India

ਕੋਰੋਨਾ ਦੇ ਨਵੇਂ ਵੇਰੀਐਂਟ ਨੂੰ ਲੈ ਕੇ ਚਿੰਤਾ ਵਧੀ, ਵਿਦੇਸ਼ੀ ਯਾਤਰੀਆਂ ਲਈ ਸੂਬਾ ਸਰਕਾਰਾਂ ਨੇ ਚੁੱਕੇ ਕਦਮ

ਨਵੀਂ ਦਿੱਲੀ – ਦੱਖਣੀ ਅਫਰੀਕਾ ’ਚ ਕੋਰੋਨਾ ਵਾਇਰਸ ਦੇ ਨਵੇਂ ਤੇ ਜ਼ਿਆਦਾ ਘਾਤਕ ਵੇਰੀਐਂਟ ਦੇ ਪਾਏ ਜਾਣ ਤੋਂ ਬਾਅਦ ਦੇਸ਼ ’ਚ ਵੀ ਚਿੰਤਾ ਵਧ ਗਈ ਹੈ। ਬਾਹਰੋਂ ਆਉਣ ਵਾਲਿਆਂ ’ਤੇ ਗਹਿਰੀ ਨਿਗਰਾਨੀ ਰੱਖਣ ਦੇ ਨਿਰਦੇਸ਼ ਤਾਂ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ ਹੁਣ ਮੁੰਬਈ ਦੀ ਮੇਅਰ ਨੇ ਕਿਹਾ ਕਿ ਦੱਖਣੀ ਅਫਰੀਕਾ ਤੋਂ ਆਉਣ ਵਾਲੇ ਲੋਕਾਂ ਨੂੰ ਲਾਜ਼ਮੀ ਕੁਆਰੰਟਾਈਨ ’ਚ ਰਹਿਣ ਪਵੇਗਾ ਤੇ ਉਨ੍ਹਾਂ ਦੀ ਕੋਰੋਨਾ ਜਾਂਚ ਵੀ ਕਰਵਾਈ ਜਾਵੇਗੀ। ਮੁੰਬਈ ਦੀ ਮੇਅਰ ਕਿਸ਼ੋਰੀ ਪੇਡਨੇਕਰ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਦੱਖਣੀ ਅਫਰੀਕਾ ਤੋਂ ਆਉਣ ਵਾਲੇ ਸਾਰੇ ਲੋਕਾਂ ਨੂੰ ਕੁਆਰੰਟਾਈਨ ’ਚ ਰੱਖਿਆ ਜਾਵੇਗਾ ਤੇ ਮਿਆਦ ’ਤੇ ਜਲਦੀ ਫ਼ੈਸਲਾ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਉੱਥੋਂ ਆਉਣ ਵਾਲੇ ਹਰ ਯਾਤਰੀ ਦੀ ਕੋਰੋਨਾ ਜਾਂਚ ਤਾਂ ਕੀਤੀ ਹੀ ਜਾਵੇਗੀ ਉਨ੍ਹਾਂ ਦੇ ਸੈਂਪਲ ਦੀ ਜੀਨੋਮ ਸੀਕੁਐਂਸਿੰਗ ਵੀ ਕਰਵਾਈ ਜਾਵੇਗੀ।ਗੁਜਰਾਤ ਦੇ ਸਿਹਤ ਮੰਤਰੀ ਰਿਸ਼ੀਕੇਸ਼ ਪਟੇਲ ਨੇ ਕਿਹਾ ਕਿ ਸੂਬੇ ’ਚ ਨਵੇਂ ਵੇਰੀਐਂਟ ਦਾ ਕੋਈ ਮਾਮਲਾ ਨਹੀਂ ਮਿਲਿਆ ਹੈ। ਚੌਕਸੀ ਵਰਤਦੇ ਹੋਏ ਅਫਰੀਕੀ ਤੇ ਯੂਰਪੀ ਦੇਸ਼ਾਂ, ਬਰਤਾਨੀਆ, ਬ੍ਰਾਜ਼ੀਲ, ਚੀਨ, ਮਾਰੀਸ਼ਸ, ਬੋਤਸਵਾਨਾ, ਨਿਊਜ਼ੀਲੈਂਡ, ਜ਼ਿੰਮਬਾਬਵੇ ਤੇ ਹਾਂਗਕਾਂਗ ਤੋਂ ਆਉਣ ਵਾਲੇ ਯਾਤਰੀਆਂ ਦੀ ਏਅਰਪੋਰਟ ’ਤੇ ਹੀ ਗਹਿਰੀ ਜਾਂਚ ਕੀਤੀ ਜਾਵੇਗੀ। ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਨੈਗੇਟਿਵ ਆਰਟੀ-ਪੀਸੀਆਰ ਰਿਪੋਰਟ ਵੀ ਜ਼ਰੂਰੀ ਕਰ ਦਿੱਤੀ ਗਈ ਹੈ। ਕਾਂਗਰਸ ਆਗੂ ਅਰਜੁਨ ਮੋਢਵਾਡੀਆ ਨੇ ਸੂਬਾ ਸਰਕਾਰ ਨੂੰ ਕੌਮਾਂਤਰੀ ਵਾਈਬ੍ਰੇਂਟ ਨਿਵੇਸ਼ਕ ਸੰਮੇਲਨ ਨੂੰ ਮੁਲਤਵੀ ਰੱਖਣ ਦੀ ਮੰਗ ਕੀਤੀ ਹੈ।ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ਨਿਚਰਵਾਰ ਸਵੇਰੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ’ਚ ਸਰਗਰਮ ਮਾਮਲਿਆਂ ’ਚ ਤਿੰਨ ਹਜ਼ਾਰ ਤੋਂ ਵੱਧ ਦੀ ਗਿਰਾਵਟ ਆਈ ਹੈ ਤੇ ਇਸਦੇ ਚਲਦੇ ਐਕਟਿਵ ਕੇਸ ਘਟ ਕੇ 1,07,019 ਰਹਿ ਗਹੇ ਹਨ ਜੋ 541 ਦਿਨਾਂ ’ਚ ਸਭ ਤੋਂ ਘੱਟ ਹਨ ਤੇ ਕੁਲ ਮਾਮਲਿਆਂ ਦਾ 0.31 ਫ਼ੀਸਦੀ ਹੈ। ਇਸ ਦੌਰਾਨ 8318 ਨਵੇਂ ਇਨਫੈਕਟਿਡ ਮਿਲੇ ਹਨ ਤੇ 465 ਮੌਤਾਂ ਹੋਈਆਂ ਹਨ ਜਿਨ੍ਹਾਂ ’ਚ 388 ਮੌਤਾਂ ਇਕੱਲੇ ਕੇਰਲ ਤੋਂ ਹਨ। ਇਕ ਦਿਨ ਪਹਿਲਾਂ 10 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਪਾਏ ਗਏ ਸਨ। ਉੱਥੇ, ਕੋਵਿਨ ਪੋਰਟਲ ਦੇ ਸ਼ਾਮ ਛੇ ਵਜੇ ਤਕ ਅੰਕੜਿਆਂ ਮੁਤਾਬਕ ਹੁਣ ਤਕ 121.76 ਕਰੋੜ ਡੋਜ਼ ਲਗਾਈਆਂ ਗਈਆਂ ਹਨ। ਇਨ੍ਹਾਂ ’ਚ 78.25 ਕਰੋੜ ਪਹਿਲੀ ਤੇ 43.50 ਕਰੋੜ ਦੂਜੀ ਡੋਜ਼ ਸ਼ਾਮਲ ਹਨ। ਯਾਨੀ 43.50 ਕਰੋੜ ਲੋਕਾਂ ਦਾ ਪੂਰਨ ਟੀਕਾਕਰਨ ਹੋ ਗਿਆ ਹੈ।ਕਰਨਾਟਕ ਦੇ ਧਾਰਵਾੜ ਜ਼ਿਲ੍ਹੇ ’ਚ ਐੱਸਡੀਐੱਮ ਕਾਲਜ ਆਫ ਮੈਡੀਕਲ ਸਾਇੰਸਿਜ ’ਚ 116 ਹੋਰ ਵਿਦਿਆਰਥੀ ਕੋਰੋਨਾ ਇਨਫੈਕਟਿਡ ਮਿਲੇ ਹਨ। ਇਕ ਦਿਨ ਪਹਿਲਾਂ 66 ਵਿਦਿਆਰਥੀ ਇਨਫੈਕਟਿਡ ਪਾਏ ਗਏ ਸਨ। ਇਹ ਸਾਰੇ ਵਿਦਿਆਰਥੀ ਕਾਲਜ ਕੰਪਲੈਕਸ ’ਚ 17 ਨਵੰਬਰ ਨੂੰ ਇਕ ਸਮਾਰੋਹ ’ਚ ਸ਼ਾਮਲ ਹੋਏ ਸਨ। ਹਾਲਾਂਕਿ, ਇਨ੍ਹਾਂ ’ਚ ਬਿਮਾਰੀ ਦੇ ਗੰਭੀਰ ਲੱਛਣ ਨਹੀਂ ਹਨ। ਸਾਰੇ ਵਿਦਿਆਰਥੀਆਂ ਦਾ ਪੂਰਨ ਟੀਕਾਕਰਨ ਹੋ ਚੁੱਕਾ ਹੈ।ਹੈਦਰਾਬਾਦ ਦੇ ਬਾਹਰੀ ਖੇਤਰ ’ਚ ਸਥਿਤ ਮਹਿੰਦਰਾ ਯੂਨੀਵਰਸਿਟੀ ਨੂੰ 25 ਵਿਦਿਆਰਥੀਆਂ ਤੇ ਸਟਾਫ ਦੇ ਪੰਜ ਮੈਂਬਰਾਂ ਦੇ ਕੋਰੋਨਾ ਇਨਫੈਕਟਿਡ ਪਾਏ ਜਾਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀ ਨੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰ ਭੇਜ ਦਿੱਤਾ ਹੈ ਤੇ ਸੋਮਵਾਰ ਤੋਂ ਆਨਲਾਈਨ ਕਲਾਸਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।

Related posts

ਅੱਜ ਤੋਂ ਇੰਡੀਅਨ ਰੇਲਵੇ ਵਲੋਂ ਕਿਰਾਏ ਵਿੱਚ ਵਾਧਾ !

admin

ਅੱਜ ਤੋਂ ਆਦਮਪੁਰ-ਮੁੰਬਈ ਵਿਚਕਾਰ ਹਵਾਈ ਸਫ਼ਰ ਦੀ ਸ਼ੁਰੂਆਤ ਹੋਵੇਗੀ !

admin

ਮਹਾਰਾਸ਼ਟਰ ਸਰਕਾਰ ਨੂੰ ‘ਤਿੰਨ-ਭਾਸ਼ਾ’ ਨੀਤੀ ਬਾਰੇ ਜਾਰੀ ਕੀਤੇ ਹੁਕਮ ਵਾਪਸ ਕਿਉਂ ਲੈਣੇ ਪਏ ?

admin