ਕੁੱਲੂ – ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ’ਚ ਸੋਮਵਾਰ ਨੂੰ ਵੱਡਾ ਹਾਦਸਾ ਵਾਪਰਿਆ। ਹਾਦਸੇ ’ਚ ਸਕੂਲੀ ਬੱਚਿਆਂ ਸਮੇਤ 16 ਲੋਕਾਂ ਦੀ ਮੌਤ ਹੋ ਗਈ ਹੈ। ਕਈ ਲੋਕ ਜ਼ਖ਼ਮੀ ਵੀ ਹੋਏ ਹਨ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ। ਨੇੜੇ-ਤੇੜੇ ਦੇ ਲੋਕਾਂ ਨਾਲ ਮਿਲ ਕੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਕੁੱਲੂ ਜ਼ਿਲ੍ਹੇ ਦੇ ਸ਼ੈਂਸ਼ਰ ’ਚ ਇਕ ਨਿੱਜੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ’ਚ ਇਕ ਦਰਜਨ ਤੋਂ ਜ਼ਿਆਦਾ ਲੋਕਾਂ ਦੀ ਮੌਤ ਦੀ ਸੂਚਨਾ ਹੈ। ਬੱਸ ਜਾਂਗਲਾ ਪਿੰਡ ਤੋਂ ਕਰੀਬ 200 ਮੀਟਰ ਹੇਠਾਂ ਡਿੱਗੀ। ਅਜਿਹੀ ਸੂਚਨਾ ਹੈ ਕਿ ਹਾਦਸੇ ਦਾ ਸ਼ਿਕਾਰ ਸਕੂਲੀ ਬੱਚੇ ਵੀ ਹੋਏ ਹਨ। ਬੱਸ ਦੇ ਅੰਦਰ ਲਾਸ਼ਾਂ ਫਸੀਆਂ ਹੋਈਆਂ ਹਨ। ਹਾਦਸਾ ਸੋਮਵਾਰ ਸਵੇਰੇ ਕਰੀਬ 8.45 ਵਜੇ ਵਾਪਰਿਆ। ਬੱਸ ਸ਼ੈਂਸ਼ਰ ਤੋਂ ਓਟ ਜਾ ਰਹੀ ਸੀ। ਡਿਪਟੀ ਕਮਿਸ਼ਨਰ ਕੁੱਲੂ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਬੱਸ ਹਾਦਸੇ ’ਚ 16 ਲੋਕਾਂ ਦੀ ਮੌਤ ਦੀ ਸੂਚਨਾ ਹੈ। ਜ਼ਖ਼ਮੀਆਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।
ਮੋਦੀ ਵੱਲੋਂ ਦੁੱਖ ਪ੍ਰਗਟਾਉਂਦਿਆਂ ਮਿ੍ਰਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਦੇਣ ਦਾ ਐਲਾਨ
ਹਿਮਾਚਲ ਪ੍ਰਦੇਸ਼ ਦੇ ਕੁੱਲੂ ’ਚ ਅੱਜ ਸਵੇਰੇ ਇਕ ਨਿੱਜੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ’ਚ 16 ਲੋਕਾਂ ਦੀ ਮੌਤ ਹੋ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ ਪ੍ਰਦੇਸ਼ ਦੇ ਕੁੱਲੂ ’ਚ ਇਸ ਭਿਆਨਕ ਵਾਪਰੇ ਬੱਸ ਹਾਦਸੇ ਨੂੰ ਲੈ ਕੇ ਡੂੰਘਾ ਦੁੱਖ ਜ਼ਾਹਰ ਕੀਤਾ ਹੈ। ਪ੍ਰਧਾਨ ਮੰਤਰੀ ਦਫ਼ਤਰ ਵਲੋਂ ਜਾਰੀ ਟਵੀਟ ’ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ,‘‘ਹਿਮਾਚਲ ਪ੍ਰਦੇਸ਼ ਦੇ ਕੁੱਲੂ ’ਚ ਵਾਪਰਿਆ ਬੱਸ ਹਾਦਸਾ ਦਿਲ ਦਹਿਲਾ ਦੇਣ ਵਾਲਾ ਹੈ। ਇਸ ਦੁਖ਼ਦ ਘੜੀ ’ਚ ਮੇਰੀ ਹਮਦਰਦੀ ਮਿ੍ਰਤਕ ਪਰਿਵਾਰਾਂ ਨਾਲ ਹੈ। ਜ਼ਖ਼ਮੀਆਂ ਦੇ ਛੇਤੀ ਠੀਕ ਹੋਣ ਦੀ ਉਮੀਦ ਕਰਦਾ ਹਾਂ। ਸਥਾਨਕ ਪ੍ਰਸ਼ਾਸਨ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵਵ ਮਦਦ ਪ੍ਰਦਾਨ ਕਰ ਰਿਹਾ ਹੈ।’’ ਪ੍ਰਧਾਨ ਮੰਤਰੀ ਨੇ ਹਾਦਸੇ ’ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ।