ਅਮਰੀਕਾ ਦੇ ਰਾਸ਼ਟਰਪਤੀ ਸੁਰੱਖਿਅਤ ਨਹੀਂ ਹਨ ਅਤੇ ਉਹਨਾਂ ਉਪਰ ਹਮਲਾ ਕੀਤਾ ਜਾ ਸਕਦਾ ਹੈ। ਈਰਾਨ ਨੇ ਫਿਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਾਰਨ ਦੀ ਧਮਕੀ ਦਿੱਤੀ ਹੈ। ਇੱਕ ਸੀਨੀਅਰ ਈਰਾਨੀ ਅਧਿਕਾਰੀ ਨੇ ਚੇਤਾਵਨੀ ਦਿੱਤੀ ਹੈ ਕਿ ਟਰੰਪ ਨੂੰ ਉਨ੍ਹਾਂ ਦੇ ਘਰ ਵਿੱਚ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਅਤੇ ਟਰੰਪ ਆਪਣੇ ਫਲੋਰੀਡਾ ਸਥਿਤ ਰੀਹਾਇਸ਼ ‘ਮਾਰ-ਏ-ਲਾਗੋ’ ਵਿੱਚ ਸੁਰੱਖਿਅਤ ਨਹੀਂ ਹਨ।
ਈਰਾਨ ਇੰਟਰਨੈਸ਼ਨਲ ਦੀ ਇੱਕ ਰਿਪੋਰਟ ਦੇ ਅਨੁਸਾਰ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਦੇ ਕਰੀਬੀ ਸਲਾਹਕਾਰ ਅਤੇ ਇੱਕ ਪ੍ਰਮੁੱਖ ਰਾਜਨੀਤਿਕ ਹਸਤੀ ਜਾਵੇਦ ਲਾਰੀਜਾਨੀ ਨੇ ਇੱਕ ਟੀਵੀ ਇੰਟਰਵਿਊ ਵਿੱਚ ਕਿਹਾ ਕਿ, ‘ਸੂਰਜ ਦੀ ਧੁੱਪ ਵਿੱਚ ਸੁੱਤੇ ਪਏ ਅਮਰੀਕੀ ਰਾਸ਼ਟਰਪਤੀ ‘ਤੇ ਇੱਕ ਛੋਟੇ ਡਰੋਨ ਨਾਲ ਹਮਲਾ ਕਰਨਾ ਆਸਾਨ ਹੋਵੇਗਾ। ਟਰੰਪ ਨੇ ਕੁਝ ਅਜਿਹਾ ਕੀਤਾ ਹੈ ਕਿ ਹੁਣ ਉਹ ਮਾਰ-ਏ-ਲਾਗੋ ਵਿੱਚ ਧੁੱਪ ਸੇਕ ਨਹੀਂ ਸਕਦਾ। ਜਦੋਂ ਉਹ ਢਿੱਡ ਭਾਰ ਧੁੱਪ ਵਿੱਚ ਲੇਟਿਆ ਹੁੰਦਾ ਹੈ, ਤਾਂ ਇੱਕ ਛੋਟਾ ਡਰੋਨ ਉਸ ‘ਤੇ ਕਿਸੇ ਵੀ ਸਮੇਂ ਡਿੱਗ ਸਕਦਾ ਹੈ ਅਤੇ ਇਹ ਬਹੁਤ ਆਸਾਨ ਹੈ।’
ਜਾਵੇਦ ਲਾਰੀਜਾਨੀ ਦਾ ਇਹ ਬਿਆਨ ਇੱਕ ਫੰਡਿੰਗ ਪਲੇਟਫਾਰਮ ਦੁਆਰਾ ਟਰੰਪ ‘ਤੇ ਇਨਾਮ ਦੀ ਪੇਸ਼ਕਸ਼ ਤੋਂ ਬਾਅਦ ਆਇਆ ਹੈ। ਇਹ ਪਲੇਟਫਾਰਮ ਜਿਸਨੂੰ ਫਾਰਸੀ ਵਿੱਚ ਬਲੱਡ ਪੈਕਟ ਜਾਂ ਅਹਦੇ ਖੂਨ ਕਿਹਾ ਜਾਂਦਾ ਹੈ, ਉਨ੍ਹਾਂ ਲੋਕਾਂ ਵਿਰੁੱਧ ਬਦਲਾ ਲੈਣ ਲਈ ਸਥਾਪਤ ਕੀਤਾ ਗਿਆ ਹੈ ਜੋ ਈਰਾਨ ਦੇ ਸੁਪਰੀਮ ਲੀਡਰ ਅਲੀ ਖਮੇਨੀ ਦਾ ਮਜ਼ਾਕ ਉਡਾਉਂਦੇ ਹਨ ਅਤੇ ਧਮਕੀਆਂ ਦਿੰਦੇ ਹਨ। 7 ਜੁਲਾਈ ਦੀ ਸ਼ਾਮ ਤੱਕ ਇਸ ਸਾਈਟ ਨੇ 20 ਮਿਲੀਅਨ ਡਾਲਰ ਤੋਂ ਵੱਧ ਇਕੱਠੇ ਕਰਨ ਦਾ ਦਾਅਵਾ ਕੀਤਾ ਹੈ। ਹੁਣ ਤੱਕ ਇਸ ਫੰਡ ਵਿੱਚ ਕੁੱਲ ਰਕਮ 27 ਮਿਲੀਅਨ ਡਾਲਰ ਤੋਂ ਵੱਧ ਇਕੱਠੀ ਹੋ ਗਈ ਹੈ। ਇਸ ਦਾ ਉਦੇਸ਼ ਟਰੰਪ ਦੀ ਹੱਤਿਆ ਲਈ 100 ਮਿਲੀਅਨ ਡਾਲਰ ਦਾ ਇਨਾਮ ਇਕੱਠਾ ਕਰਨਾ ਹੈ।
ਬਲੱਡ ਪੈਕਟ ਜਾਂ ਅਹਦੇ ਖੂਨ ਪਲੇਟਫਾਰਮ ਦੇ ਹੋਮਪੇਜ ‘ਤੇ ਇੱਕ ਸੰਦੇਸ਼ ਵਿੱਚ ਲਿਖਿਆ ਹੈ ਕਿ, ‘ਅਸੀਂ ਕਿਸੇ ਵੀ ਉਸ ਵਿਅਕਤੀ ਨੂੰ ਇਨਾਮ ਦੇਣ ਦਾ ਵਾਅਦਾ ਕਰਦੇ ਹਾਂ ਜੋ ਰੱਬ ਦੇ ਦੁਸ਼ਮਣਾਂ ਅਤੇ ਅਲੀ ਖਮੇਨੀ ਦੀ ਜਾਨ ਨੂੰ ਖ਼ਤਰਾ ਪੈਦਾ ਕਰਨ ਵਾਲਿਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਂਦਾ ਹੈ।’ ਸਾਲ 2020 ਵਿੱਚ ਇਰਾਕ ਵਿੱਚ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਦੇ ਕਮਾਂਡਰ ਕਾਸਿਮ ਸੁਲੇਮਾਨੀ ਦੀ ਹੱਤਿਆ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵਾਰ-ਵਾਰ ਜਾਨੋ ਮਾਰਨ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਾਲ 1989 ਵਿੱਚ ਈਰਾਨ ਦੇ ਸਾਬਕਾ ਲੀਡਰ ਰੂਹੁੱਲਾ ਖੋਮੇਨੀ ਨੇ ਬ੍ਰਿਟਿਸ਼ ਲੇਖਕ ਸਲਮਾਨ ਰਸ਼ਦੀ ਦੇ ਖਿਲਾਫ ਉਸਦੇ ਨਾਵਲ ‘ਦ ਸੈਟੇਨਿਕ ਵਰਸੇਜ਼’ ਦੇ ਵਿੱਚ ਇਸਲਾਮ ਧਰਮ ਦੀ ਨਿੰਦਾ ਕਰਨ ਦੇ ਦੋਸ਼ ਵਿੱਚ ਇੱਕ ਫਤਵਾ ਜਾਰੀ ਕੀਤਾ ਗਿਆ ਸੀ। ਕਈ ਦਹਾਕਿਆਂ ਤੱਕ ਸਖ਼ਤ ਸੁਰੱਖਿਆ ਦੇ ਹੇਠ ਰਹਿਣ ਦੇ ਬਾਵਜੂਦ, ਸਾਲ 2022 ਦੇ ਵਿੱਚ ਨਿਊਯਾਰਕ ਵਿੱਚ ਇੱਕ ਹਮਲਾਵਰ ਨੇ ਚਾਕੂ ਨਾਲ ਹਮਲਾ ਕਰਕੇ ਸਲਮਾਨ ਰਸ਼ਦੀ ਦੀ ਇੱਕ ਅੱਖ ਕੱਢ ਦਿੱਤੀ ਸੀ। ਇਹ ਹਮਲਾ ਖੋਮੇਨੀ ਦੇ ਫਤਵੇ ਨਾਲ ਜੁੜਿਆ ਹੋਇਆ ਸੀ।