India

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਪਹਿਲੇ ਪੜਾਅ ਦੇ 124 ਪੀਐੱਮ ਸ਼੍ਰੀ ਸਕੂਲਾਂ ਦਾ ਉਦਘਾਟਨ ਕੀਤਾ

ਰੋਹਤਕ – ਕੇਂਦਰੀ ਸਿੱਖਿਆ ਅਤੇ ਹੁਨਰ ਵਿਕਾਸ ਅਤੇ ਉੱਦਮਤਾ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਹਰਿਆਣਾ ਦੇ ਮੁੱਖ ਮੰਤਰੀ, ਸ਼੍ਰੀ ਮਨੋਹਰ ਲਾਲ ਖੱਟਰ ਦੇ ਨਾਲ ਅੱਜ 25 ਅਕਤੂਬਰ 2023 ਨੂੰ ਰੋਹਤਕ, ਹਰਿਆਣਾ ਵਿੱਚ ਪਹਿਲੇ ਪੜਾਅ ਵਿੱਚ ਰਾਜ ਦੇ 124 ਪੀਐੱਮ ਸ਼੍ਰੀ ਵਿਦਿਆਲਿਆਂ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਦੇ ਟੈਗੋਰ ਆਡੀਟੋਰੀਅਮ ਤੋਂ ਸਿੱਖਿਆ ਵਿਭਾਗ ਦੀ ਸਕੂਲ ਐਪ ਅਤੇ ਨਿਪੁਨ ਪ੍ਰੋਗਰਾਮ ਦੀ ਮੋਬਾਈਲ ਐਪਲੀਕੇਸ਼ਨ ਵੀ ਲਾਂਚ ਕੀਤੀ।

ਪੀਐੱਮ ਸ਼੍ਰੀ ਵਿਦਿਆਲਿਆਂ ਦੇ ਉਦਘਾਟਨ ਮੌਕੇ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਰਾਸ਼ਟਰੀ ਸਿੱਖਿਆ ਨੀਤੀ 21ਵੀਂ ਸਦੀ ਦੇ ਭਾਰਤ ਨੂੰ ਇੱਕ ਨਵੀਂ ਦਿਸ਼ਾ ਦੇਣ ਜਾ ਰਹੀ ਹੈ ਅਤੇ ਅਸੀਂ ਉਨ੍ਹਾਂ ਪਲਾਂ ਦਾ ਹਿੱਸਾ ਬਣਨ ਜਾ ਰਹੇ ਹਾਂ, ਜੋ ਸਾਡੇ ਦੇਸ਼ ਦੀ ਨੌਜਵਾਨ ਪੀੜ੍ਹੀ ਦੇ ਭਵਿੱਖ ਦੇ ਨਿਰਮਾਣ ਦੀ ਨੀਂਹ ਰੱਖ ਰਹੇ ਹਨ। ਹਰਿਆਣਾ ਰਾਜ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕੀਤੇ ਗਏ ਸ਼ਲਾਘਾਯੋਗ ਕੰਮ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਹਰਿਆਣਾ ਰਾਜ ਦੇਸ਼ ਵਿੱਚ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸੂਬਾ ਬਣ ਕੇ ਉਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜ ਵਿੱਚ ਪਾਰਦਰਸ਼ੀ ਅਧਿਆਪਕ ਭਰਤੀ ਅਤੇ ਔਨਲਾਈਨ ਤਬਾਦਲਾ ਨੀਤੀ ਸਬੰਧੀ ਸ਼ਲਾਘਾਯੋਗ ਕਦਮ ਚੁੱਕੇ ਗਏ ਹਨ। 90 ਫੀਸਦੀ ਅਧਿਆਪਕ ਔਨਲਾਈਨ ਤਬਾਦਲੇ ਤੋਂ ਸੰਤੁਸ਼ਟ ਹਨ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਮਿਲ ਕੇ ਸਿਸਟਮ ਵਿੱਚ ਸੁਧਾਰ ਕਰਨ ਅਤੇ ਸਿੱਖਿਆ ਵਿਭਾਗ ਦੇ ਪ੍ਰੋਗਰਾਮਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਲਈ ਕੰਮ ਕਰ ਰਹੀਆਂ ਹਨ, ਇਸ ਨਾਲ ਸਿੱਖਿਆ ਦੇ ਖੇਤਰ ਵਿੱਚ ਵਿਆਪਕ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਵਿੱਚ ਸਕਿੱਲ ਅਤੇ ਟੈਕਨੋਲੋਜੀ ਅਧਾਰਿਤ ਸਿੱਖਿਆ ਅਤੇ ਮਾਤ ਭਾਸ਼ਾ ਨੂੰ ਉਤਸ਼ਾਹਿਤ ਕੀਤਾ ਗਿਆ ਹੈ। ਉਨ੍ਹਾਂ ਏਸ਼ਿਆਈ ਖੇਡਾਂ ਵਿੱਚ ਹਰਿਆਣਾ ਦੇ ਖਿਡਾਰੀਆਂ ਦੁਆਰਾ ਜਿੱਤੇ ਗਏ ਮੈਡਲਾਂ ਦੀ ਸ਼ਲਾਘਾ ਕੀਤੀ। ਪੀਐੱਮ ਸ਼੍ਰੀ ਸਕੂਲਾਂ ਦੇ ਤਹਿਤ, ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੇਂਦਰ ਵਲ੍ਹੋਂ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ।

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਰਾਜ ਵਿੱਚ ਸ਼ੁਰੂ ਕੀਤੇ ਗਏ ਚਾਰ ਹਜ਼ਾਰ ਪਲੇ ਵੇਅ ਸਕੂਲ ਹੁਣ ਬਾਲ ਵਾਟਿਕਾ ਸਕੂਲ ਵਜੋਂ ਜਾਣੇ ਜਾਣਗੇ। ਆਉਣ ਵਾਲੇ ਸਮੇਂ ਵਿੱਚ ਸਰਕਾਰ ਦੁਆਰਾ ਇਸ ਤਰ੍ਹਾਂ ਦੇ ਹੋਰ ਸਕੂਲ ਵੀ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਖੇਡਾਂ ਰਾਹੀਂ ਸਿੱਖਿਆ ਪ੍ਰਦਾਨ ਕਰਨ ਲਈ ਆਂਗਣਵਾੜੀ ਕੇਂਦਰਾਂ ਨੂੰ ਵੀ ਸਕੂਲਾਂ ਵਿੱਚ ਤਬਦੀਲ ਕੀਤਾ ਗਿਆ ਹੈ। ਸੂਬੇ ਵਿੱਚ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਪਹਿਲੇ ਪੜਾਅ ਵਿੱਚ ਨਵੇਂ ਸੈਸ਼ਨ ਤੋਂ 124 ਪੀਐੱਮ ਸ਼੍ਰੀ ਸਕੂਲ ਖੋਲ੍ਹੇ ਜਾਣਗੇ ਅਤੇ ਦੂਸਰੇ ਪੜਾਅ ਵਿੱਚ 128 ਸਕੂਲ ਖੁੱਲ੍ਹਣ ਨਾਲ ਇਨ੍ਹਾਂ ਸਕੂਲਾਂ ਦੀ ਸੰਖਿਆ ਵਧ ਕੇ 252 ਹੋ ਜਾਵੇਗੀ। ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਕਿਹਾ ਕਿ ਇਹ ਸਿੱਖਿਆ ਹੀ ਹੈ ਜੋ ਨੌਜਵਾਨ ਪੀੜ੍ਹੀ ਅਤੇ ਦੇਸ਼ ਦੀ ਕਿਸਮਤ ਨੂੰ ਬਦਲਣ ਦੀ ਤਾਕਤ ਰੱਖਦੀ ਹੈ। ਜਿਨ੍ਹਾਂ ਲਕਸ਼ਾਂ ਨਾਲ ਦੇਸ਼ ਅੱਗੇ ਵੱਧ ਰਿਹਾ ਹੈ, ਉਨ੍ਹਾਂ ਲਕਸ਼ਾਂ ਦੀ ਪ੍ਰਾਪਤੀ ਵਿੱਚ ਸਿੱਖਿਆ ਦੀ ਅਹਿਮ ਭੂਮਿਕਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦਾ ਉਨ੍ਹਾਂ ਦੀ ਪ੍ਰਤਿਭਾ ਦੇ ਅਧਾਰ ‘ਤੇ ਆਂਕਲਨ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੰਗੇ ਸੰਸਕਾਰਾਂ ਅਤੇ ਵਿਹਾਰ ਦੇ ਨਾਲ-ਨਾਲ ਬੱਚਿਆਂ ਨੂੰ ਆਪਣੇ ਇਤਿਹਾਸ ਅਤੇ ਸੱਭਿਆਚਾਰ ਤੋਂ ਜਾਣੂ ਹੋਣਾ ਅਤੇ ਉਸ ਨਾਲ ਜੁੜਨਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਸਿੱਖਿਆ ਨੀਤੀ ਜ਼ਰੀਏ ਰੋਜ਼ਗਾਰ ਮੁਖੀ ਸਿੱਖਿਆ ਲਈ ਨਵੇਂ ਪ੍ਰਬੰਧ ਕੀਤੇ ਹਨ।

ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਸੂਬਾ ਸਰਕਾਰ ਨੇ ਮੌਡਲ ਕਲਚਰ ਸਕੂਲਾਂ ਦੀ ਸੰਖਿਆ 22 ਤੋਂ ਵਧਾ ਕੇ 147 ਕਰ ਦਿੱਤੀ ਹੈ। ਪਹਿਲੇ ਪੜਾਅ ਵਿੱਚ, ਪੀਐੱਮ ਸ਼੍ਰੀ ਦੇ 124 ਸਕੂਲਾਂ ਲਈ ਕੇਂਦਰ ਸਰਕਾਰ ਦੁਆਰਾ 85 ਕਰੋੜ ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਗਈ ਹੈ। ਦੂਸਰੇ ਪੜਾਅ ਲਈ 128 ਪੀਐੱਮ ਸ਼੍ਰੀ ਸਕੂਲਾਂ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਸੂਬੇ ਵਿੱਚ ਸ਼ੁਰੂ ਕੀਤੀ ਗਈ ਸੁਪਰ 100 ਸਕੀਮ ਦੇ ਸਾਰਥਕ ਨਤੀਜਿਆਂ ਦੀ ਚਰਚਾ ਕਰਦਿਆਂ ਉਨ੍ਹਾਂ ਦੱਸਿਆ ਕਿ ਹੁਣ ਤੱਕ 252 ਗਰੀਬ ਬੱਚੇ ਨੀਟ (NEET) ਵਿੱਚ ਚੁਣੇ ਗਏ ਹਨ, 127 ਬੱਚੇ ਆਈਆਈਟੀ (IIT) ਵਿੱਚ ਅਤੇ 26 ਬੱਚੇ ਐੱਮਬੀਬੀਐੱਸ ਕੋਰਸਾਂ ਵਿੱਚ ਚੁਣੇ ਗਏ ਹਨ।

ਸਮਾਗਮ ਵਾਲੀ ਥਾਂ ’ਤੇ ਸਕੂਲ ਸਿੱਖਿਆ ਵਿਭਾਗ ਦੇ ਅਹਿਮ ਪ੍ਰੋਗਰਾਮਾਂ ’ਤੇ ਅਧਾਰਿਤ ਪ੍ਰਦਰਸ਼ਨੀ ਲਗਾਈ ਗਈ। ਪ੍ਰਦਰਸ਼ਨੀ ਵਿੱਚ ਮੁੱਖ ਮਹਿਮਾਨ ਖਾਸ ਤੌਰ ‘ਤੇ ਪੀਐੱਮ ਸ਼੍ਰੀ, ਨਿਪੁਨ ਹਰਿਆਣਾ, ਸਿਹਤ, ਈ-ਲਰਨਿੰਗ, ਕੁਇਜ਼ ਕਲੱਬ, ਸੁਪਰ 100, ਐੱਨਡੀਏ ਕੋਚਿੰਗ, ਸੈਰ-ਸਪਾਟਾ ਟੂਰਾਂ, ਵਿਗਿਆਨ ਅਤੇ ਗਣਿਤ ਦੇ ਪ੍ਰਚਾਰ ਨਾਲ ਸਬੰਧਿਤ ਪ੍ਰੋਗਰਾਮਾਂ ਅਤੇ ਐੱਨਐੱਸਕਿਊਐੱਫ ਆਦਿ ਨਾਲ ਸਬੰਧਿਤ ਸਟਾਲਾਂ ‘ਤੇ ਪਹੁੰਚੇ ਅਤੇ ਉੱਥੇ ਉਨ੍ਹਾਂ ਨੇ ਅਧਿਕਾਰੀਆਂ ਤੋਂ ਜਾਣਕਾਰੀ ਲਈ।

ਇਸ ਮੌਕੇ ਲੋਕ ਸਭਾ ਮੈਂਬਰ ਡਾ. ਅਰਵਿੰਦ ਸ਼ਰਮਾ, ਰਾਜ ਸਭਾ ਮੈਂਬਰ ਡੀਪੀ ਵਤਸ ਸਮੇਤ ਕਈ ਹੋਰ ਅਧਿਕਾਰੀ ਅਤੇ ਪਤਵੰਤੇ ਹਾਜ਼ਰ ਸਨ |

Related posts

ਪ੍ਰਧਾਨ ਮੰਤਰੀ ਸੂਰਿਆ ਘਰ ਯੋਜਨਾ: ਘਰਾਂ ‘ਤੇ 30 ਲੱਖ ਸੋਲਰ ਲਾਉਣ ਦਾ ਟੀਚਾ ਪੂਰਾ

admin

ਹੁਣ ਭਾਰਤ ਦੇ ਛੋਟੇ ਸ਼ਹਿਰਾਂ ਵਿੱਚ 70 ਫੀਸਦੀ ਰੁਜ਼ਗਾਰ ਦੇ ਮੌਕੇ

admin

ਆਈਫੋਨ 2025 ਵਿੱਚ ਭਾਰਤ ਦਾ ਸਭ ਤੋਂ ਵੱਧ ਨਿਰਯਾਤ ਉਤਪਾਦ ਬਣਿਆ

admin