ਬਰਤਾਨੀਆ ਦੇ ਮੋਟਰ ਕਾਰ ਮਾਲਕਾਂ ਨੂੰ ਹਮੇਸ਼ਾ ਮਕੈਨਿਕਾਂ ਤੋਂ ਸਾਵਧਾਨ ਰਹਿਣ ਦੀ ਸਖਤ ਲੋੜ ।
ਬਰਤਾਨੀਆ ਦੇ ਮੋਟਰ ਕਾਰ ਮਾਲਕਾਂ ਨੂੰ ਕਾਰ ਮਕੈਨਿਕਾਂ ਤੋਂ ਸਾਵਧਾਨ ਰਹਿਣ ਦੀ ਲੋੜ ।
ਕਈ ਵਾਰ ਸਮੱਸਿਆ ਏਡੀ ਵੱਡੀ ਨਹੀਂ ਹੁੰਦੀ ਜਿੱਡੀ ਉਸ ਨੂੰ ਸਮਝ ਲਿਆ ਜਾਂਦਾ ਹੈ ਜਾਂ ਬਣਾ ਦਿੱਤਾ ਜਾਂਦਾ ਹੈ । ਮਕੈਨੀਕਲ ਜਾਣਕਾਰੀ ਨਾ ਹੋਣ ਦੀ ਵਜਹ ਕਰਕੇ ਸਾਡੇ ਕੋਲ ਕਾਰ ਮਕੈਨਿਕਾਂ ਉਤੇ ਭਰੋਸਾ ਕਰਨ ਤੋਂ ਇਲਾਵਾ ਹੋਰ ਕੋਈ ਚਾਰਾਂ ਵੀ ਨਹੀਂ ਹੁੰਦਾ, ਪਰ ਜੇਕਰ ਥੋੜ੍ਹਾ ਜਿਹਾ ਬੁੱਧੀ ਦਾ ਇਸਤੇਮਾਲ ਕੀਤਾ ਜਾਵੇ ਤਾਂ ਵੱਡਾ ਫ਼ਾਇਦਾ ਹੋ ਸਕਦਾ ਹੈ ਤੇ ਹਥਲੀ ਚਰਚਾ ਵਿੱਚਲੀ ਘਟਨਾ ਏਹੀ ਕੁੱਜ ਬਿਆਨ ਕਰਦੀ ਹੈ ।
ਮੈਂ ਮੋਟਰ ਵੇ ‘ਤੇ ਕੋਈ 80 – 90 ਮੀਲ ਫੀ ਘੰਟੇ ਦੀ ਰਫ਼ਤਾਰ ਨਾਲ ਜਾ ਰਿਹਾ ਸਾਂ ਕਿ ਮੇਰੀ ਕਾਰ ਦੀ ਅਵਾਜ ਅਚਾਨਕ ਕੰਨ ਚੀਰਵੀਂ ਹੋ ਗਈ । ਇਸ ਤਰਾਂ ਲੱਗਾ ਜਿਵੇਂ ਕੋਈ ਹਵਾਈ ਜਹਾਜ਼ ਉਡਾਣ ਭਰਨ ਵੇਲੇ ਰੌਲਾ ਪਾਉੰਦਾ ਹੈ । ਕਾਰ ਨੂੰ ਹਾਰਡ ਸੋਲਡਰ ‘ਤੇ ਹੈਜਰਡ ਲਾਇਟਾਂ ਲਗਾ ਕੇ ਪਾਰਕ ਕੀਤਾ, ਬੋਨਟ ਖੋਹਲ ਕੇ, ਕਾਰ ‘ਚੋਂ ਬਾਹਰ ਨਿਕਲਿਆ, ਇੰਜਨ ਦੇ ਅੰਦਰ ਝਾਤੀ ਮਾਰੀ ਤਾਂ ਕੁੱਜ ਵੀ ਖ਼ਰਾਬ ਨਜ਼ਰ ਨਾ ਆਇਆ, ਫਿਰ ਕਾਰ ਸਟਾਰਟ ਕਰਕੇ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਕਾਰ ਦਾ ਇੰਜਨ ਤਾਂ ਨੁਕਸ ਰਹਿਤ ਹੈ, ਸਿਰਫ ਐਗਜਾਸਟ (ਧੂੰਏਂ ਵਾਲਾ ਪਾਇਪ) ਫਟ ਗਿਆ ਹੈ । ਸੋ ਖ਼ਤਰੇ ਵਾਲੀ ਕੋਈ ਗੱਲ ਨਾ ਹੋਣ ਕਰਕੇ ਕਾਰ ਡਰਾਇਵ ਕਰਕੇ ਘਰ ਪਹੁੰਚ ਗਿਆ । ਅਗਲੇ ਦਿਨ ਕਾਰ ਦੇ ਐਗਜਾਸਟ ਦੀ ਮੁਰੰਮਤ ਕਰਾਉਣ ਵਾਸਤੇ, ਕਾਰ ਆਪਣੇ ਸ਼ਹਿਰ ਦੇ ਖੜੇ ਪੈਰ ਕਾਰਾ ਦੀ ਮੁਰੰਮਤ ਕਰਨ ਵਾਲੇ ਗੈਰੇਜ ਕਵਿਕ ਫਿੱਟ ਚ ਲੈ ਗਿਆ । ਮਕੈਨਿਕ ਨੇ ਕਾਰ ਰੈਂਪ ‘ਤੇ ਚੜ੍ਹਾਈ ਤੇ ਉੱਚੀ ਕਰਕੇ ਚੈੱਕ ਕਰਨ ਲੱਗ ਪਿਆ । ਕੁੱਜ ਚਿਰ ਚੈੱਕ ਕਰਨ ਤੋਂ ਬਾਅਦ ਉਹ ਮੇਰੇ ਕੋਲ ਆਇਆ ਤੇ ਮੈਨੂੰ ਗੈਰੇਜ ਦੇ ਅੰਦਰ ਲੈ ਗਿਆ । ਉਸ ਨੇ ਮੈਨੂੰ ਧੂੰਏਂ ਦੀ ਨਿਕਾਸੀ ਵਾਲਾ ਫਟਿਆ ਹੋਇਆ ਪਾਇਪ ਦਿਖਾਇਆ ਤੇ ਨਾਲ ਹੀ ਕਈ ਹੋਰ ਨੁਕਸ ਵੀ ਦੱਸੇ । ਉਸ ਮਕੈਨਿਕ ਨੇ ਮੈਨੂੰ ਦੱਸਿਆ ਕਿ ਧੂੰਆਂ ਨਿਕਾਸੀ ਪਾਇਪ (exhaust ) ਦੇ ਤਿੰਨ ਹਿੱਸੇ ਹੁੰਦੇ ਹਨ – ਪਹਿਲੇ ਹਿੱਸੇ ਨੂੰ ਹਾਊਸਿੰਗ, ਦੂਜੇ ਨੂੰ ਮਿਡਲ ਤੇ ਤੀਜੇ ਨੂੰ ਟੇਲ ਬਾਕਸ ਕਹਿੰਦੇ ਹਨ ਤੇ ਤੁਹਾਡੀ ਕਾਰ ਦੇ ਇਹ ਸਾਰੇ ਹਿੱਸੇ ਹੀ ਨੁਕਸਦਾਰ ਹਨ ਜਿਹਨਾ ਨੂੰ ਫ਼ੌਰੀ ਤੌਰ ‘ਤੇ ਬਦਲਣ ਦੀ ਜ਼ਰੂਰਤ ਹੈ । ਫਿਰ ਉਸ ਨੇ ਚਾਬੀ ਨਾਲ ਇਸ਼ਾਰਾ ਪਿਛਲੇ ਪਹੀਆਂ ਦੇ ਬਰੇਕ ਡਰੱਮ ਤੇ ਬਰੇਕ ਪੈਡਾਂ ਵੱਲ ਕਰਕੇ ਦੱਸਿਆ ਕਿ ਉਹ ਵੀ ਬਹੁਤ ਘਸ ਚੁੱਕੇ ਹਨ ਤੇ ਨਵੇਂ ਪੈਣ ਵਾਲੇ ਹਨ । ਅਗਲਾ ਨੁਕਸ ਉਸ ਨੇ ਇਹ ਦੱਸਿਆ ਕਿ ਬਰੇਕਾਂ ਵਾਸਤੇ ਹਾਈਡਰਾਲਿਕ ਪਾਇਪ ਵੀ ਜੰਗਾਲ਼ ਦੇ ਖਾਧੇ ਹੋਏ ਹਨ । ਮਕੈਨਿਕ ਦੀ ਸਾਰੀ ਗੱਲ ਸੁਣਕੇ ਮੈਂ ਉਸ ਤੋਂ ਜਦ ਅੰਦਾਜ਼ਨ ਖਰਚ ਬਾਰੇ ਪੁਛਿਆ ਤਾਂ ਉਸਦਾ ਜਵਾਬ ਸੁਣਕੇ ਮੇਰੇ ਬਲੱਡ ਪਰੈਸ਼ਰ ਦਾ ਪਾਰਾ ਇਕ ਦਮ ਉੱਪਰ ਚੜ੍ਹ ਗਿਆ ਕਿਉਂਕਿ ਇਹਨਾ ਸਾਰੇ ਨੁਕਸਾਂ ਨੂੰ ਠੀਕ ਕਰਨ ਤੇ ਪਾਰਟ ਨਵੇਂ ਪਾਉਣ ਵਾਸਤੇ ਉਹ £1500.00 ਦੇ ਲਗਭਗ ਦਾ ਖ਼ਰਚਾ ਦੱਸ ਰਿਹਾ ਸੀ ।
ਮੈਂ ਉਸ ਨੂੰ ਕਿਹਾ ਕਿ ਕਾਰ ਨੂੰ ਰੈਂਪ ਤੋਂ ਹੇਠਾਂ ਉਤਾਰ ਕੇ ਗੈਰੇਜ ਤੋਂ ਬਾਹਰ ਕੱਢ ਦੇਵੇ । ਉਸ ਨੇ ਮੈਨੂੰ ਪੁਛਿਆ ਕਿ ਕੀ ਤੁਸੀ ਕਾਰ ਦੀ ਮੁਰੰਮਤ ਨਹੀਂ ਕਰਾਉਣੀ ? ਤਾਂ ਮੈਂ ਉਸ ਨੂੰ ਦੱਸਿਆ ਕਿ ਮੁਰੰਮਤ ਤਾਂ ਕਰਾਉਣੀ ਹੈ ਪਰ ਪਹਿਲਾ ਪੈਸਿਆ ਦਾ ਇੰਤਜ਼ਾਮ ਤਾਂ ਕਰ ਲਵਾਂ । ਇਹ ਸੁਣਕੇ ਉਸ ਨੇ ਕਿਹਾ ਕਿ ਤੁਸੀਂ ਕਰੈਡਿਟ ਕਾਰਡ ‘ਤੇ ਅਦਾ ਕਰ ਸਕਦੇ ਹੋ ਤਾਂ ਮੈਂ ਉਸ ਨੂੰ ਬਹਾਨਾ ਮਾਰਿਆਂ ਕਿ ਕਰੈਡਿਟ ਕਾਰਡ ਉੱਤੇ ਤਾਂ ਮੈਂ ਪਹਿਲਾ ਹੀ ਬਹੁਤ ਪੈਸੇ ਖਰਚ ਚੁੱਕਾ ਹਾਂ । ਖ਼ੈਰ ! ਮਕੈਨਿਕ ਨੇ ਕਾਰ ਗੈਰੇਜ ਤੋਂ ਬਾਹਰ ਕੱਢ ਦਿੱਤੀ ਤੇ ਮੈਂ ਉਸ ਨੂੰ ਜਲਦੀ ਵਾਪਸ ਮੁੜਨ ਦਾ ਵਾਅਦਾ ਕਰਕੇ ਚੱਲਦਾ ਬਣਿਆ । ਕਵਿਕ ਫਿੱਟ ਦੀ ਗੈਰੇਜ ਤੋਂ ਨਿਕਲਕੇ ਮੈਂ ਸਿੱਧਾ ਹਾਲਫੋਰਡ ਸਟੋਰ ਜਾ ਪਹੁੰਚਾ । ਇਹ ਉਹ ਸਟੋਰ ਹੈ ਜਿੱਥੇ ਕਾਰਾਂ ਦੇ ਪਾਰਟ ਤੇ ਹੋਰ ਸਮਾਨ ਮਿਲਦਾ ਹੈ । ਉੱਥੋਂ ਇਕ ਸੇਲਜ ਮੈਨ ਦੀ ਮੱਦਦ ਨਾਲ ਮੈਂ ਕਾਰਾ ਦੀ ਧੂਆਂ ਨਿਕਾਸੀ ਪਾਇਪ ਦੀ ਮੁਰੰਮਤ ਕਰਨ ਵਾਲੀ ਕਿੱਟ £2.99 ਵਿੱਚ ਖਰੀਦ ਲਈ । ਇਹ ਪਤਾ ਮੈਨੂੰ ਕਵਿਕ ਫਿੱਟ ਗੈਰੇਜ ਦੇ ਮਕੈਨਿਕ ਤੋਂ ਪਹਿਲਾਂ ਹੀ ਲੱਗ ਹੀ ਚੁੱਕਾ ਸੀ ਕਿ ਧੂੰਏ ਵਾਲਾ ਪਾਇਪ ਕਿਥੋ ਤੇ ਕਿੰਨਾ ਕੁ ਫਟਿਆ ਹੋਇਆ ਹੈ । ਸੋ ਮੁਰੰਮਤ ਕਿੱਟ ਲੈ ਵਾਪਸ ਘਰ ਪਹੁੰਚ ਗਿਆ । ਕਾਰ ਜੈਕ ਲਗਾ ਕੇ ਉਚੀ ਕੀਤੀ ਤੇ ਉਸ ਮੁਰੰਮਤ ਕਿੱਟ ਨਾਲ ਧੂੰਏ ਵਾਲੀ ਪਾਇਪ ਦੀ ਮੁਰੰਮਤ ਕਰ ਦਿੱਤੀ । ਮੁਰੰਮਤ ਕਰਨ ਤੋ ਬਾਅਦ ਕਾਰ ਸਟਾਰਟ ਕੀਤੀ ਤਾਂ ਬਿਲਕੁਲ ਪਹਿਲਾਂ ਵਾਂਗ ਅਵਾਜ ਸਹੀ ਤੇ ਸ਼ਾਂਤ ਹੋ ਗਈ । ਤੁਸੀਂ ਯਕੀਨ ਕਰੋ ਕਿ ਉਹ ਕਾਰ ਬਾਦ ਚ ਲਗਭਗ ਮੈਂ ਤਿੰਨ ਸਾਲ ਚਲਾਈ ਤੇ ਉਸ ਨੂੰ ਨਾ ਹੀ ਦੁਬਾਰਾ ਕਦੇ ਐਗਜਾਸਟ ਦੀ ਮੁਸ਼ਕਲ ਪੈਦਾ ਹੋਈ ਕੇ ਨਾ ਹੀ ਬਰੇਕ ਡਰੱਮ, ਬਰੇਕ ਪੈਡ ਤੇ ਹਾਈਡਰਾਲਿਕ ਪਾਇਪ ਦੀ । ਕਹਿਣ ਦਾ ਭਾਵ ਥੋੜਾ ਜਿਹਾ ਦਿਮਾਗ ਵਰਤਕੇ ਸਾਰੀ ਸਮੱਸਿਆ ਸਿਰਫ £2.99 ਨਾਲ ਹੱਲ ਹੋ ਗਈ । ਜੇਕਰ ਅਜਿਹਾ ਨਾ ਕਰਦਾ ਤਾਂ ਹੋ ਸਕਦਾ ਹੈ ਕਿ £1500.00 ਦੀ ਬਜਾਏ £1800.00 ਵੀ ਲੱਗ ਜਾਂਦਾ ।
ਸੋ ਖਰੀਦੋ ਫ਼ਰੋਖ਼ਤ ਕਰਨ ਵੇਲੇ ਸਾਵਧਾਨੀ ਵਰਤਣੀ ਜਰੂਰੀ ਹੈ । ਵਪਾਰੀ ਕੋਲ ਅੰਨੇ ਬੋਲੇ ਬਣਕੇ ਜਾਵਾਂਗੇ ਕੇ ਇਹ ਗੱਲ ਪੱਕੀ ਹੈ ਕਿ ਉਸ ਕੋਲੋਂ ਛਿਲ ਲੁਹਾ ਕੇ ਹੀ ਵਾਪਸ ਆਵਾਂਗੇ । ਇਥੇ ਇਹ ਵੀ ਜਿਕਰ ਕਰਨਾ ਚਾਹਾਂਗਾ ਕਿ ਬੇਸ਼ਕ ਸਾਰੇ ਕਾਰ ਮਕੈਨਿਕ ਜਾਂ ਗੈਰੇਜਾਂ ਨਾਲੇ ਬੁਰੇ ਨਹੀ ਹੁੰਦੇ, ਪਰ ਇਹਨਾਂ ਦੀ ਬਹੁ ਗਿਣਤੀ ਸਾਡੀਆਂ ਜੇਬਾਂ ਉਤੇ ਨਜਰ ਰੱਖਕੇ ਹੀ ਆਪੋ ਆਪਣਾ ਵਪਾਰ ਕਰਦੀ ਹੈ । ਹੁਣ ਉਹਨਾ ਦੀ ਇਸ ਬਿਰਤੀ ਤੋ ਬਚਣਾ ਕਿਵੇਂ ਹੈ, ਇਹ ਸੋਚਣਾ ਉਹਨਾ ਦਾ ਨਹੀ ਸਗੋ ਸਾਡਾ ਕੰਮ ਹੈ । ਸੋ ਹਮੇਸ਼ਾ ਚੌਕੰਨੇ ਰਹਿਣ ਦੀ ਲੋੜ ਹੈ । ਆਸ ਹੈ ਤੁਹਾਨੂੰ ਮੇਰੇ ਇਹ ਹੱਡੀਂ ਹੰਢਾਏ ਤਜਰਬੇ ਪਸੰਦ ਆ ਰਹੇ ਹੋਣਗੇ ।
. . . (ਚੱਲਦਾ)