ਨਵੀਂ ਦਿੱਲੀ – ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਪੰਜਾਬ ਦੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਝੋਨੇ ਦਾ ਹਰ ਦਾਣਾ ਖਰੀਦਣਗੇ ਤੇ ਉਹ ਇਸ ਸਬੰਧ ਵਿਚ ਫੈਲਾਈਆਂ ਜਾ ਰਹੀਆਂ ਅਫਵਾਹਾਂ ’ਤੇ ਵਿਸ਼ਵਾਸ ਨਾ ਕਰਨ। ਉਨ੍ਹਾਂ ਸੂਬੇ ਦੇ ਕਿਸਾਨਾਂ ਨੂੰ ਕਿਹਾ,‘ ਕੇਂਦਰ ਝੋਨੇ ਦਾ ਇੱਕ-ਇੱਕ ਦਾਣਾ ਖਰੀਦੇਗਾ ਅਤੇ ਉਨ੍ਹਾਂ ਦਾ ਸਮੇਂ ਸਿਰ ਭੁਗਤਾਨ ਕਰੇਗਾ।’ ਇਹ ਕਿਹਾ ਜਾ ਰਿਹਾ ਹੈ ਕਿ ਕੇਂਦਰ ਕੋਲ ਸਟਾਕ ਕਰਨ ਲਈ ਜਗ੍ਹਾ ਦੀ ਘਾਟ ਹੈ ਪਰ ਝੋਨੇ ਦੀ ਖਰੀਦ ਜਾਂ ਸਟੋਰੇਜ ਨੂੰ ਲੈ ਕੇ ਕੋਈ ਸੰਕਟ ਨਹੀਂ ਹੈ ਅਤੇ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ। ਉਨ੍ਹਾਂ ਨੂੰ ਨਹੀਂ ਪਤਾ ਕਿ ਇਸ ਪਿੱਛੇ ਕੌਣ ਹੈ ਪਰ ਕੇਂਦਰ ਕੋਲ ਕਾਫ਼ੀ ਥਾਂ ਹੈ ਅਤੇ ਭੰਡਾਰਨ ਲਈ ਹੋਰ ਥਾਂ ਬਣਾਈ ਜਾ ਰਹੀ ਹੈ। ਜੋਸ਼ੀ ਨੇ ਖੁਰਾਕ ਸਕੱਤਰ ਸੰਜੀਵ ਚੋਪੜਾ ਅਤੇ ਭਾਰਤੀ ਖੁਰਾਕ ਨਿਗਮ (ਐੱਫ.ਸੀ.ਆਈ.) ਦੀ ਚੇਅਰਮੈਨ ਵਨਿਤਾ ਰਤਨ ਸ਼ਰਮਾ ਨਾਲ ਮੀਡੀਆ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕੁਝ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਮੈਂ ਸਪੱਸ਼ਟ ਰੂਪ ਨਾਲ ਕਹਿਣਾ ਚਾਹੁੰਦਾ ਹਾਂ ਕਿ ਜਗ੍ਹਾ ਬਣਾਉਣਾ ਸਾਡੀ ਜ਼ਿੰਮੇਵਾਰੀ ਹੈ। ਅਸੀਂ ਇਸ ਦਾ ਧਿਆਨ ਰੱਖਾਂਗੇ।’’ ਉਨ੍ਹਾਂ ਕਿਹਾ ਕਿ ਸੂਬੇ ’ਚ ਇਸ ਸਮੇਂ 14 ਲੱਖ ਟਨ ਭੰਡਾਰਨ ਸਮਰੱਥਾ ਹੈ, ਜੋ ਇਕ ਨਵੰਬਰ ਤਕ ਵੱਧ ਕੇ 16 ਲੱਖ ਟਨ ਹੋ ਜਾਵੇਗੀ। ਨਿੱਜੀ ਉੱਦਮੀ ਗਾਰੰਟੀ (ਪੀ.ਈ.ਜੀ.) ਯੋਜਨਾ ਦੇ ਅਧੀਨ ਵਾਧੂ 31 ਲੱਖ ਟਨ ਸਮਰੱਥਾ ਵਿਕਸਿਤ ਕੀਤੀ ਜਾ ਰਹੀ ਹੈ। ਮੰਤਰੀ ਨੇ ਦੱਸਿਆ ਕਿ 3,800 ਮਿਲ ਵਾਲਿਆਂ ਨੇ ਝੋਨਾ ਚੁੱਕਣ ਲਈ ਅਪਲਾਈ ਕੀਤਾ ਹੈ, ਜਿਨ੍ਹਾਂ ’ਚੋਂ 3,250 ਨੂੰ ਚੌਲ ਬਣਾਉਣ ਲਈ ਭੰਡਾਰ ਵੰਡਿਆ ਜਾ ਚੁੱਕਿਆ ਹੈ। ਸਰਕਾਰ ਨੇ 9,819.88 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ, ਜਿਨ੍ਹਾਂ ’ਚੋਂ 7,641ਕਰੋੜ ਰੁਪਏ ਕਿਸਾਨਾਂ ਤਕ ਪਹੁੰਚ ਚੁੱਕੇ ਹਨ। ਮੰਤਰਾਲਾ ਨੇ ਭੰਡਾਰਨ ਸਮਰੱਥਾ ਅਤੇ ਆਵਾਜਾਈ ਦੀ ਹਫ਼ਤਾਵਾਰ ਨਿਗਰਾਨੀ ਲਈ ਐੱਫ.ਸੀ.ਆਈ. ਦੀ ਅਗਵਾਈ ’ਚ ਇਕ ਉੱਚ ਪੱਧਰੀ ਕਮੇਟੀ ਬਣਾਈ ਹੈ।
