ਅੰਮ੍ਰਿਤਸਰ – ਭਾਜਪਾ ਦੇ ਸੀਨੀਅਰ ਆਗੂ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸਬੰਧ ’ਚ ਕੇਂਦਰ ਸਰਕਾਰ ਨੂੰ ਰਾਸ਼ਟਰੀ ਪੱਧਰ ’ਤੇ ਛੁੱਟੀ ਐਲਾਨਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼, ਕੌਮ ਅਤੇ ਮਜ਼ਲੂਮਾਂ ਦੀ ਰੱਖਿਆ ਲਈ ਆਪਣਾ ਸਰਬੰਸ ਵਾਰਨ ਵਾਲੇ ਦਸ਼ਮੇਸ਼ ਪਿਤਾ ਇਕ ਅਧਿਆਤਮਿਕ ਗੁਰੂ, ਮਹਾਨ ਯੋਧਾ, ਉੱਚ ਕੋਟੀ ਦੇ ਕਵੀ ਅਤੇ ਦਾਰਸ਼ਨਿਕ ਸੀ। ਜਿਨ੍ਹਾਂ ਨੇ ਵਿਸਾਖੀ ਵਾਲੇ ਦਿਨ 1699 ਈ: ’ਚ ਧਰਮ ਅਤੇ ਸਮਾਜ ਦੀ ਰਾਖੀ ਲਈ ਖ਼ਾਲਸਾ ਪੰਥ ਦੀ ਸਿਰਜਨਾ ਕੀਤੀ ਅਤੇ ਮੁਗਲ ਸਾਮਰਾਜ ਵਿਰੁੱਧ ਜੰਗਾਂ ਲੜੀਆਂ।
ਇਸ ਮੌਕੇ ਸ: ਛੀਨਾ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਭੇਜੇ ਆਪਣੇ ਪੱਤਰ ਰਾਹੀਂ ਅਪੀਲ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਦਿੱਤੀ ਗਈ ਕੁਰਬਾਨੀ ਤੋਂ ਸਮੂੰਹ ਜਗਤ ਵਾਕਿਫ ਹੈ ਅਤੇ ਨਿੱਕੀਆਂ ਜਿੰਦਾ, ਵੱਡੇ ਸਾਕੇ ਗੁਰੂ ਗੋਬਿੰਦ ਸਿੰਘ ਦੇ ਚਾਰ ਪੁੱਤਰਾਂ ’ਚੋਂ ਛੋਟੇ ਸਾਹਿਬਜ਼ਾਦੇ ਫਤਿਹ ਸਿੰਘ ਅਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੂੰ ਸਰਹਿੰਦ ਦੇ ਮੁਗਲ ਵਜ਼ੀਰ ਖਾਨ ਦੁਆਰਾ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰਨ ਕਰਕੇ ਜ਼ਿੰਦਾ ਕੰਧ ’ਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ ਅਤੇ ਦੋ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ, ਦਸੰਬਰ 1704 ’ਚ ਚਮਕੌਰ ਦੀ ਮੁਗ਼ਲ ਫ਼ੌਜ ਦੇ ਖ਼ਿਲਾਫ਼ ਹੋਈ ਜੰਗ ’ਚ ਸ਼ਹੀਦ ਹੋਏ। ਜਿਨ੍ਹਾਂ ਨੂੰ ‘ਚਾਰ ਸਾਹਿਬਜ਼ਾਦਿਆਂ’ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਇਨ੍ਹਾਂ ਦੀ ਮਹਾਨ ਸ਼ਹਾਦਤ ਨੂੰ ਨਮਨ ਕਰਨ ਦੇ ਸਬੰਧ ’ਚ ਆਪ ਵੱਲੋਂ 21 ਤੋਂ 27 ਦਸੰਬਰ ਨੂੰ ‘ਵੀਰ ਬਾਲ ਦਿਵਸ’ ਘੋਸ਼ਿਤ ਕੀਤਾ ਗਿਆ ਹੈ।
ਸ: ਛੀਨਾ ਨੇ ਸ੍ਰੀ ਮੋਦੀ ਨੂੰ ਗੁਰੂ ਸਾਹਿਬ ਵੱਲੋਂ ਕੌਮ ਖਾਤਿਰ ਲੜੀਆਂ ਗਈਆਂ ਭੰਗਾਣੀ, ਨਦੌਣ, ਗੁਲੇਰ, ਸ੍ਰੀ ਅਨੰਦਪੁਰ ਸਾਹਿਬ, ਨਿਰਮੋਹਗੜ੍ਹ, ਬਸੋਲੀ, ਚਮਕੌਰ ਆਦਿ ਮਹਾਨ ਜੰਗਾਂ ਦਾ ਵਰਨਣ ਕਰਦਿਆਂ ਕਿਹਾ ਕਿ ਸਰਬੰਸਦਾਨੀ, ਸ਼ਾਹ-ਏ-ਸ਼ਹਿਨਸ਼ਾਹ, ਦਸਮੇਸ਼ ਪਿਤਾ ਜਾਂ ਦਸਮ ਪਿਤਾ, ਸੰਤ-ਸਿਪਾਹੀ, ਕਲਗੀਆਂ ਵਾਲਾ ਅਤੇ ਬਾਜਾਂ ਵਾਲਾ ਵਰਗੇ ਕਈ ਨਾਵਾਂ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਤਿਕਾਰੇ ਜਾਂਦੇ ਹਨ। ਉਨ੍ਹਾਂ ਕੇਂਦਰ ਸਰਕਾਰ ਨੂੰ ਇਸ ਮਹਾਨ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮੂੰਹ ਭਾਰਤ ’ਚ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਉਣ ਲਈ ਰਾਸ਼ਟਰੀ ਪੱਧਰ ’ਤੇ ਛੁੱਟੀ ਦਾ ਐਲਾਨ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਇਸ ਗੱਲ ’ਤੇ ਧਿਆਨ ਕੇਂਦਰਿਤ ਕਰਦਿਆਂ ਕਿਹਾ ਕਿ ਪੰਜਾਬ ਸਮੇਤ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਗੁਰੂ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ’ਤੇ ਛੁੱਟੀ ਘੋਸ਼ਿਤ ਕੀਤੀ ਜਾਂਦੀ ਹੈ, ਜਦ ਕਿ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਉਹ ਇਸ ਪਵਿੱਤਰ ਦਿਹਾੜੇ ’ਤੇ ਰਾਸ਼ਟਰੀ ਪੱਧਰ ’ਤੇ ਛੁੱਟੀ ਘੋਸ਼ਿਤ ਕਰੇ ਤਾਂ ਜੋ ਹਰੇਕ ਵਰਗ ਦਾ ਭਾਈਚਾਰਾ ਉਨ੍ਹਾਂ ਦੇ ਜੀਵਨ ਅਤੇ ਫ਼ਲਸਫੇ ਤੋਂ ਸੇਧ ਲੈ ਸਕੇ ਅਤੇ ਸੁਹਿਰਦ ਸਮਾਜ ਲਈ ਆਪਣੀ ਅਹਿਮ ਭੂਮਿਕਾ ਨੂੰ ਨਿਭਾਉਣ ਦੇ ਕਾਬਿਲ ਹੋਵੇ।