱਲ ਲਾਹੀ ਜਾ ਰਹੀ ਹੈ। ਕਿਸਾਨਾਂ ਦੀ ਮਜ਼ਬੂਰੀ ਦਾ ਫਾਇਦਾ ਉਠਾਉਂਦੇ ਹੋਏ ਵਿਕਰੇਤਾਵਾਂ ਵੱਲੋਂ ਖਾਦ ਨਾਲ ਨੈਨੋ ਯੂਰੀਆ ਸਮੇਤ ਹੋਰ ਨਿੱਕ ਸੁੱਕ ਨਾਲ ਨੱਥੀ ਕਰਕੇ ਵੇਚਿਆ ਜਾ ਰਿਹਾ ਹੈ। ਇਸ ਸਾਰੀ ਕਾਲਾਬਾਜ਼ਾਰੀ ਨੂੰ ਪੰਜਾਬ ਸਰਕਾਰ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ। ਬਜ਼ਾਰ ਵਿੱਚ ਨਕਲੀ ਡੀਏਪੀ ਵੇਚਣ ਵਾਲਾ ਮਾਫੀਆ ਸਰਗਰਮ ਹੋਣ ਦਾ ਇਲਜਾਮ ਲਗਾਉਂਦੇ ਹੋਏ ਬੁਲਾਰਿਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਰਿਆਣਾ ਚੋਣਾਂ ਵਿੱਚ ਪ੍ਰਚਾਰ ਦੀ ਥਾਂ ਸੂਬੇ ਦੇ ਲੋਕਾਂ ਦੇ ਮਸਲਿਆਂ ਪ੍ਰਤੀ ਧਿਆਨ ਦੇਣ ਦੀ ਮੰਗ ਕੀਤੀ।
ਨਿਸਰ ਰਹੇ ਝੋਨੇ ਨੂੰ ਪਾਣੀ ਦੀ ਲੋੜ ਦੇ ਮੱਦੇਨਜ਼ਰ ਖੇਤੀ ਖੇਤਰ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦੀ ਮੰਗ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਕਈ ਇਲਾਕਿਆਂ ਵਿੱਚ ਬਿਜਲੀ ਦੇ ਕੱਟ ਲੱਗ ਰਹੇ ਹਨ। ਸ਼ੈਲਰਾਂ ਅਤੇ ਗੋਦਾਮਾਂ ਵਿਚੋਂ  ਲਿਫਟਿੰਗ ਨਾ ਹੋਣ ਕਾਰਨ ਜਗ੍ਹਾ ਦੀ ਤੰਗੀ ਦੇ ਕਾਰਨ ਝੋਨੇ ਦੀ ਫ਼ਸਲ ਦੇ ਮੰਡੀਆਂ ਵਿੱਚ ਰੁਲਣ ਦੀ ਸੰਭਾਵਨਾ ਦੇ ਮੱਦੇਨਜ਼ਰ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਜੇਕਰ ਝੋਨੇ ਦੀ ਖਰੀਦ ਦਾ ਢੁੱਕਵਾਂ ਅਤੇ ਸੁਚਾਰੂ ਪ੍ਰਬੰਧ ਨਾ ਕੀਤਾ ਗਿਆ ਤਾਂ ਕਿਸਾਨਾਂ ਦੇ ਸਖਤ ਰੋਹ ਦਾ ਸਾਹਮਣਾ ਕਰਨ ਲਈ ਪੰਜਾਬ ਸਰਕਾਰ ਤਿਆਰ ਰਹੇ।
ਧਰਨਿਆਂ ਦੌਰਾਨ ਗੰਨੇ ਦਾ ਭਾਅ 450/ ਰੁਪਏ ਪ੍ਰਤੀ ਕੁਇੰਟਲ ਕਰਨ ਅਤੇ ਖੰਡ ਮਿੱਲਾਂ ਇੱਕ ਨਵੰਬਰ ਤੋਂ ਚਾਲੂ ਕਰਨ ਦੇ ਨਾਲ ਨਾਲ ਸਹਿਕਾਰੀ ਸੁਸਾਇਟੀਆਂ ’ਚ ਨਵੀ ਮੈਂਬਰਸ਼ਿਪ ਅਤੇ ਨਵੇਂ ਖਾਤੇ ਖੋਲ੍ਹਣ ਦੀ ਮੰਨੀ ਗਈ ਮੰਗ ਨੂੰ ਲਾਗੂ ਕਰਨ ਦੀ ਮੰਗ ਵੀ ਕੀਤੀ ਗਈ।
ਅੱਜ ਦੇ ਰੋਸ਼ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਭਜਨ ਸਿੰਘ ਢੱਡਰੀਆਂ, ਬਲਾਕ ਸੰਗਰੂਰ ਦੇ ਪ੍ਰਧਾਨ ਸੁਖਦੇਵ ਸਿੰਘ ਉਭਾਵਾਲ, ਯੂਥ ਵਿੰਗ ਦੇ ਆਗੂ ਜਸਦੀਪ ਸਿੰਘ ਬਹਾਦਰਪੁਰ, ਬਲਾਕ ਲੌਂਗੋਵਾਲ ਦੇ ਪ੍ਰਧਾਨ ਕਰਮਜੀਤ ਸਿੰਘ ਸਤੀਪੁਰਾ, ਜ਼ਿਲ੍ਹਾ ਵਿੱਤ ਸਕੱਤਰ ਕੁਲਦੀਪ ਸਿੰਘ, ਜ਼ਿਲ੍ਹਾ ਆਗੂ ਹਰਦਮ ਸਿੰਘ ਰਾਜੋਮਾਜਰਾ, ਜੁਝਾਰ ਸਿੰਘ ਬਡਰੁੱਖਾਂ, ਗੁਰਮੇਲ ਸਿੰਘ ਉਭਾਵਾਲ, ਅਵਤਾਰ ਸਿੰਘ ਸਾਹੋਕੇ ਨੇ ਵੀ ਸੰਬੋਧਨ ਕੀਤਾ।

Related posts

ਆਧੁਨਿਕ ਤਕਨੀਕ ਨਾਲ ਛੇੜਛਾੜ ਨੂੰ ਰੋਕਣ ਲਈ ਸ਼੍ਰੋਮਣੀ ਕਮੇਟੀ ਸੁਚੇਤ – ਐਡਵੋਕੇਟ ਧਾਮੀ

admin

ਟੀਚਰ ਵਲੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ‘ਤੇ ਵਿਦਿਆਰਥਣ ਵਲੋਂ ਹੋਸਟਲ ‘ਚ ਖੁਦਕਸ਼ੀ

admin

ਸਾਹਿਰ ਲੁਧਿਆਣਵੀ ਅਤੇ ਅਮ੍ਰਿਤਾ ਪ੍ਰੀਤਮ ਦੇ ਸਬੰਧਾਂ ’ਤੇ ਆਧਾਰਿਤ ਨਾਟਕ ‘ਵੋ ਅਫਸਾਨਾ’ ਦਾ ਮੰਚਨ

admin