Punjab

ਗ਼ਰੀਬ ਦੀ ਗ਼ਰੀਬੀ ਉਸ ਦਾ ਬੱਚਾ ਹੀ ਪੜ੍ਹ-ਲਿਖ ਕੇ ਦੂਰ ਕਰ ਸਕਦੈ : ਭਗਵੰਤ ਮਾਨ

ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਬਲਾਚੌਰ ਦੇ ਪੋਜੇਵਾਲ ਵਿਖੇ ਸਤਿਗੁਰੂ ਸ੍ਰੀ ਬ੍ਰਹਮਾਨੰਦ ਮਹਾਰਾਜ ਭੂਰੀਵਾਲੇ ਦੀ ਬਰਸੀ ਮੌਕੇ ਹਾਜ਼ਰੀ ਭਰੀ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਭਗਵੰਤ ਮਾਨ ਨੇ ਆਚਾਰੀਆ ਸਵਾਮੀ ਚੇਤਨਾ ਜੀ ਮਹਾਰਾਜ ਦਾ ਆਸ਼ੀਰਵਾਦ ਵੀ ਲਿਆ। ਉਨ੍ਹਾਂ ਕਿਹਾ ਕਿ ਸਵਾਮੀ ਜੀ ਨੇ ਉਨ੍ਹਾਂ ਨੂੰ ਕਿਹਾ ਕਿ ਇਮਾਨਦਾਰੀ ਨਾਲ ਕੰਮ ਕਰਦੇ ਰਹੋ ਤੇ ਇਮਾਨਦਾਰੀ ਤੋਂ ਵੱਡੀ ਕੋਈ ਪੂੰਜੀ ਨਹੀਂ ਹੈ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਐਨੇ ਮਹਾਨ ਸੰਤਾਂ ਦੀ ਸੰਗਤ ਨਾਲ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਸੰਸਥਾ ਨੇ ਸਿੱਖਿਆ, ਸਿਹਤ ਤੇ ਵਾਤਾਵਰਨ ਦੇ ਖੇਤਰ ’ਚ ਵਡਮੁੱਲਾ ਯੋਗਦਾਨ ਪਾਇਆ ਹੈ ਤੇ ਇਨ੍ਹਾਂ ਤਿੰਨਾਂ ਖੇਤਰਾਂ ’ਚ ਸੇਵਾ ਤੋਂ ਵੱਡੀ ਕੋਈ ਸੇਵਾ ਨਹੀਂ ਹੈ। ਗ਼ਰੀਬਾਂ ਤੇ ਲੋੜਵੰਦਾਂ ਦੀ ਸੇਵਾ ਕਰਨਾ ਸਭ ਤੋਂ ਵੱਡਾ ਗੁਣ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਸੰਸਥਾ ਪੀ.ਜੀ.ਆਈ. ਵਿਖੇ ਉਸ ਸਮੇਂ ਲੰਗਰ ਮੁਹੱਈਆ ਕਰਵਾਉਂਦੀ ਹੈ, ਜਦੋਂ ਕਿਸੇ ਦਾ ਆਪਣਾ ਪਰਿਵਾਰ ਤੇ ਰਿਸ਼ਤੇਦਾਰ ਉਨ੍ਹਾਂ ਨੂੰ ਛੱਡ ਦਿੰਦਾ ਹੈ। ਸਾਡੇ ਕੋਲ ਗੁਰੂ ਨਾਨਕ ਦੇਵ ਜੀ ਦਾ ਅਸ਼ੀਰਵਾਦ ਹੈ, ਉਨ੍ਹਾਂ ਕਿਹਾ ਕਿ ਉਹ ਆਪ ਆਪਣੇ ਘਰ ਪੰਛੀਆਂ ਲਈ ਪਾਣੀ ਤੇ ਸਤਨਾਜਾ (ਸੱਤ ਦਾਣਿਆਂ ਦਾ ਮਿਸ਼ਰਣ) ਰੱਖਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਉਹ ਅਕਸਰ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਮੇਰੇ ਤੋਂ ਕਦੇ ਵੀ ਕੋਈ ਅਜਿਹਾ ਫ਼ੈਸਲਾ ਨਾ ਲਿਆ ਜਾਵੇ, ਜਿਸ ਨਾਲ ਕਿਸੇ ਵਿਅਕਤੀ ਜਾਂ ਕਿਸੇ ਪਰਿਵਾਰ ਦੀ ਰੋਜ਼ੀ-ਰੋਟੀ ਦਾ ਨੁਕਸਾਨ ਹੋਵੇ। ਮੈਂ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਉਹ ਮੈਨੂੰ ਆਪਣੇ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਦੇ ਯੋਗ ਬਣਾਵੇ।
ਭਗਵੰਤ ਮਾਨ ਨੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਸਾਨੂੰ ਗ਼ਰੀਬੀ ਤੋਂ ਕੋਈ ਵੀ ਮੁਕਤ ਨਹੀਂ ਕਰਵਾ ਸਕਦਾ, ਗ਼ਰੀਬਾਂ ਦੇ ਪੜ੍ਹੇ-ਲਿਖੇ ਬੱਚੇ ਹੀ ਆਪਣੇ ਪਰਿਵਾਰਾਂ ਨੂੰ ਗ਼ਰੀਬੀ ਤੋਂ ਮੁਕਤ ਕਰਵਾ ਸਕਦੇ ਹਨ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਤ ਨਾਲ ਬੈਠ ਕੇ ਲੰਗਰ ਵੀ ਛਕਿਆ, ਇਸ ਸਮੇਂ ਉਨ੍ਹਾਂ ਨਾਲ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ, ਕੈਬਿਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਕੈਬਨਿਟ ਮੰਤਰੀ ਹਰਜੋਤ ਬੈਂਸ, ਵਿਧਾਇਕਾ ਸੰਤੋਸ਼ ਕਟਾਰੀਆ, ਵਿਧਾਇਕ ਦਿਨੇਸ਼ ਚੱਢਾ, ਮੁੱਖ ਬੁਲਾਰਾ ਤੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਵੀ ਹਾਜ਼ਤਰ ਸਨ।

Related posts

ਮਿਡਲ-ਈਸਟ ਤਣਾਅ : ਭਾਰਤੀਆਂ ਨੂੰ FRRO ਨਾਲ ਸੰਪਰਕ ਕਰਨ ਦੀ ਸਲਾਹ !

admin

ਪੰਜਾਬ ਦੀ ਮੁੜ ਖੁਸ਼ਹਾਲੀ ਲਈ ਭੈੜੀ ਸਿਆਸਤ ਦੀ ਥਾਂ ਸਾਂਝੇ ਯਤਨ ਕਰਨ ਦਾ ਵੇਲਾ !

admin

ਉੱਘੇ ਲਿਖਾਰੀ ਡਾ. ਵਿਜੈ ਗਰਗ ਸਮੇਤ 10 ਪ੍ਰਮੁੱਖ ਸ਼ਖਸੀਅਤਾਂ ਦਾ ‘ਸੁਰਜੀਤ ਪਾਤਰ ਪੁਰਸਕਾਰ’ ਨਾਲ ਸਨਮਾਨ

admin