ਵਾਸ਼ਿੰਗਟਨ – ਦੱਖਣੀ ਚੀਨ ਸਾਗਰ ਵਿਚ ਚੀਨ ਦੀਆਂ ਵਧਦੀਆਂ ਸਰਗਰਮੀਆਂ ਅਤੇ ਉਸ ਦੇ ਹਮਲਾਵਰ ਰੁਖ਼ ਦਰਮਿਆਨ ‘ਕੁਆਡ’ ਮੁਲਕਾਂ ਦੇੇ ਵਿਦੇਸ਼ ਮੰਤਰੀਆਂ ਨੇ ਸਾਫ਼ ਕਰ ਦਿੱਤਾ ਕਿ ਉਹ ਖਿੱਤੇ ਦੀ ਮੌਜੂਦਾ ਸਥਿਤੀ ਵਿਚ ਬਦਲਾਅ ਦੀ ਕਿਸੇ ਵੀ ਇਕਪਾਸੜ ਕੋਸ਼ਿਸ਼ ਦਾ ‘ਜ਼ੋਰਦਾਰ ਢੰਗ ਨਾਲ ਵਿਰੋਧ’ ਕਰਨਗੇ। ‘ਕੁਆਡ’ ਵਿਚ ਸ਼ਾਮਲ ਚਾਰ ਮੁਲਕਾਂ ਭਾਰਤ, ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਨੇ ਕਿਹਾ ਕਿ ਉਹ ਕੌਮਾਂਤਰੀ ਕਾਨੂੰਨਾਂ ਨੂੰ ਕਾਇਮ ਰੱਖਣ ਲਈ ਵਚਨਬੱਧ ਹਨ। ਰਾਸ਼ਟਰਪਤੀ ਡੋਨਲਡ ਟਰੰਪ ਦੇ ਹਲਫ਼ਦਾਰੀ ਸਮਾਗਮ ਤੋਂ ਇਕ ਦਿਨ ਮਗਰੋਂ ‘ਕੁਆਡ’ ਦੇ ਵਿਦੇਸ਼ ਮੰਤਰੀਆਂ ਨੇ ਵਾਸ਼ਿੰਗਟਨ ਡੀਸੀ ਵਿਚ ਬੈਠਕ ਕੀਤੀ। ਬੈਠਕ ਵਿਚ ਅਮਰੀਕਾ ਦੇ ਨਵੇਂ ਵਿਦੇਸ਼ ਮੰਤਰੀ ਮਾਰਕੋ ਰੂਬੀਓ, ਭਾਰਤ ਦੇ ਐੱਸ ਜੈਸ਼ੰਕਰ, ਆਸਟ੍ਰੇਲੀਆ ਦੇ ਪੈਨੀ ਵੌਂਗ ਅਤੇ ਜਾਪਾਨ ਦੇ ਇਵਾਇਆ ਤਾਕੇਸ਼ੀ ਹਾਜ਼ਰ ਸਨ। ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਜਾਰੀ ਸਾਂਝੇ ਬਿਆਨ ਵਿਚ ਚਾਰ ਮੁਲਕਾਂ ਵੱਲੋਂ ‘ਕੁਆਡ’ ਨੂੰ ਅੱਗੇ ਲਿਜਾਣ ਦੀ ਯੋਜਨਾ ਬਾਰੇ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਮੌਜੂਦਾ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਦਾ ਵਿਰੋਧ ਕੀਤਾ ਜਾਵੇਗਾ।
previous post