ਗੁਰੂ ਨਾਨਕ ਸਾਹਿਬ ਜੀ ਨੇ ਘੁੱਪ ਹਨ੍ਹੇਰੀ ਧੁੰਦ ਨੂੰ ਜੜ੍ਹੋਂ ਮਿਟਾ ਕੇ ਅਕਾਲ ਪੁਰਖ ਦੇ ਨਾਮ ਦਾ ਪ੍ਰਕਾਸ਼ ਸਾਰੇ ਸੰਸਾਰ ‘ਚ ਕੀਤਾ। ਦਸ ਜਾਮੇ ਪ੍ਰਗਟ ਸਰੀਰ ਧਾਰੀ ਹੋਏ ਤੇ ਫਿਰ ਰੂਹਾਨੀ ਭੰਡਾਰ ਨੂੰ ਸ਼ਬਦਾਂ ਦੀ ਪੁਸ਼ਾਕ ਪਹਿਨਾ ਕੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਸਥਾਪਤ ਕੀਤਾ ਅਤੇ ਸ਼ਬਦ ਗੁਰੂ ਲਈ ਆਦਿ ਜੁਗਾਦਿ ਤੋਂ ਪ੍ਰਾਪਤ ਮਾਨਤਾ ਨੂੰ ਪ੍ਰਗਟ ਕਰ ਕੇ ਚਵਰ ਤਖ਼ਤ ਦਾ ਮਾਲਕ ਬਣਾ ਕੇ ਸੀਸ ਨਿਵਾ ਦਿੱਤਾ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਜੋ ਸਮੁੱਚੀ ਮਾਨਵਤਾ ਲਈ ਹੈ ਦੁਨੀਆਂ ਦੇ ਕੋਨੇ ਕੋਨੇ ਵਿੱਚ ਕਿਵੇਂ ਪਹੁੰਚੇ? ਭਾਈ ਗੁਰਦਾਸ ਜੀ ਦਾ ਇਹ ਸ਼ੁੱਧ ਸੰਕਲਪ ਹੈ ਕਿ ਗੁਰੂ ਸ਼ਬਦ ਦਾ ਪ੍ਰਕਾਸ਼ ਕਿਸੇ ਖ਼ਾਸ ਸਥਾਨ ਜਾਂ ਇਲਾਕੇ ਤਕ ਹੀ ਸੀਮਤ ਨਾ ਰਹੇ ਸਗੋਂ ਇਹ ਤਾਂ ਸਾਰੇ ਜਗਤ ਤਕ ਪਹੁੰਚਣਾ ਚਾਹੀਦਾ ਹੈ ਜਿਸ ਦਾ ਸਦਕਾ ਥਾਂ ਥਾਂ ਸਿੱਖ ਨਜ਼ਰੀਂ ਆਵੇ :-
ਗੁਰਸਿਖ ਸਾਧ ਅਸੰਖ ਜਗਿ ਧਰਮਸਾਲ ਥਾਇ ਥਾਇ ਸੁਹਾਇਆ।
(ਵਾਰ ਭਾਈ ਗੁਰਦਾਸ ਜੀ, ਵਾਰ ੨੩,ਪਾਉੜੀ ੨)
ਇਸ ਸ਼ੁੱਭ ਮਨੋਰਥ ਲਈ ਗੁਰੂ ਸਾਹਿਬਾਨ ਦੇ ਵੇਲੇ ਵੀ ਬਹੁਤ ਯਤਨ ਹੁੰਦੇ ਰਹੇ ਅਤੇ ਹੁਣ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਯਤਨਸ਼ੀਲ ਹਨ। ਗੁਰੂ ਜੀ ਨੇ ਅਜਿਹੇ ਪ੍ਰਾਣੀਆਂ ਨੂੰ ਧੰਨਤਾ ਦੇ ਯੋਗ ਕਿਆ ਹੈ ਗੁਰਵਾਕ ਹੈ:-
ਓਇ ਪੁਰਖ ਪ੍ਰਾਣੀ ਧੰਨਿ ਜਨ ਹਹਿ ਉਪਦੇਸੁ ਕਰਹਿ ਪਰਉਪਕਾਰਿਆ।।
(ਗਉੜੀ ਮ:੪,ਅੰਗ ੩੧੧)
ਗੁਰੂ ਨਾਨਕ ਸਾਹਿਬ ਜੀ ਨੇ ਵੀ ਅਜਿਹੇ ਗੁਰਸਿੱਖਾਂ ਨੂੰ ਪਰਉਪਕਾਰੀ ਗੁਰੂ ਪਿਆਰੇ ਕਿਹਾ ਹੈ ਗੁਰਸਿੱਖ ਜਿੱਥੇ ਵੀ ਜਾਵੇ ਭਲੇ ਦੀ ਗੱਲ ਕਰੇ ਆਪ ਗੁਰੂ ਉਪਦੇਸ਼ ਨਾਲ ਜੁੜੇ ਤੇ ਹੋਰਨਾਂ ਨੂੰ ਜੋੜੇ ਗੁਰ ਫੁਰਮਾਨ ਹੈ:-
ਜਿਥੈ ਜਾਇ ਬਹੀਐ ਭਲਾ ਕਹੀਐ ਸੁਰਤਿ ਸਬਦੁ ਲਿਖਾਈਐ।।
(ਵਡਹੰਸੁ ਮ:੧,ਅੰਗ ੫੬੬)
ਗੁਰਮਤਿ ਵਿੱਚ ਧਰਮ ਦਾ ਉਪਦੇਸ਼ ਕਰਨ ਵਾਲਿਆਂ ਨੂੰ ਜਿਥੇ ਇੰਨਾ ਉੱਚਾ ਦਰਜਾ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਗੁਰੂ ਜੀ ਦਾ ਇਹ ਵੀ ਹੁਕਮ ਹੈ ਕਿ ਦੂਜਿਆਂ ਨੂੰ ਉਪਦੇਸ਼ ਦੇਣ ਤੋਂ ਪਹਿਲਾਂ ਆਪਣੇ ਮਨ ਨੂੰ ਸਮਝਾਉਣਾ ਜ਼ਰੂਰੀ ਹੈ:-
ਪ੍ਰਥਮੇ ਮਨੁ ਪਰਬੋਧੈ ਅਪਨਾ ਪਾਛੈ ਅਵਰ ਰੀਝਾਵੈ।।
ਰਾਮ ਨਾਮ ਜਪੁ ਹਿਰਦੈ ਜਾਪੈ ਮੁਖ ਤੇ ਸਗਲ ਸੁਨਾਵੈ।।੨।।
(ਆਸਾ,ਮ:੫,ਅੰਗ ੩੮੧)
ਜਿਨ੍ਹਾਂ ਦੇ ਮਨ ਵਿੱਚ ਗੁਰੂ ਜੀ ਲਈ ਪ੍ਰੇਮ ਨਹੀਂ ਕੇਵਲ ਬਾਹਰਮੁਖੀ ਗਿਆਨ ਬੁੱਧੀਜੀਵੀ ਜਾਂ ਪੰਡਤ ਬਣੇ ਫਿਰਦੇ ਹਨ ਉਨ੍ਹਾਂ ਨੂੰ ਗੁਰਬਾਣੀ ਵਿੱਚ “ਰੋਟੀਆ ਕਾਰਣਿ ਪੂਰਹਿ ਤਾਲ” ਵਾਲੇ ਕਿਹਾ ਹੈ ਤੇ ਅੱਠੇ ਪਹਿਰ ਵਾਦ ਵਿਵਾਦ ਵਿਚ ਲੱਗੇ ਰਹਿਣਾ, ਨਾ ਹਰੀ ਦਾ ਜੱਸ ਆਪ ਕਰਨਾ ਤੇ ਨਾ ਹੀ ਕੰਨਾਂ ਦੁਆਰਾ ਸੁਣਨਾ ਪਰ ਗੱਲਾਂ ਬਾਤਾਂ ਨਾਲ ਧਰਤੀ ਤੇ ਅਸਮਾਨ ਦੇ ਕਲਾਵੇ ਮੇਲ ਦੇਣੇ ਅਜਿਹੇ ਲੋਕਾਂ ਤੋਂ ਗੁਰੂ ਜੀ ਨੇ ਸਾਨੂੰ ਸਾਵਧਾਨ ਕੀਤਾ ਹੈ ਗੁਰ ਉਪਦੇਸ਼ ਹੈ:-
ਹਰਿ ਜਸੁ ਸੁਨਹਿ ਨ ਹਰਿ ਗੁਨ ਗਾਵਹਿ।।
ਬਾਤਨ ਹੀ ਅਸਮਾਨੁ ਗਿਰਾਵਹਿ।।੧।।
ਐਸੇ ਲੋਗਨ ਸਿਉ ਕਿਆ ਕਹੀਐ।।
ਜੋ ਪ੍ਰਭ ਕੀਏ ਭਗਤਿ ਤੇ ਬਾਹਜ ਤਿਨ ਤੇ ਸਦਾ ਡਰਾਨੇ ਰਹੀਐ।।੧।।ਰਹਾਉ।।
(ਗਉੜੀ ਚੇਤੀ,ਭਗਤ ਕਬੀਰ ਜੀ ,ਅੰਗ ੩੩੨)
ਅਜਿਹੇ ਲੋਕ ਹਰ ਵੇਲੇ ਨਿੰਦਾ, ਚੁਗਲੀ ਅਤੇ ਪਰ ਦੋਖ ਦੇਖਣ ਵਿਚ ਹੀ ਪ੍ਰਸੰਨ ਰਹਿੰਦੇ ਹਨ:-
ਜਉ ਦੇਖੈ ਛਿਦ੍ਰੁ ਤਉ ਨਿੰਦਕੁ ਉਮਾਹੈ ਭਲੋ ਦੇਖਿ ਦੁਖ ਭਰੀਐ।।
(ਬਿਲਾਵਲੁ ਮ:੫, ਅੰਗ ੮੨੩)
ਗੁਰੂ ਜੀ ਕਹਿੰਦੇ ਹਨ “ਜਿਨ ਕਉ ਮਨ ਕੀ ਪਰਤੀਤਿ ਨਾਹੀ ਨਾਨਕ ਸੇ ਕਿਆ ਕਥਹਿ ਗਿਆਨੈ”ਜੋ ਆਪ ਵਿਸ਼ਿਆਂ ਵਿਕਾਰਾਂ ਵਿੱਚ ਫਸੇ ਹਨ ਉਹ ਹੋਰਨਾਂ ਨੂੰ ਕੀ ਉਪਦੇਸ਼ ਦੇਣਗੇ ਉਹ ਤਾਂ ਆਪ ਜਮ੍ਹਾਂ ਦੀ ਮਾਰ ਵਿੱਚ ਹਨ:-
ਬਿਖਿਆ ਮਾਤੇ ਭਰਮਿ ਭੁਲਾਏ ਉਪਦੇਸੁ ਕਹਹਿ ਕਿਸੁ ਭਾਈ।।
(ਰਾਮਕਲੀ ਮ:੫,ਅੰਗ ੯੦੯)
ਹਿਰਦੇ ਵਿੱਚ ਕਪਟ ਰੱਖ ਕੇ ਮੁੱਖ ਤੋਂ ਗਿਆਨ ਦੀਆਂ ਗੱਲਾਂ ਸੁਣਾਉਣ ਵਾਲੇ ਨੂੰ ਭਗਤ ਕਬੀਰ ਜੀ ਕਹਿੰਦੇ ਹਨ:-
ਹ੍ਰਿਦੈ ਕਪਟੁ ਮੁਖ ਗਿਆਨੀ।।
ਝੂਠੇ ਕਹਾ ਬਿਲੋਵਸਿ ਪਾਨੀ।।੧।।
(ਸੋਰਠਿ,ਭਗਤ ਕਬੀਰ ਜੀ,ਅੰਗ ੬੫੬)
ਅਜਿਹੇ ਲੋਕ ਆਪਣੇ ਆਪ ਦੀ ਤਾਂ ਪਛਾਣ ਕਰਦੇ ਨਹੀਂ ਪਰ ਦੂਜਿਆਂ ਨੂੰ ਉਪਦੇਸ਼ ਦੇਣ ਲਈ ਹਰ ਥਾਂ ਚੌਧਰੀ ਹੁੰਦੇ ਹਨ। ਇਹ ਲੋਕ ਧਰਮ ਗ੍ਰੰਥਾਂ ਨੂੰ ਪਡ਼੍ਹ ਕੇ ਉਕਤੀਆਂ, ਯੁਕਤੀਆਂ, ਤਰਕ, ਵਿਤਰਕ,ਦਲੀਲਾਂ ਦੀਆਂ ਆਦਤਾਂ ਬਹੁਤ ਸਿੱਖ ਲੈਂਦੇ ਹਨ ਪਰ ਧਰਮ ਗ੍ਰੰਥਾਂ ਦੇ ਉਪਦੇਸ਼ ਨੂੰ ਨਹੀਂ ਕਮਾਉਂਦੇ। ਇਨ੍ਹਾਂ ਦੀ ਹਾਲਤ ਉਨ੍ਹਾਂ ਕੜਛੀਆਂ ਵਾਂਗ ਹੁੰਦੀ ਹੈ ਜੋ ਬਰਤਨਾਂ ਵਿਚ ਪਏ ਪਦਾਰਥਾਂ ਵਿਚ ਵਾਰ-ਵਾਰ ਘੁੰਮਦੀਆਂ ਰਹਿੰਦੀਆਂ ਹਨ ਪਰ ਵਸਤੂ ਦੇ ਸਵਾਦ ਤੋਂ ਸੱਖਣੀਆਂ ਰਹਿੰਦੀਆਂ ਹਨ ਗੁਰਵਾਕ ਹੈ:-
ਕੜਛੀਆ ਫਿਰੰਨਿ ਸੁਆਉ ਨ ਜਾਣਨਿ ਸੁਞੀਆ।।
(ਗੂਜਰੀ,ਮ:੫,ਅੰਗ ੫੨੧)
ਸਤਿਗੁਰੂ ਜੀ ਕਹਿੰਦੇ ਹਨ ਕਿ ਜਿਨ੍ਹਾਂ ਦੀ ਰਹਿਤ ਕੁਝ ਹੋਰ ਅਤੇ ਕਰਦੇ ਕੁਝ ਹੋਰ ਹਨ ਉਨ੍ਹਾਂ ਦੇ ਬਾਹਰਲੇ ਭੇਖ ‘ਤੇ ਪ੍ਰਮਾਤਮਾ ਕਦੇ ਖ਼ੁਸ਼ ਨਹੀਂ ਹੁੰਦਾ:-
ਰਹਤ ਅਵਰ ਕਛੁ ਅਵਰ ਕਮਾਵਤ।।
ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ।।
ਜਾਨਨਹਾਰ ਪ੍ਰਭੂ ਪਰਬੀਨ।।
ਬਾਹਰਿ ਭੇਖ ਨ ਕਾਹੂ ਭੀਨ।।
ਅਵਰ ਉਪਦੇਸੈ ਆਪਿ ਨ ਕਰੈ।।
ਆਵਤ ਜਾਵਤ ਜਨਮੈ ਮਰੈ।।
(ਗਉੜੀ ਸੁਖਮਨੀ,ਮ:੫ ਅੰਗ ੨੬੮)
ਗੁਰਮਤਿ ਅਨੁਸਾਰ ਉਪਦੇਸ਼ਕ ਦਾ ਗਿਆਨਵਾਨ ਹੋਣਾ ਜ਼ਰੂਰੀ ਹੈ ਪਰ ਗਿਆਨ ਦੀ ਪ੍ਰਾਪਤੀ “ਮਨ ਸਮਝਾਵਨ ਕਾਰਨੇ” ਹੈ।ਗਿਆਨਵਾਨ ਦਾ ਜੀਵਨ ਹਉਮੈ ਤੋਂ ਰਹਿਤ ,ਆਪੇ ਦੀ ਵਿਚਾਰ ਕਰਨ ਵਾਲਾ ,ਸ਼ਬਦ ਨਾਲ ਜੁਡ਼ਿਆ ਹੋਇਆ, ਨਾ ਕਿਸੇ ਨੂੰ ਭੈ ਦੇਣਾ ਤੇ ਨਾ ਕਿਸੇ ਦਾ ਭੈ ਮੰਨਣਾ ਆਦਿ ਗੁਣਾਂ ਨਾਲ ਭਰਪੂਰ ਹੋਣਾ ਚਾਹੀਦਾ ਹੈ। ਦੂਜਿਆਂ ਨੂੰ ਉਪਦੇਸ਼ ਕਰਨ ਵਾਲਾ ਆਪ ਗੁਰੂ ਪ੍ਰੇਮ ਵਿੱਚ ਰੰਗਿਆ ਹੋਣਾ ਚਾਹੀਦਾ ਹੈ:-
ਸੇਈ ਮੁਖ ਦਿਸੰਨਿ ਨਾਨਕ ਰਤੇ ਪ੍ਰੇਮ ਰਸਿ।।
( ਸਲੋਕ ਮ:੫,ਅੰਗ ੫੨੧)
ਜਿਸ ਮਨੁੱਖ ਦੇ ਅੰਦਰ ਸੱਚ ਹੈ ਅਤੇ ਮੁੱਖ ਤੋਂ ਸੱਚਾ ਨਾਮ ਜਪਦਾ ਹੈ ਉਹ ਆਪ ਹਰੀ ਦੇ ਮਾਰਗ ਤੇ ਚਲਦਾ ਹੈ ਅਤੇ ਹੋਰਨਾਂ ਨੂੰ ਉਸ ਮਾਰਗ ਤੇ ਚਲਾਉਂਦਾ ਹੈ।ਸਿੱਖ ਧਰਮ ਦਾ ਪ੍ਰਚਾਰ ਕਰਨ ਵਾਲਾ ਵਿਅਕਤੀ ਜਾਂ ਕਿਸੇ ਜਥੇਬੰਦੀ ਦੇ ਹਰੇਕ ਮੈਂਬਰ ਦਾ ਅੰਮ੍ਰਿਤ ਛਕਿਆ ਹੋਣਾ,ਪੰਜ ਕਕਾਰਾਂ ਦਾ ਧਾਰਨੀ ਹੋਣਾਂ ਤੇ ਚਾਰ ਬੱਜਰ ਕੁਰਿਹਤਾਂ ਤੋਂ ਬਚਿਆ ਹੋਇਆ,ਗੁਰੂ ਦੇ ਨਾਂ ਤੇ ਆਪਣੀ ਕਮਾਈ ਵਿਚੋਂ ਦਸਵੰਧ ਕੱਢਣ ਤੇ ਨਿਤਨੇਮੀ ਹੋਣਾ ਜਰੂਰੀ ਹੈ।ਸਿੱਖ ਧਰਮ ਸਮੁੱਚੀ ਮਾਨਵਤਾ ਲਈ ਸਾਂਝਾ ਧਰਮ ਹੋਣ ਕਰਕੇ ਇਸਦੇ ਉਪਦੇਸ਼ ਨੂੰ ਜਨ ਕਲਿਆਣ ਹਿਤ ਦੁਨੀਆਂ ਦੇ ਕੋਨੇ ਕੋਨੇ ਵਿੱਚ ਪਹੁੰਚਾਉਣਾ ਹਰ ਸਿਖ ਦਾ ਫਰਜ਼ ਹੈ।ਆਪ ਜਪਣਾ ਦੂਜਿਆਂ ਨੂੰ ਜਪਾਉਣਾ,ਆਪ ਧਰਮ ਦੇ ਮਾਰਗ ਤੇ ਚੱਲਣਾ ਤੇ ਦੂਜਿਆਂ ਨੂੰ ਮਾਰਗ ਤੇ ਤੁਰਨ ਲਈ ਪ੍ਰੇਰਿਤ ਕਰਨਾ ਇਕ ਮਹਾਨ ਪਰਉਪਕਾਰ ਹੈ। ਇਹ ਮਹਾਨ ਕਾਰਜ ਲਿਖਤਾਂ ਰਾਹੀ, ਬੋਲ ਕੇ ਕਥਾ ,ਵਖਿਆਨ ਦੇ ਰੂਪ ਵਿੱਚ ਵੀ ਕੀਤਾ ਜਾ ਸਕਦਾ ਹੈ।ਜਿੰਨਾ ਨੇ ਆਪਣੇ ਜੀਵਨ ਨੂੰ ਗੁਰਮਤਿ ਵਿੱਚ ਢਾਲ ਕੇ ਦੂਜਿਆਂ ਨੂੰ ਗੁਰਮਤਿ ਦਾ ਉਪਦੇਸ਼ ਕਰਨ ਰੂਪੀ ਪਰਉਪਕਾਰ ਕਰਨਾ ਆਰੰਭਿਆ ਹੈ ਉਨਾਂ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਹਨ:-
ਗੁਰਮੁਖਿ ਪੰਡਿਤੁ ਹੋਇ ਜਗ ਪਰਬੋਧੀਐ।
ਗੁਰਮੁਖਿ ਆਪੁ ਗਵਾਇ ਅੰਦਰੁ ਸੋਧੀਐ।
ਗੁਰਮੁਖਿ ਸਤੁ ਸੰਤੋਖੁ ਨ ਕਾਮੁ ਕਰੋਧੀਐ।
ਗੁਰਮੁਖਿ ਹੈ ਨਿਰਵੈਰੁ ਨ ਵੈਰ ਵਿਰੋਧੀਐ।
ਚਹੁ ਵਰਨਾ ਉਪਦੇਸੁ ਸਹਜਿ ਸਮੋਧੀਐ।
ਧੰਨੁ ਜਣੇਦੀ ਮਾਉ ਜੋਧਾ ਜੋਧੀਐ ॥੧੮॥
(ਭਾਈ ਗੁਰਦਾਸ ਜੀ ਵਾਰ੧੯, ਪਾਉੜੀ ੧੮)