ਟੋਕੀਓ – ਜਾਪਾਨ ਦੇ ਨਵੇਂ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਫੋਨ ’ਤੇ ਕਰੀਬ 20 ਮਿੰਟ ਤਕ ਗੱਲਬਾਤ ਕੀਤੀ। ਦੋਵਾਂ ਨੇ ਚੀਨ ਤੇ ਉੱਤਰੀ ਕੋਰੀਆ ਨਾਲ ਵਧ ਰਹੀਆਂ ਚੁਣੌਤੀਆਂ ਦੇ ਮੱਦੇਨਜ਼ਰ ਅਮਰੀਕਾ ਤੇ ਜਾਪਾਨ ’ਚ ਸਹਿਯੋਗ ਵਧਾਉਣ ਬਾਰੇ ਪ੍ਰਤੀਬੱਧਤਾ ਪ੍ਰਗਟਾਈ।
ਸੰਸਦ ਵੱਲੋਂ ਚੁਣੇ ਜਾਣ ਤੋਂ ਬਾਅਦ ਸੋਮਵਾਰ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਵਾਲੇ ਕਿਸ਼ਿਦਾ ਨੇ ਕਿਹਾ ਕਿ ਬਾਇਡਨ ਨੇ ਜਾਪਾਨ ਦੇ ਕੰਟਰੋਲ ਵਾਲੇ ਪੂਰਬੀ ਚੀਨ ’ਚ ਸੇਨ ਕਾਕੂ ਟਾਪੂ ਦੀ ਰੱਖਿਆ ਕਰਨ ਦਾ ਭਰੋਸਾ ਦਿੱਤਾ ਹੈ। ਚੀਨ ਇਸ ਟਾਪੂ ’ਤੇ ਦਾਅਵਾ ਕਰਦਾ ਹੈ ਕਿ ਉਸ ਨੇ ਖੇਤਰ ’ਚ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ। ਕਿਸ਼ਿਦਾ ਨੇ ਕਿਹਾ, ਬਾਇਡਨ ਨੇ ਸੇਨਕਾਕੂ ਸਮੇਤ ਜਾਪਾਨ ਦੀ ਸੁਰੱਖਿਆ ਦਾ ਵਾਅਦਾ ਕੀਤਾ ਹੈ। ਬਤੌਰ ਪ੍ਰਧਾਨ ਮੰਤਰੀ ਪਹਿਲੀ ਵਾਰ ਅਮਰੀਕੀ ਰਾਸ਼ਟਰਪਤੀ ਨਾਲ ਗੱਬ ਕਰਨ ਵਾਲੇ ਕਿਸ਼ਿਦਾ ਨੇ ਦੱਸਿਆ ਕਿ ਦੋਵੇਂ ਦੇਸ਼ ਚੀਨ ਤੇ ਉੱਤਰੀ ਕੋਰੀਆ ਮਿਲ ਰਹੀਆਂ ਚੁਣੌਤੀਆਂ ਦਾ ਮਿਲ ਕੇ ਸਾਹਮਣਾ ਕਰਨਗੇ। ਉਨ੍ਹਾਂ ਨੇ ਜਾਪਾਨ ਦੀ ਮਿਜ਼ਾਈਲ ਤੇ ਨੇਵੀ ਸਮਰੱਥਾ ਨੂੰ ਮਜ਼ਬੂਤ ਕਰਨ ਦੀ ਵੀ ਵਕਾਲਤ ਕੀਤੀ ਹੈ। ਕਿਸ਼ਿਦਾ ਚੀਨ ਤੇ ਪਰਮਾਣੂ ਸੰਪਨ ਉਤਰੀ ਕੋਰੀਆ ਦਾ ਮੁਕਾਬਲਾ ਕਰਨ ਲਈ ਮਜ਼ਬੂਤ ਜਾਪਾਨ-ਅਮਰੀਕਾ ਸੁਰੱਖਿਆ ਸਬੰਧਾਂ ਦੇ ਹਾਮੀ ਹਨ।