India

ਚੋਣਾਂ ਵਾਲੇ ਸੂਬਿਆਂ ’ਚ ਤੇਜ਼ ਹੋਵੇ ਟੀਕਾਕਰਨ, ਸਿਹਤ ਸਕੱਤਰ ਨਾਲ ਮੁਲਾਕਾਤ ’ਚ ਚੋਣ ਕਮਿਸ਼ਨ ਨੇ ਦਿੱਤਾ ਸੁਝਾਅ

ਨਵੀਂ ਦਿੱਲੀ – ਚੋਣ ਕਮਿਸ਼ਨ ਨੇ ਉੱਤਰ ਪ੍ਰਦੇਸ਼ ਸਮੇਤ ਜਿਨ੍ਹਾਂ ਪੰਜ ਸੂਬਿਆਂ ’ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਉੱਥੇ ਟੀਕਾਕਰਨ ਤੇਜ਼ ਕਰਨ ਦੀ ਸਲਾਹ ਦਿੱਤੀ ਹੈ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂੁਸ਼ਣ ਨਾਲ ਚੋਣਾਂ ਵਾਲੇ ਸੂਬਿਆਂ ’ਚ ਕੋਰੋਨਾ ਇਨਫੈਕਸ਼ਨ ਤੇ ਓਮੀਕ੍ਰੋਨ ਵੈਰੀਐਂਟ ਤੋਂ ਪੈਦਾ ਸਥਿਤੀ ਦੀ ਸਮੀਖਿਆ ਦੌਰਾਨ ਕਮਿਸ਼ਨ ਨੇ ਇਹ ਸੁਝਾਅ ਦਿੱਤਾ। ਕਮਿਸ਼ਨ ਨੇ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੂੰ ਚੋਣਾਂ ਦੌਰਾਨ ਡਰੱਗ ਦੀ ਵਰਤੋਂ ਰੋਕਣ ਲਈ ਅਸਰਦਾਰ ਕਦਮ ਚੁੱਕਣ ਲਈ ਵੀ ਕਿਹਾ।ਲਗਪਗ ਇਕ ਘੰਟੇ ਤਕ ਚੋਣ ਕਮਿਸ਼ਨ ਦੇ ਨਾਲ ਚੱਲੀ ਬੈਠਕ ’ਚ ਸਿਹਤ ਸਕੱਤਰ ਨੇ ਕੋਰੋਨਾ ਦੇ ਹਾਲਾਤ ਤੇ ਟੀਕਾਕਰਨ ਦੀ ਸਥਿਤੀ ਦੀ ਵਿਸਥਾਰਤ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਕੁਝ ਸੂਬਿਆਂ ’ਚ ਓਮੀਕ੍ਰੋਨ ਦੇ ਨਾਲ-ਨਾਲ ਕੋਰੋਨਾ ਇਨਫੈਕਸ਼ਨ ’ਚ ਵਾਧਾ ਦੇਖਿਆ ਜਾ ਰਿਹਾ ਹੈ ਤੇ ਸਰਕਾਰ ਇਸ ਨੂੰ ਰੋਕਣ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ। ਉਨ੍ਹਾਂ ਇਸ ਸਬੰਧ ’ਚ 21 ਦਸੰਬਰ ਨੂੰ ਸਿਹਤ ਮੰਤਰਾਲੇ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਹਵਾਲਾ ਵੀ ਦਿੱਤਾ, ਜਿਸ ਵਿਚ ਸੂੁਬਿਆਂ ਨੂੰ ਨਵੇਂ ਕੰਟੇਨਮੈਂਟ ਉਪਾਵਾਂ ਤੇ ਕੋਰੋਨਾ ਤੋਂ ਬਚਾਅ ਦੇ ਉਪਾਵਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ।ਸਿਹਤ ਸਕੱਤਰ ਭੂਸ਼ਣ ਨੇ ਇਹ ਵੀ ਕਿਹਾ ਕਿ ਓਮੀਕ੍ਰੋਨ ਵੈਰੀਐਂਟ ਦੇ ਕਾਰਨ ਕੋਰੋਨਾ ਦੀ ਤੀਜੀ ਲਹਿਰ ਦੇ ਸ਼ੱਕ ਨੂੰ ਖ਼ਾਰਜ ਨਹੀਂ ਕੀਤਾ ਜਾ ਸਕਦਾ, ਪਰ ਹਾਲੇ ਤਕ ਇਸ ਸਬੰਧ ’ਚ ਸਪਸ਼ਟ ਰੂਪ ਨਾਲ ਕੁਝ ਨਹੀਂ ਕਿਹਾ ਜਾ ਸਕਦਾ। ਓਮੀਕ੍ਰੋਨ ਵੇਰੀਐਂਟ ਦੇ ਤੇਜ਼ੀ ਨਾਲ ਫੈਲਣ ਦੇ ਕਾਰਨ ਸੂਬਿਆਂ ਨੂੰ ਵੱਡੇ ਸਮਾਗਮਾਂ ’ਤੇ ਪਾਬੰਦੀ ਲਾਉਣ ਲਈ ਕਿਹਾ ਗਿਆ ਹੈ। ਚੋਣਾਂ ਦੌਰਾਨ ਵੀ ਇਸ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। ਟੀਕਾਕਰਨ ਦੀ ਸਥਿਤੀ ਦੀ ਜਾਣਕਾਰੀ ਦਿੰਦੇ ਹੋਏ ਰਾਜੇਸ਼ ਭੂਸ਼ਣ ਨੇ ਕਿਹਾ ਕਿ ਗੋਆ ਤੇ ਉੱਤਰਾਖੰਡ ’ਚ 10 ਫ਼ੀਸਦੀ ਤੇ ਉੱਤਰ ਪ੍ਰਦੇਸ਼ ’ਚ 85 ਫ਼ੀਸਦੀ ਬਾਲਗ ਆਬਾਦੀ ਨੂੰ ਪਹਿਲੀ ਡੋਜ਼ ਲੱਗ ਚੁੱਕੀ ਹੈ। ਪੰਜਾਬ ਤੇ ਮਨੀਪੁਰ ’ਚ ਇਹ ਅੰਕਡ਼ਾ 80 ਫ਼ੀਸਦੀ ਤੋਂ ਹੇਠਾਂ ਹੈ। ਚੋਣ ਕਮਿਸ਼ਨ ਨੇ ਉੱਤਰ ਪ੍ਰਦੇਸ਼, ਪੰਜਾਬ ਤੇ ਮਨੀਪੁਰ ’ਚ ਟੀਕਾਕਰਨ ਦੀ ਰਫ਼ਤਾਰ ਤੇਜ਼ ਕਰ ਕੇ ਛੇਤੀ ਤੋਂ ਛੇਤੀ ਸਾਰੇ ਬਾਲਗ ਆਬਾਦੀ ਦਾ ਟੀਕਾਕਰਨ ਯਕੀਨੀ ਬਣਾਉਣ ਦਾ ਨਿਰਦੇਸ਼ ਦਿੱਤਾ।ਅਗਲੇ ਸਾਲ ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਗੋਆ ਤੇ ਮਨੀਪੁਰ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਉੱਤਰਾਖੰਡ, ਪੰਜਾਬ, ਗੋਆ ਤੇ ਮਨੀਪੁਰ ਵਿਧਾਨ ਸਭਾ ਦਾ ਕਾਰਜਕਾਲ ਅਗਲੇ ਸਾਲ ਮਾਰਚ ਵਿਚ ਖ਼ਤਮ ਹੋ ਰਿਹਾ ਹੈ ਜਦਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਦਾ ਕਾਰਜਕਾਲ ਮਈ ’ਚ ਖ਼ਤਮ ਹੋਵੇਗਾ।ਚੋਣ ਕਮਿਸ਼ਨ ਨੇ ਐੱਨਸੀਬੀ, ਸਸ਼ਸਤਰ ਸੀਮਾ ਬਲ (ਐੱਸਐੱਸਬੀ) , ਬੀਐੱਸਐੱਫ ਤੇ ਭਾਰਤ-ਤਿੱਬਤ ਸੀਮਾ ਪੁਲਿਸ (ਆਈਟੀਬੀਪੀ) ਦੇ ਸੀਨੀਅਰ ਅਧਿਕਾਰੀਆਂ ਨਾਲ ਵੀ ਬੈਠਕ ਕੀਤੀ। ਨਾਰਕੋਟਿਕਸ ਕੰਟਰੋਲ ਬਿਊਰੋ ਦੇ ਚੋਣਾਂ ਵਾਲੇ ਸੂਬਿਆਂ ਤੇ ਖ਼ਾਸ ਤੌਰ ’ਤੇ ਪੰਜਾਬ ਤੇ ਗੋਆ ’ਚ ਚੋਣਾਂ ਦੌਰਾਨ ਡਰੱਗ ਦੀ ਵੰਡ ਤੇ ਵਰਤੋਂ ’ਤੇ ਪੂਰੀ ਤਰ੍ਹਾਂ ਰੋਕ ਲਾਉਣ ਦਾ ਨਿਰਦੇਸ਼ ਦਿੱਤਾ। ਉੱਥੇ ਪਾਕਿਸਤਾਨ, ਚੀਨ ਤੇ ਨੇਪਾਲ ਦੀਆਂ ਸਰਹੱਦਾਂ ’ਤੇ ਤਾਇਨਾਤ ਬੀਐੱਸਐੱਫ, ਆਈਟੀਬੀਪੀ ਤੇ ਐੱਸਐੱਸਬੀ ਦੇ ਅਧਿਕਾਰੀਆਂ ਨੂੰ ਨਿਗਰਾਨੀ ਵਧਾਉਣ ਲਈ ਕਿਹਾ ਤਾਂ ਜੋ ਚੋਣਾਂ ਦੌਰਾਨ ਬੇਲੋਡ਼ੇ ਲੋਕਾਂ ਤੇ ਵਸਤਾਂ ਦੀ ਆਵਾਜਾਈ ’ਤੇ ਰੋਕ ਲਾਈ ਜਾ ਸਕੇ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਕਾਨੂੰਨ ਤੇ ਸੰਵਿਧਾਨ ਦੀ ਵਿਆਖਿਆ ਸਮਾਜ ਦੀਆਂ ਲੋੜਾਂ ਮੁਤਾਬਕ ਹੋਵੇ: ਗਵਈ

admin

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin