ਚੰਡੀਗੜ੍ਹ – ਪੰਜਾਬ ਵਿੱਚ ਗੈਂਗਸਟਰਾਂ ਅਤੇ ਸੰਗਠਿਤ ਅਪਰਾਧ ਨੂੰ ਖ਼ਤਮ ਕਰਨ ਲਈ ਪੁਲਿਸ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ 3,339 ਗੈਂਗਸਟਰਾਂ ਅਤੇ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਮੇਂ ਦੌਰਾਨ ਵਿਦੇਸ਼ਾਂ ਵਿੱਚ ਬੈਠੇ 17 ਗੈਂਗਸਟਰਾਂ ਨੂੰ ਵੀ ਡਿਪੋਰਟ ਜਾਂ ਹਵਾਲਗੀ ਦੀ ਪ੍ਰਕਿਰਿਆ ਰਾਹੀਂ ਭਾਰਤ ਲਿਆਂਦਾ ਗਿਆ ਹੈ।
ਪੰਜਾਬ ਪੁਲਿਸ ਦੇ ਅੰਕੜਿਆਂ ਮੁਤਾਬਕ, 6 ਅਪ੍ਰੈਲ 2022 ਨੂੰ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਦੇ ਗਠਨ ਤੋਂ ਲੈ ਕੇ 10 ਨਵੰਬਰ 2026 ਤੱਕ 3,339 ਗੈਂਗਸਟਰਾਂ ਅਤੇ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਹਿਸਾਬ ਨਾਲ ਔਸਤਨ ਹਰ ਮਹੀਨੇ ਲਗਭਗ 60 ਗੈਂਗਸਟਰ ਜਾਂ ਅਪਰਾਧੀ ਪੁਲਿਸ ਦੇ ਕਾਬੂ ਆਏ ਹਨ। ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਹਰ ਰੋਜ਼ ਔਸਤਨ ਦੋ ਗ੍ਰਿਫ਼ਤਾਰੀਆਂ ਹੋਈਆਂ ਹਨ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਪੁਲਿਸ ਨੇ 41 ਅਪਰਾਧੀਆਂ ਨੂੰ ਮੁਕਾਬਲਿਆਂ ਜਾਂ ਹੋਰ ਕਾਰਵਾਈਆਂ ਦੌਰਾਨ ਮਾਰਿਆ ਅਤੇ 1,293 ਅਪਰਾਧਿਕ ਗਿਰੋਹਾਂ ਜਾਂ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ ਹੈ। ਪੰਜਾਬ ਵਿੱਚ ਵਧ ਰਹੀਆਂ ਗੈਂਗਸਟਰ ਗਤੀਵਿਧੀਆਂ ਨੂੰ ਰੋਕਣ ਲਈ 6 ਅਪ੍ਰੈਲ 2022 ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਸੀ। ਇਸ ਵਿਸ਼ੇਸ਼ ਟੀਮ ਦੀ ਅਗਵਾਈ ਐਸਪੀ ਬਿਕਰਮਜੀਤ ਸਿੰਘ ਬਰਾੜ ਸਮੇਤ ਹੋਰ ਅਧਿਕਾਰੀ ਕਰ ਰਹੇ ਹਨ। ਪੰਜਾਬ ਪੁਲਿਸ ਨੇ ਕੇਂਦਰੀ ਸੁਰੱਖਿਆ ਏਜੰਸੀਆਂ ਦੀ ਮਦਦ ਨਾਲ ਗੈਂਗਸਟਰਾਂ ਦੇ ਨੈੱਟਵਰਕ ਨੂੰ ਤੋੜਨ ਲਈ ਲਗਾਤਾਰ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਕਈ ਗੈਂਗਸਟਰ ਪਾਕਿਸਤਾਨ ਦੀ ਖੁਫੀਆ ਏਜੰਸੀ ISI ਅਤੇ ਕੈਨੇਡਾ ਸਮੇਤ ਹੋਰ ਦੇਸ਼ਾਂ ਵਿੱਚ ਬੈਠੇ ਭਾਰਤ ਵਿਰੋਧੀ ਗਰੋਹਾਂ ਦੀ ਮਦਦ ਨਾਲ ਆਪਣੀਆਂ ਗਤੀਵਿਧੀਆਂ ਚਲਾਉਂਦੇ ਹਨ। ਪੁਲਿਸ ਲਈ ਅਜਿਹੇ ਨੈੱਟਵਰਕਾਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਰੋਕਣਾ ਇੱਕ ਵੱਡੀ ਚੁਣੌਤੀ ਹੈ। ਇਸ ਲਈ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ।
ਪੰਜਾਬ ਪੁਲਿਸ ਵੱਲੋਂ ਦਿੱਤੇ ਗਏ ਅੰਕੜਿਆਂ ਮੁਤਾਬਕ, ਇਸ ਮੁਹਿੰਮ ਦੌਰਾਨ ਅਪਰਾਧਾਂ ਵਿੱਚ ਵਰਤੇ ਗਏ 2,525 ਹਥਿਆਰ ਅਤੇ 755 ਵਾਹਨ ਬਰਾਮਦ ਕੀਤੇ ਗਏ ਹਨ। ਇਸ ਕਾਰਵਾਈ ਵਿੱਚ AGTF ਅਤੇ ਜ਼ਿਲ੍ਹਾ ਪੁਲਿਸ ਦੀਆਂ ਟੀਮਾਂ ਦੋਵਾਂ ਨੇ ਅਹਿਮ ਭੂਮਿਕਾ ਨਿਭਾਈ। AGTF ਵੱਲੋਂ ਕੀਤੀ ਗਈ ਕਾਰਵਾਈ ਦੇ ਅੰਕੜੇ ਇਸ ਤਰ੍ਹਾਂ ਹਨ:
- 503 ਗ੍ਰਿਫ਼ਤਾਰੀਆਂ।
- 10 ਅਪਰਾਧੀ ਮੁਕਾਬਲਿਆਂ ਵਿੱਚ ਮਾਰੇ ਗਏ।
- 196 ਅਪਰਾਧਿਕ ਮੋਡੀਊਲਾਂ ਦਾ ਪਰਦਾਫਾਸ਼।
- 421 ਹਥਿਆਰ ਬਰਾਮਦ।
- 121 ਵਾਹਨ ਬਰਾਮਦ।
ਇਸ ਤੋਂ ਇਲਾਵਾ, ਪੰਜਾਬ ਪੁਲਿਸ ਦੀਆਂ ਹੋਰ ਫੀਲਡ ਯੂਨਿਟਾਂ ਵੱਲੋਂ 2,836 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ, 31 ਅਪਰਾਧੀ ਮੁਕਾਬਲਿਆਂ ਵਿੱਚ ਮਾਰੇ ਗਏ ਅਤੇ 1,097 ਅਪਰਾਧਿਕ ਮੋਡੀਊਲਾਂ ਦਾ ਪਰਦਾਫਾਸ਼ ਕੀਤਾ ਗਿਆ। ਇਨ੍ਹਾਂ ਟੀਮਾਂ ਨੇ 2,104 ਹਥਿਆਰ ਅਤੇ 634 ਵਾਹਨ ਵੀ ਬਰਾਮਦ ਕੀਤੇ।
ਵਿਦੇਸ਼ਾਂ ਵਿੱਚ ਬੈਠੇ 17 ਗੈਂਗਸਟਰ ਭਾਰਤ ਲਿਆਂਦੇ ਗਏ
ਪੰਜਾਬ ਪੁਲਿਸ ਲਈ ਸਭ ਤੋਂ ਵੱਡੀ ਚੁਣੌਤੀ ਵਿਦੇਸ਼ਾਂ ਵਿੱਚ ਬੈਠ ਕੇ ਪੰਜਾਬ ਵਿੱਚ ਅਪਰਾਧਿਕ ਗਤੀਵਿਧੀਆਂ ਚਲਾਉਣ ਵਾਲੇ ਗੈਂਗਸਟਰ ਰਹੇ ਹਨ। ਪੁਲਿਸ ਮੁਤਾਬਕ, ਪਿਛਲੇ ਸਾਲਾਂ ਦੌਰਾਨ 17 ਅਜਿਹੇ ਗੈਂਗਸਟਰਾਂ ਨੂੰ ਵੱਖ-ਵੱਖ ਦੇਸ਼ਾਂ ਤੋਂ ਭਾਰਤ ਲਿਆਂਦਾ ਗਿਆ ਹੈ। ਇਨ੍ਹਾਂ ਵਿੱਚ UAE ਤੋਂ ਵਿੱਕੀ ਬਰਾੜ, ਅਮਰੀਕਾ ਤੋਂ ਅਨਮੋਲ ਬਿਸ਼ਨੋਈ, ਅਜ਼ਰਬਾਈਜਾਨ ਤੋਂ ਸਚਿਨ ਥਾਪਨ ਉਰਫ਼ ਸਚਿਨ ਬਿਸ਼ਨੋਈ, ਇੰਡੋਨੇਸ਼ੀਆ ਤੋਂ ਜੋਬਨ ਬਿੱਲਾ ਅਤੇ ਮਲੇਸ਼ੀਆ ਤੋਂ ਜੱਸਾ ਬਹਿਬਲ ਸ਼ਾਮਲ ਹਨ। ਇਸ ਤੋਂ ਇਲਾਵਾ ਕੈਨੇਡਾ ਤੋਂ ਦੋ ਹੋਰ ਅਪਰਾਧੀਆਂ ਨੂੰ ਵਾਪਸ ਲਿਆਂਦਾ ਗਿਆ। ਬਾਕੀਆਂ ਨੂੰ ਫਿਲੀਪੀਨਜ਼, ਹਾਂਗਕਾਂਗ, ਅਰਮੀਨੀਆ, ਮੋਲਦੋਵਾ ਅਤੇ ਮੱਧ ਏਸ਼ੀਆ ਦੇ ਵੱਖ-ਵੱਖ ਦੇਸ਼ਾਂ ਤੋਂ ਭਾਰਤ ਲਿਆਂਦਾ ਗਿਆ।
ਈਥੋਪੀਆ ਤੋਂ ਲਿਆਂਦਾ ਗਿਆ ਗੁਰਵਿੰਦਰ ਸਿੰਘ ਅਫ਼ਰੀਦੀ
ਇਸ ਸੂਚੀ ਵਿੱਚ ਸਭ ਤੋਂ ਨਵਾਂ ਨਾਂ ਗੁਰਵਿੰਦਰ ਸਿੰਘ ਉਰਫ਼ ਅਫ਼ਰੀਦੀ ਦਾ ਹੈ, ਜਿਸ ਨੂੰ ਈਥੋਪੀਆ ਤੋਂ ਭਾਰਤ ਲਿਆਂਦਾ ਗਿਆ। ਪੁਲਿਸ ਮੁਤਾਬਕ, ਇਹ ਅਫ਼ਰੀਕਾ ਤੋਂ ਕਿਸੇ ਗੈਂਗਸਟਰ ਨੂੰ ਵਾਪਸ ਲਿਆਉਣ ਦਾ ਪਹਿਲਾ ਅਜਿਹਾ ਮਾਮਲਾ ਹੈ। ਇਸੇ ਤਰ੍ਹਾਂ ਮੋਲਦੋਵਾ ਤੋਂ ਅੰਮ੍ਰਿਤ ਦਿਲਮ ਨੂੰ ਭਾਰਤ ਲਿਆਉਣ ਨੂੰ ਯੂਰਪ ਤੋਂ ਵਾਪਸੀ ਦਾ ਪਹਿਲਾ ਮਾਮਲਾ ਦੱਸਿਆ ਗਿਆ ਹੈ। ਇਨ੍ਹਾਂ ਕਾਰਵਾਈਆਂ ਨਾਲ ਪੰਜਾਬ ਪੁਲਿਸ ਨੇ ਇਹ ਸੰਕੇਤ ਦਿੱਤਾ ਹੈ ਕਿ ਵਿਦੇਸ਼ਾਂ ਵਿੱਚ ਬੈਠ ਕੇ ਅਪਰਾਧਿਕ ਗਤੀਵਿਧੀਆਂ ਚਲਾਉਣ ਵਾਲੇ ਲੋਕਾਂ ਤੱਕ ਵੀ ਕਾਨੂੰਨੀ ਕਾਰਵਾਈ ਪਹੁੰਚਾਈ ਜਾ ਸਕਦੀ ਹੈ।
ਇੰਟਰਪੋਲ ਦੀ ਮਦਦ ਨਾਲ ਰੈੱਡ ਕਾਰਨਰ ਨੋਟਿਸ ਜਾਰੀ
ਵਿਦੇਸ਼ਾਂ ਵਿੱਚ ਫਰਾਰ ਅਪਰਾਧੀਆਂ ਨੂੰ ਲੱਭਣ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੰਜਾਬ ਪੁਲਿਸ ਵੱਲੋਂ ਕੇਂਦਰੀ ਏਜੰਸੀਆਂ ਅਤੇ ਇੰਟਰਪੋਲ ਦੀ ਮਦਦ ਵੀ ਲਈ ਜਾ ਰਹੀ ਹੈ। ਪੁਲਿਸ ਨੇ NCB-ਇੰਡੀਆ ਰਾਹੀਂ ਹੁਣ ਤੱਕ 49 ਰੈੱਡ ਕਾਰਨਰ ਅਤੇ 9 ਬਲੂ ਕਾਰਨਰ ਨੋਟਿਸ ਵੀ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ 13 ਨੋਟਿਸਾਂ ਦੇ ਮਾਮਲੇ ਹਾਲੇ ਵਿਚਾਰ ਅਧੀਨ ਹਨ ਅਤੇ 72 ਹੋਰ ਨੋਟਿਸਾਂ ਦੀ ਪ੍ਰਕਿਰਿਆ ਚੱਲ ਰਹੀ ਹੈ। ਰੈੱਡ ਕਾਰਨਰ ਨੋਟਿਸ ਦਾ ਮਕਸਦ ਕਿਸੇ ਦੇਸ਼ ਵਿੱਚ ਫਰਾਰ ਵਿਅਕਤੀ ਦੀ ਪਛਾਣ ਕਰਕੇ ਉਸ ਦੀ ਗ੍ਰਿਫ਼ਤਾਰੀ ਅਤੇ ਹਵਾਲਗੀ ਦੀ ਪ੍ਰਕਿਰਿਆ ਵਿੱਚ ਮਦਦ ਕਰਨਾ ਹੁੰਦਾ ਹੈ। ਇੱਕ ਮਾਮਲਾ ਵਿਚਾਰ ਅਧੀਨ ਹੈ ਅਤੇ 10 ਹੋਰਾਂ ਦੀ ਪ੍ਰਕਿਰਿਆ ਚੱਲ ਰਹੀ ਹੈ।
