ਮੈਲਬੌਰਨ – ਸ਼ੋਧਕਰਤਾਵਾਂ ਦੀ ਇਕ ਟੀਮ ਨੇ ਪਾਇਆ ਹੈ ਕਿ ਆਸਟ੍ਰੇਲੀਆ ’ਚ ਵਿਕਸਤ ਨਵਜਾਤਾਂ ਦੀ ਇਕ ਨਵੀਂ ਰੋਟਾਵਾਇਰਸ ਵੈਕਸੀਨ ਆਰਵੀ3-ਬੀਬੀ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ ਤੇ ਉਸ ਨੇ ਅਫਰੀਕੀ ਬੱਚਿਆਂ ਦੀ ਪ੍ਰਤੀਰੱਖਿਆ ਪ੍ਰਤੀਕਿਰਿਆ ’ਚ ਕਾਫ਼ੀ ਵਾਧਾ ਕੀਤਾ ਹੈ। ਇਹ ਅਧਿਐਨ ‘ਲੈਂਸੇਟ ਇਨਫੈਕਸ਼ੀਅਸ ਡਿਸੀਜ਼ ਜਰਨਲ’ ’ਚ ਪ੍ਰਕਾਸ਼ਿਤ ਹੋਇਆ ਹੈ। ਸ਼ੋਧਕਰਤਾਵਾਂ ਨੇ ਪਾਇਆ ਕਿ ਵੈਕਸੀਨ ਦੀ ਘੱਟ ਮਾਤਰਾ ਵਾਲੀ ਖ਼ੁਰਾਕ ਨੇ ਵੀ ਪ੍ਰਤੀਰੱਖਿਆ ’ਤੇ ਉੱਚ ਮਾਤਰਾ ਵਾਲੀ ਖ਼ੁਰਾਕ ਵਾਂਗ ਹੀ ਅਸਰ ਪਾਇਆ। ਇਸ ਨਾਲ ਨਿਰਮਾਤਾਵਾਂ ਨੂੰ ਵੈਕਸੀਨ ਉਤਪਾਦਨ ਲਾਗਤ ਘੱਟ ਕਰਨ ਦਾ ਮੌਕਾ ਮਿਲਿਆ। ਹੋਰ ਰੋਟਾਵਾਇਰਸ ਵੈਕਸੀਨ ਡਾਇਰੀਆ ਦੇ ਕਾਰਨ ਮੌਤਾਂ ਤੇ ਹਸਪਤਾਲ ’ਚ ਭਰਤੀ ਹੋਣ ਦੀ ਦਰ ਨੂੰ ਘੱਟ ਕਰਦੀਆਂ ਹਨ, ਪਰ ਉੱਚ ਬਾਲ ਮੌਤ ਦਰ ਵਾਲੇ ਦੇਸ਼ਾਂ ’ਚ ਘੱਟ ਅਸਰਦਾਰ ਹਨ। ਆਰਵੀ3-ਬੀਬੀ ਦੀਆਂ ਅਨੋਖੀਆਂ ਖ਼ਾਸੀਅਤਾਂ ਨੇ ਜਨਮ ਦੇ ਤੁਰੰਤ ਬਾਅਦ ਦਿੱਤੀ ਜਾਣ ਵਾਲੀ ਪਹਿਲੀ ਖ਼ੁਰਾਕ ਦੇ ਨਾਲ ਹੀ ਅਫਰੀਕਾ ਤੇ ਏਸ਼ੀਆ ਦੇ ਬੱਚਿਆਂ ’ਚ ਘਾਤਕ ਰੋਟਾਵਾਇਰਸ ਡਾਇਰੀਆ ਖ਼ਿਲਾਫ਼ ਮਜ਼ਬੂਤ ਪ੍ਰਤੀਰੱਖਿਆ ਪ੍ਰਤੀਕਿਰਿਆ ਵਿਕਸਤ ਕੀਤੀ। ਆਸਟ੍ਰੇਲੀਆ ਦੇ ਮਰਡੋਕ ਚਿਲਡਰਨ ਰਿਸਰਚ ਇੰਸਟੀਚਿਊਟ (ਐੱਮਸੀਆਰਆਈ), ਮਲਾਵੀ ਲਿਵਰਪੂਲ ਵੈਲਕਮ ਕਲੀਨਿਕਲ ਰਿਸਰਚ ਪ੍ਰੋਗਰਾਮ ਤੇ ਬ੍ਰਿਟੇਨ ਸਥਿਤ ਯੂਨੀਵਰਸਿਟੀ ਆਫ ਲਿਵਰਪੂਲ ਦੇ ਸ਼ੋਧਕਰਤਾਵਾਂ ਨੇ ਪਾਇਆ ਹੈ ਕਿ ਆਸਟ੍ਰੇਲੀਆ ’ਚ ਵਿਕਸਤ ਰੋਟਾਵਾਇਰਸ ਵੈਕਸੀਨ ਦੀ ਘੱਟ ਖ਼ੁਰਾਕ ਨੇ ਅਫਰੀਕਾ ’ਚ ਘਾਤਕ ਡਾਇਰੀਆ ਦੇ ਜ਼ੋਖ਼ਿਮ ਵਾਲੇ ਬੱਚਿਆਂ ’ਚ ਇਕ ਮਜ਼ਬੂਤ ਪ੍ਰਤੀਰੱਖਿਆ ਪ੍ਰਤੀਕਿਰਿਆ ਪੈਦਾ ਕੀਤੀ। ਸਟੇਜ-2 ਦੇ ਕਲੀਨਿਕਲ ਪ੍ਰੀਖਣ ਦੀ ਸਹਿ ਅਗਵਾਈ ਮਰਡੋਕ ਸੰਸਥਾਨ ਦੀ ਪ੍ਰੋਫੈਸਰ ਜੂਲੀ ਬਿਨਸ ਤੇ ਯੂਨੀਵਰਸਿਟੀ ਆਫ ਲਿਵਰਪੂਲ ਦੇ ਪ੍ਰੋਫੈਸਰ ਨਿਗੇਲ ਕੁਨਲਿਫ ਨੇ ਕੀਤੀ ਸੀ।