ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕੁਐਡ ਦੇ ਨੇਤਾਵਾਂ ਨਾਲ ਸਕਾਰਾਤਮਕ ਗੱਲਬਾਤ ਕੀਤੀ ਹੈ। ਵ੍ਹਾਈਟ ਹਾਊਸ ਮੁਤਾਬਕ ਕੁਐਡ ਨੇਤਾ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ, ਜਾਪਾਨੀ ਪ੍ਰਧਾਨ ਮੰਤਰੀ ਫਿਊਮੀਓ ਕਿਸ਼ਿਦਾ ਤੇ ਪੀਐੱਮ ਨਰਿੰਦਰ ਮੋਦੀ ਨੇ ਇਕ ਵਰਚੁਅਲ ਬੈਠਕ ’ਚ ਯੂਕਰੇਨ ’ਤੇ ਰੂਸ ਦੇ ਹਮਲੇ ’ਤੇ ਡੂੰਘੀ ਵਿਚਾਰ-ਚਰਚਾ ਕੀਤੀ। ਨਾਲ ਹੀ ਇਸ ਪੂਰਬੀ ਯੂਰਪੀ ਦੇਸ਼ ’ਤੇ ਛਾਏ ਮਨੁੱਖੀ ਅਧਿਕਾਰ ਸੰਕਟ ਬਾਰੇ ਚਿੰਤਾ ਪ੍ਰਗਟਾਈ।
ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਮੰਨਦੇ ਹਨ ਕਿ ਗੱਲਬਾਤ ਕਾਫ਼ੀ ਸਕਾਰਾਤਮਕ ਰਹੀ ਹੈ। ਕੁਐਡ ਨੇਤਾਵਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਹਿੰਦ-ਪ੍ਰਸ਼ਾਂਤ ਖੇਤਰ ਨੂੰ ਸੁਤੰਤਰ ਤੇ ਖੁੱਲ੍ਹਾ ਰੱਖਣ ਦੀ ਜ਼ਰੂਰਤ ਹੈ। ਨਾਲ ਹੀ ਸਾਰਿਆਂ ਨੇ ਇਸ ਗੱਲ ਦੀ ਸਹਿਮਤੀ ਪ੍ਰਗਟਾਈ ਸਾਰੇ ਮੈਂਬਰ ਅਗਲੇ ਸਾਲ ਜਾਪਾਨ ’ਚ ਨਿੱਜੀ ਤੌਰ ’ਤੇ ਸ਼ਾਮਿਲ ਹੋ ਕੇ ਬੈਠਕ ਕਰਨਗੇ। ਬੈਠਕ ਤੋਂ ਬਾਅਦ ਬਾਇਡਨ ਨੇ ਟਵੀਟ ਕਰ ਕੇ ਦੱਸਿਆ ਕਿ ਉਹ ਕੁਐਡ ਨੇਤਾਵਾਂ ਦੇ ਆਪਣੇ ਸਾਥੀਆਂ ਪੀਐੱਮ ਸਕੌਟ ਮੌਰਿਸਨ, ਪੀਐੱਮ ਨਰਿੰਦਰ ਮੋਦੀ ਤੇ ਪੀਐੱਮ ਕਿਸ਼ਿਦਾ ਨੂੰ ਮਿਲੇ। ਨਾਲ ਹੀ ਯੂਕਰੇਨ ਖ਼ਿਲਾਫ਼ ਰੂਸ ਦੇ ਜੰਗ ਛੇੜਣ ਦੇ ਮੁੱਦੇ ’ਤੇ ਡੂੰਘੀ ਵਿਚਾਰ-ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਹਿੰਦ-ਪ੍ਰਸ਼ਾਂਤ ਮਹਾਸਾਗਰ ਖੇਤਰ ਸਮੇਤ ਵਿਸ਼ਵ ਦੇ ਸਾਰੇ ਦੇਸ਼ਾਂ ਦੀ ਖ਼ੁਦਮੁਖ਼ਤਿਆਰੀ ਦਾ ਸਨਮਾਨ ਕਰਦੇ ਹਾਂ। ਬਾਇਡਨ ਨੇ ਇਹ ਵੀ ਸੁਝਾਅ ਦਿੱਤਾ ਕਿ ਰਾਸ਼ਟਰ ਮੁਖੀਆਂ ਦੀ ਬੈਠਕ ਤੋਂ ਬਾਅਦ ਮੈਂਬਰ ਦੇਸ਼ਾਂ ਦੇ ਐੱਨਐੱਸਏ ਦੀ ਵੀ ਬੈਠਕ ਹੋਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਨਵੰਬਰ, 2017 ’ਚ ਅਮਰੀਕਾ, ਆਸਟ੍ਰੇਲੀਆ, ਭਾਰਤ ਤੇ ਜਾਪਾਨ ਨੇ ਮਿਲ ਕੇ ਕੁਐਡ ਦਾ ਗਠਨ ਕੀਤਾ ਸੀ। ਇਨ੍ਹਾਂ ਦਾ ਮਕਸਦ ਹਿੰਦ-ਪ੍ਰਸ਼ਾਂਤ ਮਹਾਸਾਗਰ ਖੇਤਰ ਦੇ ਸਮੁੰਦਰੀ ਜਲ ਮਾਰਗਾਂ ਨੂੰ ਸੁਰੱਖਿਅਤ ਰੱਖਣਾ ਤੇ ਰਣਨੀਤਕ ਖੇਤਰਾਂ ’ਚ ਚੀਨ ਦੀ ਵਧਦੀ ਫ਼ੌਜੀ ਮੌਜੂਦਗੀ ਦੇ ਅਸਰ ਨੂੰ ਘੱਟ ਕਰਨਾ ਹੈ।