ਅੰਮ੍ਰਿਤਸਰ: ਹਾਕੀ ਦੇ ਖੇਤਰ ‘ਚ ਨਾਮਣਾ ਖੱਟਣ ਵਾਲੇ ਹਾਕੀ ਓਲੰਪੀਅਨ ਬਲਬੀਲ ਸਿੰਘ ਸੀਨੀਅਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ‘ਚ ਸਥਾਪਿਤ ਕੀਤੀ ਜਾਵੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਐੱਸਜੀਪੀਸੀ ਹਾਕੀ ਖਿਡਾਰੀ ਪਦਮਸ਼੍ਰੀ ਬਲਬੀਰ ਸਿੰਘ ਸੀਨੀਅਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਸਥਾਪਤ ਕਰੇਗੀ।
ਉਨ੍ਹਾਂ ਕਿਹਾ ਕਿ ਭਾਰਤ ਨੂੰ ਤਿੰਨ ਵਾਰ ਸੋਨੇ ਦਾ ਮੈਡਲ ਦਿਵਾਉਣ ‘ਚ ਸਹਿਯੋਗੀ ਰਹੇ ਬਲਬੀਰ ਸਿੰਘ ਨੇ ਹਾਕੀ ਵਿਚ ਦੇਸ਼ ਤੇ ਸਿੱਖ ਕੌਮ ਦਾ ਨਾਂਅ ਦੁਨੀਆ ਭਰ ਵਿਚ ਉੱਚਾ ਕੀਤਾ ਹੈ।
ਬਲਬੀਰ ਸਿੰਘ ਸੀਨੀਅਰ ਦਾ ਪਿਛਲੇ ਦਿਨੀਂ 96 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਹਾਕੀ ਦੇ ਖੇਤਰ ‘ਚ ਵੱਡੀਆਂ ਮੱਲਾਂ ਮਾਰੀਆਂ ਸਨ। ਲੌਂਗੋਵਾਲ ਨੇ ਕਿਹਾ ਕਿ ਬਲਬੀਰ ਸਿੰਘ ਸੀਨੀਅਰ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਹਨ। ਇਸ ਲਈ ਐਸਜੀਪੀਸੀ ਨੇ ਉਨ੍ਹਾਂ ਦੇ ਸਨਮਾਨ ਲਈ ਇਹ ਫੈਸਲਾ ਕੀਤਾ ਹੈ।