ਨਵੀਂ ਦਿੱਲੀ – ਦੇਸ਼ ’ਚ ਕੋਵਿਡਸ਼ੀਲਡ ਵੈਕਸੀਨ ਦੀਆਂ ਦੋ ਖ਼ੁਰਾਕਾਂ ਦੇ ਵਿਚਲੇ ਅੰਤਰ ਨੂੰ ਘੱਟ ਕਰਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਸਰਕਾਰ ਦੇ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਭਾਰਤ ’ਚ ਟੀਕਾਕਰਨ ’ਤੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ ’ਚ ਜਲਦ ਹੀ ਇਸ ਮਸਲੇ ’ਤੇ ਚਰਚਾ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਕੋਵਿਡਸ਼ੀਲਡ ਦੇ ਟੀਕਾਕਰਨ ਦੀ ਸ਼ੁਰੂਆਤ ’ਚ ਦੋ ਟੀਕਿਆਂ ਵਿਚਲੇ ਅੰਤਰ ਨੂੰ ਚਾਰ ਤੋਂ ਛੇ ਹਫ਼ਤਿਆਂ ਤਕ ਰੱਖਿਆ ਗਿਆ ਸੀ। ਬਾਅਦ ’ਚ ਇਸ ਅੰਤਰ ਨੂੰ ਚਾਰ ਤੋਂ ਅੱਠ ਹਫ਼ਤਿਆਂ ਤਕ ਵਧਾਇਆ ਗਿਆ। ਅੱਗੇ ਫਿਰ 12 ਤੋਂ 16 ਹਫ਼ਤਿਆਂ ਤਕ ਕੀਤਾ ਗਿਆ। ਗੈਪ ਨੂੰ ਵਧਾਏ ਜਾਣ ਪਿੱਛੇ ਸਰਕਾਰ ਦਾ ਕਹਿਣਾ ਸੀ ਕਿ ਉਕਤ ਫ਼ੈਸਲਾ ਕੋਵਿਡਸ਼ੀਲਡ ਵੈਕਸੀਨ ਦੇ ਜ਼ਿਆਦਾ ਪ੍ਰਭਾਵੀ ਹੋਣ ਦੇ ਚੱਲਦਿਆਂ ਲਿਆ ਗਿਆ ਸੀ। ਮਾਹਰਾਂ ਦੇ ਹਵਾਲੇ ਤੋਂ ਸਰਕਾਰ ਦਾ ਕਹਿਣਾ ਸੀ ਕਿ ਦੋਵੇਂ ਡੋਜ਼ ਦੇ ਵਿਚਕਾਰਲਾ ਗੈਪ ਜ਼ਿਆਦਾ ਰੱਖਣ ਨਾਲ ਕੋਰੋਨਾ ਖ਼ਿਲਾਫ਼ ਲੜਨ ਵਾਲੀ ਐਂਟੀਬਾਡੀਜ਼ ਜ਼ਿਆਦਾ ਜਨਰੇਟ ਹੁੰਦੀ ਹੈ।
ਉਥੇ ਹੀ ਕੇਂਦਰ ਸਰਕਾਰ ਨੇ ਆਪਣੀ ਤਾਜ਼ਾ ਪ੍ਰੈੱਸ ਬਿ੍ਰਫਿੰਗ ’ਚ ਕਿਹਾ ਹੈ ਕਿ ਹੁਣ ਤਕ ਦੇਸ਼ ਭਰ ’ਚ 46.69 ਕਰੋੜ ਲੋਕਾਂ ਨੂੰ ਕੋਵਿਡ ਵੈਕਸੀਨ ਦੀ ਪਹਿਲੀ ਖ਼ੁਰਾਕ ਦਿੱਤੀ ਹੈ। ਦੇਸ਼ ’ਚ ਕੁੱਲ 60 ਕਰੋੜ ਤੋਂ ਵੱਧ ਡੋਜ਼ ਲਗਾਈ ਜਾ ਚੁੱਕੀ ਹੈ। 13.70 ਕਰੋੜ ਲੋਕਾਂ ਨੂੰ ਦੂਸਰੀ ਡੋਜ਼ ਦਿੱਤੀ ਜਾ ਚੁੱਕੀ ਹੈ। ਟੀਕਾਕਰਨ ਦੀ ਤੇਜ਼ ਰਫ਼ਤਾਰ ਦਾ ਅੰਦਾਜ਼ਾ ਇਸੀ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ 24 ਘੰਟਿਆਂ ’ਚ 80 ਲੱਖ ਡੋਜ਼ ਦਿੱਤੀ ਹੈ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਦੇਸ਼ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 46 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ ’ਚੋਂ 58 ਫ਼ੀਸਦ ਕੇਸ ਸਿਰਫ਼ ਕੇਰਲ ਤੋਂ ਆਏ ਹਨ।