ਨਵੀਂ ਦਿੱਲੀ – ਕੋਰੋਨਾ ਵਾਇਰਸ ਖ਼ਿਲਾਫ਼ ਟੀਕਾਕਰਨ ਮੁਹਿੰਮ ‘ਚ ਹੁਣ ਤਕ ਦੇਸ਼ ਭਰ ‘ਚ 74 ਕਰੋੜ ਤੋਂ ਜ਼ਿਆਦਾ ਟੀਕੇ ਲਾਏ ਜਾ ਚੁੱਕੇ ਹਨ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ, ਹੁਣ ਤਕ 56.41 ਕਰੋੜ ਲੋਕਾਂ ਨੂੰ ਕੋਰੋਨਾ ਰੋਕੂ ਵੈਕਸੀਨ ਦੀ ਪਹਿਲੀ ਡੋਜ਼ ਲਾਈ ਜਾ ਚੁੱਕੀ ਹੈ, ਜਿਨ੍ਹਾਂ ਵਿਚੋਂ 17.73 ਕਰੋੜ ਲੋਕ ਦੂਜੀ ਡੋਜ਼ ਵੀ ਲੈ ਚੁੱਕੇ ਹਨ।
ਮੰਤਰਾਲੇ ਮੁਤਾਬਕ, ਪਿਛਲੇ 24 ਘੰਟਿਆਂ ਦੌਰਾਨ 72.86 ਲੱਖ ਤੋਂ ਜ਼ਿਆਦਾ ਡੋਜ਼ ਲਾਈਆਂ ਗਈਆਂ ਹਨ। ਸਵੇਰੇ ਸੱਤ ਵਜੇ ਤਕ ਕੁਲ ਟੀਕਾਕਰਨ ਦਾ ਅੰਕੜਾ 73.82 ਕਰੋੜ ਸੀ। ਉਸ ਤੋਂ ਬਾਅਦ 44 ਲੱਖ ਤੋਂ ਜ਼ਿਆਦਾ ਡੋਜ਼ ਲਾਈਆਂ ਗਈਆਂ ਹਨ ਜਿਸ ਤੋਂ ਬਾਅਦ ਟੀਕਾਕਰਨ ਦਾ ਅੰਕੜਾ 74 ਕਰੋੜ ਨੂੰ ਪਾਰ ਕਰ ਗਿਆ। ਕੋਵਿਨ ਪਲੇਟਫਾਰਮ ਦੇ ਅੰਕੜਿਆਂ ਮੁਤਾਬਕ ਐਤਵਾਰ ਸ਼ਾਮ ਛੇ ਵਜੇ ਤਕ ਕੁਲ 74.14 ਕਰੋੜ ਡੋਜ਼ ਲਾਈਆਂ ਜਾ ਚੁੱਕੀਆਂ ਹਨ। ਮੰਤਰਾਲੇ ਮੁਤਾਬਕ, ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਇਨਫੈਕਸ਼ਨ ਦੇ 28,591 ਨਵੇਂ ਮਾਮਲੇ ਮਿਲੇ ਹਨ ਅਤੇ 338 ਲੋਕਾਂ ਦੀ ਮੌਤ ਹੋਈ ਹੈ। ਸਰਗਰਮ ਮਾਮਲਿਆਂ ‘ਚ 6,595 ਦੀ ਕਮੀ ਆਈ ਹੈ। ਵਰਤਮਾਨ ਵਿਚ ਸਰਗਰਮ ਮਾਮਲੇ 3,84,921 ਹਨ ਜਿਹੜੇ ਕੁਲ ਮਾਮਲਿਆਂ ਦਾ 1.16 ਫ਼ੀਸਦੀ ਹੈ। ਮਰੀਜ਼ਾਂ ਦੇ ਉਭਰਨ ਦੀ ਦਰ ‘ਚ ਵੀ ਸੁਧਾਰ ਹੋਇਆ ਹੈ ਅਤੇ ਮੌਤ ਦਰ ਪਹਿਲਾਂ ਦੇ ਪੱਧਰ ‘ਤੇ ਬਣੀ ਹੋਈ ਹੈ। ਰੋਜ਼ਾਨਾ ਇਨਫੈਕਸ਼ਨ ਦਰ ਦੋ ਫ਼ੀਸਦੀ ਤੋਂ ਹੇਠਾਂ ਅਤੇ ਹਫ਼ਤਾਵਾਰੀ ਇਨਫੈਕਸ਼ਨ ਦਰ ਤਿੰਨ ਫ਼ੀਸਦੀ ਤੋਂ ਹੇਠਾਂ ਹੈ।