ਬਰਨਾਲਾ – ਇੱਥੇ ਕਾਂਗਰਸੀ ਵਰਕਰਾਂ ਨੂੰ ਸਮਝਾਉਣ ਆਏ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਖ਼ੁਦ ਮਾਫ਼ੀ ਮੰਗ ਦੇ ਨਿਕਲ ਗਏ। ਮਾਮਲਾ ਇਹ ਹੈ ਕਿ ਮੰਗਲਵਾਰ ਨੂੰ ਜਦੋਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਸੰਯੁਕਤ ਸਕੱਤਰ ਕਿ੍ਸ਼ਨ ਅਲਾਵਰੂ ਨੇ ਰੈਸਟ ਹਾਊਸ ਬਰਨਾਲਾ ਵਿਖੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕਰਨ ਆਉਣਾ ਸੀ ਤਾਂ ਮੀਟਿੰਗ ’ਚ ਦਾਖਿਲ ਹੋ ਰਹੇ ਕੁਝ ਕਾਂਗਰਸੀ ਵਰਕਰਾਂ ਨੂੰ ਪੁਲਿਸ ਕਰਮਚਾਰੀਆਂ ਨੇ ਰੈਸਟ ਹਾਊਸ ਦੇ ਮੇਨ ਗੇਟ ਅੱਗੇ ਹੀ ਰੋਕ ਲਿਆ ਤੇ ਕਿਹਾ ਕਿ ਜਿੰਨ੍ਹਾਂ ਦਾ ਲਿਸਟ ’ਚ ਨਾਮ ਹੈ ਸਿਰਫ ਓਹੀ ਵਰਕਰ ਰੈਸਟ ਹਾਊਸ ’ਚ ਦਾਖਲ ਹੋ ਸਕਦੇ ਹਨ। ਜਿਸ ਤੋਂ ਬਾਅਦ ਕਾਂਗਰਸ ਦੇ ਵਰਕਰਾਂ ਦਾ ਗੁੱਸਾ ਪੂਰੀ ਤਰ੍ਹਾਂ ਨਾਲ ਫੁੱਟ ਗਿਆ ਤੇ ਉਨ੍ਹਾਂ ਨੇ ਰਾਣਾ ਗੁਰਜੀਤ ਸਿੰਘ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਤੇ ਭਦੌੜ ਤੋਂ ਆਪ ਦੇ ਵਿਧਾਇਕ ਤੇ ਨਵੇਂ ਬਣੇ ਕਾਂਗਰਸੀ ਆਗੂ ਪਿਰਮਲ ਧੌਲਾ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਹੀ ਨਹੀਂ ਕਾਂਗਰਸ ਦੇ ਇੱਕ ਵਰਕਰ ਨੇ ਤਾਂ ਆਪਣੇ ਕਾਂਗਰਸ ਦੀ ਅਹੁਦੇਦਾਰੀ ਦਾ ਆਈ ਕਾਰਡ ਕੱਢਕੇ ਯੂਥ ਕਾਂਗਰਸ ਦੇ ਇੰਡੀਆ ਜਨਰਲ ਸਕੱਤਰ ਸੀਤਾ ਰਾਮ ਲਾਂਬਾ ਦੇ ਹੱਥ ’ਚ ਫੜਾ ਦਿੱਤਾ ਤੇ ਕਿਹਾ ਕਿ ਜੇਕਰ ਮੈਨੂੰ ਬੈਠਕ ’ਚ ਨਹੀਂ ਜਾਣ ਦਿੱਤਾ ਗਿਆ ਤਾਂ ਮੈਂ ਕਾਂਗਰਸ ਦੇ ਇਸ ਆਈਕਾਰਡ ਨੂੰ ਅੱਗ ਦੇ ਹਵਾਲੇ ਕਰ ਦੇਵਾਂਗਾ। ਜਿਸ ਤੋਂ ਬਾਅਦ ਸੀਤਾ ਰਾਮ ਲਾਂਬਾ ਉਕਤ ਕਾਂਗਰਸ ਦੇ ਵਰਕਰ ਨੂੰ ਸਮਝਾਉਣ ਬੁਝਾਉਣ ’ਚ ਜੁਟ ਗਏ ਤੇ ਇਹ ਡਰਾਮਾ ਕਾਫੀ ਲੰਬੇ ਸਮੇਂ ਤੱਕ ਚਲਦਾ ਰਿਹਾ।ਇੱਥੇ ਰੌਚਕ ਗੱਲ ਇਹ ਵੀ ਹੈ ਕਿ ਕਾਂਗਰਸ ਦੇ ਮਹੇਸ਼ ਕੁਮਾਰ ਲੋਟਾ, ਕੁਲਦੀਪ ਸਿੰਘ ਕਾਲਾ ਢਿੱਲੋਂ, ਬਲਦੇਵ ਭੁੱਚਰ ਤੇ ਕੁਝ ਹੋਰ ਕਾਂਗਰਸੀ ਰੈਸਟ ਹਾਊਸ ਦੇ ਮੇਨ ਗੇਟ ਅੱਗੇ ਧਰਨੇ ਦੀ ਨੁਮਾਇੰਦਗੀ ਕਰ ਰਹੇ ਸਨ ਪਰ ਇਕਦਮ ਉਕਤ ਲੀਡਰ ਰੈਸਟ ਹਾਊਸ ਮੁਹਰੇ ਖੜ੍ਹੇ ਕਾਂਗਰਸੀ ਵਰਕਰਾਂ ਨੂੰ ਇਹ ਕਹਿਕੇ ਨਿਕਲ ਗਏ ਕਿ ਉਹ ਪੰਜ ਮਿੰਟ ਤੱਕ ਇੱਥੇ ਹੀ ਆਉਂਦੇ ਹਨ। ਜਿਸ ਤੋਂ ਬਾਅਦ ਜਦੋਂ ਉਨ੍ਹਾਂ ਦਾ ਪਤਾ ਕੀਤਾ ਗਿਆ ਤਾਂ ਉਹ ਡੀਸੀ ਦਫਤਰ ਵਿਖੇ ਡੀਸੀ ਕੁਮਾਰ ਸੌਰਵ ਦੇ ਆਫਿਸ ’ਚ ਦਾਖਿਲ ਹੋ ਗਏ। ਜਿੱਥੇ ਪਹਿਲਾਂ ਤੋਂ ਹੀ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਹਲਕਾ ਇੰਚਾਰਜ ਕੇਵਲ ਸਿੰਘ ਢਿੱਲੋਂ ਬੈਠੇ ਸਨ। ਸਾਬਕਾ ਵਿਧਾਇਕ ਢਿੱਲੋਂ ਦਾ ਵਿਰੋਧ ਕਰਨ ਵਾਲੇ ਉਕਤ ਨੇਤਾਵਾਂ ਨੂੰ ਨਾ ਜਾਣਾ ਪਤਾ ਨਹੀਂ ਕੀ ਬੂਟੀ ਸੁੰਘਾਈ ਕਿ ਉਹ ਧਰਨਾ ਪ੍ਰਦਰਸ਼ਨ ਚੁੱਕ ਕੇ ਸਿੱਧਾ ਰੈਸਟ ਹਾਊਸ ਦੇ ਫੰਕਸ਼ਨ ਵੱਲ ਨੂੰ ਹੋ ਗਏ ਜਿਸਦੀ ਸਹਿਰ ’ਚ ਵੀ ਹੁਣ ਖੂਬ ਚਰਚਾ ਛਿੜ ਗਈ ਹੈ ਕਿ ਪ੍ਰੋਗਰਾਮ ਦਾ ਵਿਰੋਧ ਕਰਨ ਵਾਲੇ ਇੱਕ ਦਮ ਚੁੱਪ ਕਿਓਂ ਹੋ ਗਏ।