ਅੰਮ੍ਰਿਤਸਰ – ਖਾਲਸਾ ਕਾਲਜ ਦੇ ਕਿਸਾਨ ਸਿਖਲਾਈ ਕੇਂਦਰ ਵਿਖੇ ਟੇ੍ਰਨਿੰਗ ਕੈਂਪ ਲਗਾਇਆ ਗਿਆ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਦੇ ਸਹਿਯੋਗ ਨਾਲ ਕਰਵਾਏ ਉਕਤ ਕੈਂਪ ਮੌਕੇ ਸਿਖਿਆਰਥੀਆਂ ਨੂੰ ਖੂੰਬਾਂ ਦੀ ਕਾਸ਼ਤ, ਢੀਂਗਰੀ ਖੂੰਬਾਂ ਆਦਿ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਗਈ।ਜਿਸ ’ਚ ਖੇਤੀਬਾੜੀ ਦਫਤਰ ਨੌਸ਼ਹਿਰਾ, ਜ਼ਿਲ੍ਹਾ ਰਾਜੌਰੀ ਯੂ. ਟੀ. ਜੰਮੂ ਅਤੇ ਕਸ਼ਮੀਰ ਤੋਂ ਕਿਸਾਨਾਂ ਨੇ ਹਿੱਸਾ ਲਿਆ।
ਇਸ ਸਬੰਧੀ ਪ੍ਰਿੰ: ਡਾ. ਕਾਹਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਟੇ੍ਰਨਿੰਗ ਦੌਰਾਨ ਕਿਸਾਨ ਸਿਖਲਾਈ ਕੇਂਦਰ ਦੇ ਖੇਤੀਬਾੜੀ ਸੂਚਨਾ ਅਫਸਰ ਸ: ਜਸਵਿੰਦਰ ਸਿੰਘ ਭਾਟੀਆ ਨੇ ਸਿਖਿਆਰਥੀਆਂ ਨੂੰ ਖੂੰਬਾਂ ਦੀ ਕਾਸ਼ਤ ਅਤੇ ਢੀਂਗਰੀ ਖੂੰਬਾਂ ਦੀ ਬਿਜਾਈ ਅਤੇ ਪ੍ਰੋਸੈਸਿੰਗ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸ਼ਹਿਦ ਦੀਆਂ ਮੱਖੀਆਂ ਪਾਲਣ ਅਤੇ ਗੰਡੋਇਆਂ ਤੋਂ ਖਾਦ ਤਿਆਰ ਕਰਨ ਸਬੰਧੀ ਸਿਖਲਾਈ ਕੋਰਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਮੁਹੱਈਆ ਕਰਵਾਈ ਗਈ।ਇਸ ਦੇ ਨਾਲ ਸਿਖਿਆਰਥੀਆਂ ਨੂੰ ਪ੍ਰੋਕਟੀਕਲ ਟੇ੍ਰਨਿੰਗ ਵੀ ਦਿੱਤੀ ਗਈ।
ਇਸ ਮੌਕੇ ਸ: ਭਾਟੀਆ ਨੇ ਪ੍ਰਿੰ: ਡਾ. ਕਾਹਲੋਂ ਵੱਲੋਂ ਦਿੱਤੇ ਗਏ ਸਹਿਯੋਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਟੇ੍ਰਨਿੰਗ ਦਾ ਮੁੱਖ ਮਕਸਦ ਖੇਤੀਬਾੜੀ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ।ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਜੰਮੂ—ਕਸ਼ਮੀਰ ਸਰਕਾਰ ਦੇ ਖੇਤੀਬਾੜੀ ਉਤਪਾਦਕਾਂ ਨੂੰ ਵਧਾਉਣ ਅਤੇ ਖੇਤਰ ਦੇ ਕਿਸਾਨਾਂ ਦੇ ਜੀਵਨ ਪੱਧਰ ਨੂੰ ਸੁਧਾਰਨ ਦੇ ਯਤਨਾਂ ਦਾ ਹਿੱਸਾ ਹੈ।ਉਨ੍ਹਾਂ ਕਿਹਾ ਕਿ ਉਕਤ ਟੇ੍ਰਨਿੰਗ ਦੌਰਾਨ ਬਲਜੀਤ ਸਿੰਘ, ਦਲਵਿੰਦਰ ਸਿੰਘ, ਖੇਤੀਬਾੜੀ ਦਫਤਰ ਨੌਸ਼ਹਿਰਾ,ਜੰਮੂ—ਕਸ਼ਮੀਰ ਦਾ ਭਰਪੂਰ ਯੋਗਦਾਨ ਰਿਹਾ।