FoodHealth & FitnessPunjab

ਬੱਚਿਆਂ ਨੂੰ ਐਨਰਜੀ ਡਰਿੰਕਸ ਵੇਚਣ ’ਤੇ ਪੰਜਾਬ ਵਿੱਚ ਪਾਬੰਦੀ

ਐਨਰਜੀ ਡਰਿੰਕਸ।

ਚੰਡੀਗੜ੍ਹ – ਪੰਜਾਬ ਵਿੱਚ ਬੱਚਿਆਂ ਨੂੰ ਐਨਰਜੀ ਡਰਿੰਕਸ ਵੇਚਣ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਫੂਡ ਐਂਡ ਡਰੱਗਜ਼ ਐ਼ਡਮਿਨੀਸਟ੍ਰੇਸ਼ਨ, ਪੰਜਾਬ ਵੱਲੋਂ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਜਿਸ ਮੁਤਾਬਿਕ ਬੱਚਿਆਂ ਨੂੰ ਐਨਰਜੀ ਡਰਿੰਕਸ ਨਹੀਂ ਵੇਚੀਆਂ ਜਾ ਸਕਣਗੀਆਂ। ਇਹ ਨਿਯਮ ਪੰਜਾਬ ਭਰ ’ਚ 21 ਅਪ੍ਰੈਲ 2026 ਤੋਂ ਲੈ ਕੇ ਇੱਕ ਸਾਲ ਲਈ ਲਾਗੂ ਰਹਿਣਗੇ।

ਫੂਡ ਐਂਡ ਡਰੱਗਜ਼ ਐ਼ਡਮਿਨੀਸਟ੍ਰੇਸ਼ਨ ਦੇ ਆਦੇਸ਼ ਅਨੁਸਾਰ ਨਾ ਸਿਰਫ਼ ਬੱਚਿਆਂ ਨੂੰ ਐਨਰਜੀ ਡਰਿੰਕਸ ਦੀ ਵਿਕਰੀ ‘ਤੇ ਪਾਬੰਦੀ ਹੋਵੇਗੀ, ਸਗੋਂ ਸਕੂਲ ਅਤੇ ਕਾਲਜ ਦੀਆਂ ਕੰਟੀਨਾਂ ਵਿੱਚ ਅਤੇ ਆਲੇ-ਦੁਆਲੇ ਇਨ੍ਹਾਂ ਦੀ ਵਿਕਰੀ ‘ਤੇ ਵੀ ਪਾਬੰਦੀ ਹੋਵੇਗੀ। ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। ਨੋਟੀਫਿਕੇਸ਼ਨ ਮੁਤਾਬਿਕ ਪੇਂਡੂ ਖੇਤਰਾਂ ਵਿੱਚ ਸਕੂਲਾਂ ਤੋਂ 100 ਮੀਟਰ ਅਤੇ ਸ਼ਹਿਰੀ ਖੇਤਰਾਂ ਵਿੱਚ 50 ਮੀਟਰ ਦੇ ਅੰਦਰ ਐਨਰਜੀ ਡਰਿੰਕਸ ਨਹੀਂ ਵੇਚੇ ਜਾਣਗੇ। ਸਿਹਤ ਵਿਭਾਗ ਨੇ ਆਪਣੇ ਆਦੇਸ਼ ਵਿੱਚ ਕਿਹਾ ਹੈ ਕਿ ਬਹੁਤ ਸਾਰੇ ਐਨਰਜੀ ਡਰਿੰਕਸ ਪਹਿਲਾਂ ਹੀ ਆਪਣੇ ਲੇਬਲਾਂ ‘ਤੇ ਲਿਖਦੇ ਹਨ ਕਿ ਉਹ ਬੱਚਿਆਂ ਲਈ ਢੁਕਵੇਂ ਨਹੀਂ ਹਨ, ਫਿਰ ਵੀ ਇਨ੍ਹਾਂ ਨੂੰ ਬੱਚਿਆਂ ਅਤੇ ਨੌਜਵਾਨਾਂ ਨੂੰ ਵਿਆਪਕ ਤੌਰ ‘ਤੇ ਵੇਚਿਆ ਜਾ ਰਿਹਾ ਹੈ। ਇਨ੍ਹਾਂ ਡਰਿੰਕਸ ਵਿੱਚ ਬਹੁਤ ਹਾਨੀਕਾਰਕ ਤੱਤ ਹੁੰਦੇ ਹਨ, ਜਿਨ੍ਹਾਂ ਦਾ ਸਰੀਰ ‘ਤੇ ਮਾੜਾ ਅਸਰ ਪੈਂਦਾ ਹੈ।

ਵਰਨਣਯੋਗ ਹੈ ਕਿ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਦੇ ਤਹਿਤ ਐਨਰਜੀ ਡ੍ਰਿੰਕਾਂ ਲਈ ਨਿਯਮ ਤੈਅ ਕੀਤੇ ਗਏ ਹਨ। ਇਨ੍ਹਾਂ ਅਨੁਸਾਰ ਕੈਫੀਨ ਦੀ ਮਾਤਰਾ 145 ਤੋਂ 300 ਮਿ.ਗ੍ਰਾ. ਪ੍ਰਤੀ ਲੀਟਰ ਦੇ ਦਰਮਿਆਨ ਹੋਣੀ ਚਾਹੀਦੀ ਹੈ ਅਤੇ ਉਤਪਾਦ ’ਤੇ ਇਹ ਚੇਤਾਵਨੀ ਲਾਜ਼ਮੀ ਹੈ ਕਿ ਦਿਨ ਵਿੱਚ 500 ਮਿ.ਲੀ. ਤੋਂ ਵੱਧ ਖਪਤ ਨਾ ਕੀਤੀ ਜਾਵੇ। ਇਸਦੇ ਬਾਵਜੂਦ ਸਰਕਾਰ ਨੇ ਵੇਖਿਆ ਕਿ ਇਨ੍ਹਾਂ ਨਿਯਮਾਂ ਦੀ ਪਾਲਣਾ ਪੂਰੀ ਤਰ੍ਹਾਂ ਨਹੀਂ ਹੋ ਰਹੀ ਸੀ, ਜਿਸ ਕਾਰਨ ਹੁਣ ਸਖ਼ਤ ਕਦਮ ਚੁੱਕਣੇ ਪਏ।

ਇਸ ਕਦਮ ਦਾ ਸਿਹਤ ਮਾਹਿਰਾਂ ਵੱਲੋਂ ਖੁੱਲ੍ਹ ਕੇ ਸਵਾਗਤ ਕੀਤਾ ਗਿਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਪਾਬੰਦੀ ਬੱਚਿਆਂ ਵਿੱਚ ਐਨਰਜੀ ਡ੍ਰਿੰਕਾਂ ਦੀ ਵੱਧ ਰਹੀ ਖਪਤ ਨੂੰ ਰੋਕਣ ਵਿੱਚ ਮਦਦਗਾਰ ਸਾਬਤ ਹੋਵੇਗੀ। ਹਾਲਾਂਕਿ ਕੱਝ ਵਪਾਰੀਆਂ ਨੇ ਇਸਨੂੰ ਲਾਗੂ ਕਰਨ ਵਿੱਚ ਆਉਣ ਵਾਲੀਆਂ ਚੁਣੌਤੀਆਂ ਅਤੇ ਆਪਣੇ ਕਾਰੋਬਾਰ ’ਤੇ ਪੈਣ ਵਾਲੇ ਪ੍ਰਭਾਵ ਬਾਰੇ ਚਿੰਤਾ ਪ੍ਰਗਟ ਕੀਤੀ ਹੈ।

Related posts

ਆਪ ਛੱਡ ਗਏ ਸੱਤ ਆਗੂਆਂ ਦੇ ਨਾਮ ਭਾਜਪਾ ਸੰਸਦ ਮੈਂਬਰਾਂ ਦੀ ਸੂਚੀ ਵਿੱਚ ਸ਼ਾਮਲ

admin

ਸਾਬਕਾ ਡੀਆਈਜੀ ਹਰਚਰਨ ਭੁੱਲਰ ਦੇ 11 ਟਿਕਾਣਿਆਂ ਦੀ ਤਲਾਸ਼ੀ

admin

ਪੰਜਾਬ ਯੂਨੀਵਰਸਿਟੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ : ਸੁਰੱਖਿਆ ਏਜੰਸੀਆਂ ਚੌਕਸ

admin