ਵਡੋਦਰਾ – ਗੋਧਰਾ ’ਚ 2002 ’ਚ ਰੇਲ ਗੱਡੀ ਦੇ ਡੱਬੇ ’ਚ ਅੱਗ ਲਗਾਉਣ ਦੇ ਮਾਮਲੇ ’ਚ ਦੋਸ਼ੀ ਠਹਿਰਾਏ ਗਏ ਇਕ ਵਿਅਕਤੀ ਦੀ ਵਡੋਦਰਾ ਦੇ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਇਕ ਅਧਿਕਾਰੀ ਨੇ ਸ਼ਨਿਰਵਾਰ ਨੂੰ ਦੱਸਿਆ ਕਿ ਇਹ ਵਡੋਦਰਾ ਦੀ ਕੇਂਦਰੀ ਜੇਲ੍ਹ ’ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ।ਸਹਾਇਕ ਪੁਲਿਸ ਕਮਿਸ਼ਨਰ ਏਵੀ ਰਾਜਗੋਰ ਨੇ ਦੱਸਿਆ ਕਿ ਬਿਲਾਲ ਇਸਮਾਈਲ ਅਬਦੁਲ ਮਾਜਿਦ ਉਰਫ਼ ਹਾਜ਼ੀ ਬਿਲਾਲ (61) ਦੀ ਸ਼ੁੱਕਰਵਾਰ ਨੂੰ ਪੁਰਾਣੀ ਬਿਮਾਰੀ ਕਾਰਨ ਮੌਤ ਹੋ ਗਈ। ਉਸ ਦਾ ਵਡੋਦਰਾ ਦੇ ਐੱਮਐੱਸਜੀ ਹਸਪਤਾਲ ’ਚ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਬਿਲਾਲ ਪਿਛਲੇ ਤਿੰਨ-ਚਾਰ ਸਾਲ ਤੋਂ ਬਿਮਾਰ ਸੀ।ਸਿਹਤ ਵਿਗੜਨ ’ਤੇ 22 ਨਵੰਬਰ ਨੂੰ ਉਸ ਨੂੰ ਜੇਲ੍ਹ ਤੋਂ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਗੋਧਰਾ ਕਾਂਡ ’ਚ ਉਮਰ ਕੈਦ ਦੀ ਸਜ਼ਾ ਕੱਟ ਰਹੇ 11 ਦੋਸ਼ੀਆਂ ’ਚੋਂ ਬਿਲਾਲ ਵੀ ਇਕ ਸੀ। ਬਿਲਾਲ ਤੇ 10 ਹੋਰ ਲੋਕਾਂ ਨੂੰ 2011 ’ਚ ਐੱਸਆਈਟੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ। ਬਾਅਦ ’ਚ ਗੁਜਰਾਤ ਹਾਈ ਕੋਰਟ ਨੇ ਮੌਤ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲ ਦਿੱਤਾ।