Punjab

‘ਜੀਨ ਬੈਂਕ’ ਫ਼ਸਲਾਂ ਦੀ ਸੰਭਾਲ ਲਈ ਪੀਏਯੂ ਦੀ ਚੰਗੀ ਪਹਿਲ !

ਪੀਏਯੂ ਨੇ ਜੀਨ ਬੈਂਕ ਸਥਾਪਤ ਕੀਤਾ ਹੈ।

ਲੁਧਿਆਣਾ – ਦੇਸ਼ ਦੇ ਅੰਨ ਭੰਡਾਰ ਵਜੋਂ ਮਸ਼ਹੂਰ ਪੰਜਾਬ ਦੀ ਖੇਤੀਬਾੜੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਨੇ ਇੱਕ ਅਹਿਮ ਕਦਮ ਚੁੱਕਦਿਆਂ ਜੀਨ ਬੈਂਕ ਸਥਾਪਤ ਕੀਤਾ ਹੈ। ਇਸ ਵਿੱਚ ਵੱਖ-ਵੱਖ ਫ਼ਸਲਾਂ ਦੇ ਬੀਜ ਨਿਯੰਤਰਿਤ ਤਾਪਮਾਨ ਅਤੇ ਨਮੀ ਵਾਲੇ ਵਾਤਾਵਰਨ ਵਿੱਚ ਸੰਭਾਲੇ ਜਾਂਦੇ ਹਨ ਤਾਂ ਜੋ ਉਨ੍ਹਾਂ ਦੀ ਅੰਕੁਰਣ ਸਮਰੱਥਾ ਅਤੇ ਜੈਨੇਟਿਕ ਵਿਸ਼ੇਸ਼ਤਾਵਾਂ ਲੰਬੇ ਸਮੇਂ ਤੱਕ ਸੁਰੱਖਿਅਤ ਰਹਿ ਸਕਣ।

ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਬੀਜਾਂ ਦੀ ਸਮੇਂ ਸਿਰ ਸੰਭਾਲ ਨਾ ਕੀਤੀ ਜਾਵੇ ਤਾਂ ਉਨ੍ਹਾਂ ਵਿੱਚ ਮੌਜੂਦ ਵਿਲੱਖਣ ਜੈਨੇਟਿਕ ਗੁਣ ਹਮੇਸ਼ਾ ਲਈ ਖਤਮ ਹੋ ਸਕਦੇ ਹਨ। ਹਰ ਕਿਸਮ ਵਿੱਚ ਖਾਸ ਗੁਣ ਹੁੰਦੇ ਹਨ, ਜਿਵੇਂ ਕਿ ਸੋਕੇ, ਬਿਮਾਰੀਆਂ, ਕੀੜਿਆਂ ਜਾਂ ਵੱਧ ਤਾਪਮਾਨ ਨੂੰ ਸਹਿਣ ਦੀ ਸਮਰੱਥਾ ਅਤੇ ਉੱਚ ਉਤਪਾਦਨ। ਇਹੀ ਵਿਭਿੰਨਤਾ ਭਵਿੱਖ ਵਿੱਚ ਨਵੀਆਂ ਅਤੇ ਬਿਹਤਰ ਫ਼ਸਲੀ ਕਿਸਮਾਂ ਵਿਕਸਿਤ ਕਰਨ ਦਾ ਆਧਾਰ ਬਣਦੀ ਹੈ। ਜਲਵਾਯੂ ਤਬਦੀਲੀ ਕਾਰਨ ਵਧਦੇ ਤਾਪਮਾਨ, ਅਨਿਯਮਿਤ ਵਰਖਾ, ਸੋਕੇ, ਹੜ੍ਹਾਂ ਅਤੇ ਨਵੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਦੇਖਦਿਆਂ ਵਿਗਿਆਨੀ ਜੈਨੇਟਿਕ ਵਿਭਿੰਨਤਾ ਦੀ ਸੰਭਾਲ ਨੂੰ ਸਮੇਂ ਦੀ ਸਭ ਤੋਂ ਵੱਡੀ ਲੋੜ ਮੰਨ ਰਹੇ ਹਨ। ਉਨ੍ਹਾਂ ਅਨੁਸਾਰ ਅੱਜ ਦੀ ਕੋਈ ਪੁਰਾਣੀ ਕਿਸਮ ਭਵਿੱਖ ਵਿੱਚ ਕਿਸੇ ਨਵੀਂ ਬਿਮਾਰੀ ਜਾਂ ਮੌਸਮੀ ਸੰਕਟ ਨਾਲ ਨਜਿੱਠਣ ਲਈ ਬਹੁਤ ਕੀਮਤੀ ਸਾਬਤ ਹੋ ਸਕਦੀ ਹੈ।

ਡਾ. ਗੁਰਦੇਵ ਸਿੰਘ ਖੁਸ਼ ਜੈਨੇਟਿਕਸ ਸੰਸਥਾਨ ਦੀ ਨਿਰਦੇਸ਼ਕ ਡਾ. ਸਤਿੰਦਰ ਕੌਰ ਨੇ ਦੱਸਿਆ ਕਿ ਜੀਨ ਬੈਂਕ ਵਿੱਚ ਬੀਜਾਂ ਨੂੰ ਪੰਜ ਤੋਂ ਸੱਤ ਸਾਲ ਤੱਕ ਵਿਸ਼ੇਸ਼ ਤਰੀਕੇ ਨਾਲ ਸੰਭਾਲਿਆ ਜਾਂਦਾ ਹੈ। ਇਸ ਮਿਆਦ ਤੋਂ ਬਾਅਦ ਉਨ੍ਹਾਂ ਨੂੰ ਮੁੜ ਬੀਜ ਕੇ ਨਵੇਂ ਬੀਜ ਤਿਆਰ ਕੀਤੇ ਜਾਂਦੇ ਹਨ ਅਤੇ ਦੁਬਾਰਾ ਜੀਨ ਬੈਂਕ ਵਿੱਚ ਰੱਖਿਆ ਜਾਂਦਾ ਹੈ। ਵਿਗਿਆਨੀ ਇਨ੍ਹਾਂ ਬੀਜਾਂ ਦਾ ਅਧਿਐਨ ਕਰਕੇ ਅਜਿਹੇ ਗੁਣਾਂ ਦੀ ਪਛਾਣ ਕਰਦੇ ਹਨ ਜੋ ਨਵੀਆਂ ਕਿਸਮਾਂ ਨੂੰ ਬਿਮਾਰੀਆਂ, ਕੀੜਿਆਂ, ਗਰਮੀ ਅਤੇ ਸੋਕੇ ਤੋਂ ਬਚਾਉਣ ਦੇ ਨਾਲ-ਨਾਲ ਉਤਪਾਦਕਤਾ ਅਤੇ ਪੌਸ਼ਟਿਕਤਾ ਵਿੱਚ ਵੀ ਵਾਧਾ ਕਰ ਸਕਣ। ਜੰਗਲੀ ਪ੍ਰਜਾਤੀਆਂ ਵਿੱਚ ਮੌਜੂਦ ਜੈਨੇਟਿਕ ਵਿਭਿੰਨਤਾ ਵੀ ਭਵਿੱਖ ਦੀ ਖੇਤੀਬਾੜੀ ਖੋਜ ਲਈ ਬਹੁਤ ਅਹਿਮ ਮੰਨੀ ਜਾ ਰਹੀ ਹੈ।

Related posts

ਡਾ. ਜਸਪਾਲ ਸਿੰਘ ਸੰਧੂ ਰਾਜਪਾਲ ਦੇ ਸਲਾਹਕਾਰ ਨਿਯੁਕਤ !

admin

ਬਿਜਲੀ ਮੰਤਰੀ ਨੇ ਆਗਾਮੀ ਝੋਨਾ ਸੀਜਨ ਲਈ ਲੋੜੀਂਦੇ ਕੋਲੇ ਅਤੇ ਬਿਜਲੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ

Bunty

ਹਥਿਆਰਬੰਦ ਸੈਨਾਵਾਂ ਸਬੰਧੀ ਸਿਖਲਾਈ ਅਤੇ ਇੰਟਰਐਕਟਿਵ ਸੈਸ਼ਨ ਵਿਸ਼ੇ ’ਤੇ ਸੈਮੀਨਾਰ ਕਰਵਾਇਆ

admin