India

ਜੰਮੂ-ਕਸ਼ਮੀਰ ਵਿੱਚ ਰਾਤ ਭਰ ਚਲੇ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਵੱਲੋਂ 5 ਅੱਤਵਾਦੀ ਢੇਰ

ਸ੍ਰੀਨਗਰ – ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਰਾਤ ਭਰ ਚੱਲੇ ਮੁਕਾਬਲੇ ਵਿਚ ਲਸ਼ਕਰ-ਏ-ਤੋਇਬਾ (ਐੱਲ.ਈ.ਟੀ.) ਦੇ 5 ਅੱਤਵਾਦੀਆਂ ਨੂੰ ਮਾਰ ਮੁਕਾਇਆ। ਪੁਲਿਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕੁਲਗਾਮ ਜ਼ਿਲ੍ਹੇ ’ਚ 18 ਘੰਟੇ ਚੱਲੇ ਮੁਕਾਬਲੇ ਦੀ ਸਮਾਪਤੀ ਤੋਂ ਬਾਅਦ ਕਸ਼ਮੀਰ ਜ਼ੋਨ ਦੇ ਇੰਸਪੈਕਟਰ ਜਨਰਲ ਆਫ ਪੁਲਿਸ ਵੀ.ਕੇ. ਬਿਰਦੀ ਨੇ ਦੱਸਿਆ, ‘ਮਾਰੇ ਗਏ ਅੱਤਵਾਦੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਇਲਾਕੇ ਦੀ ਤਲਾਸ਼ੀ ਕੀਤੀ ਜਾ ਰਹੀ ਹੈ।’ ਬਿਰਦੀ ਨੇ ਦੱਸਿਆ ਕਿ ਡਰੋਨ ਫੁਟੇਜ ਰਾਹੀਂ ਅੱਤਵਾਦੀਆਂ ਦੀਆਂ ਲਾਸ਼ਾਂ ਦਾ ਪਤਾ ਲਗਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਨੂੰ ਇਲਾਕੇ ’ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਕੁਲਗਾਮ ਦੇ ਨੇਹਾਮਾ ਪਿੰਡ ਨੂੰ ਘੇਰ ਲਿਆ ਅਤੇ ਤਲਾਸ਼ੀ ਮੁਹਿੰਮ ਚਲਾਈ। ਉਨ੍ਹਾਂ ਦੱਸਿਆ ਕਿ ਅੱਤਵਾਦੀਆਂ ਨੇ ਸੁਰੱਖਿਆ ਕਰਮੀਆਂ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਉਸ ਇਲਾਕੇ ਦੇ ਆਲੇ-ਦੁਆਲੇ ਘੇਰਾਬੰਦੀ ਕਰ ਦਿੱਤੀ ਸੀ ਜਿੱਥੇ ਅੱਤਵਾਦੀ ਮੌਜੂਦ ਸਨ ਪਰ ਰਾਤ ਨੂੰ ਕਾਰਵਾਈ ਨੂੰ ਕੁਝ ਸਮੇਂ ਲਈ ਰੋਕਣਾ ਪਿਆ।
ਅਧਿਕਾਰੀਆਂ ਨੇ ਦੱਸਿਆ ਕਿ ਕੁਲਗਾਮ ਦੇ ਨੇਹਾਮਾ ਇਲਾਕੇ ਦੇ ਸਮਨੋ ’ਚ ਸ਼ੁੱਕਰਵਾਰ ਤੜਕੇ ਰਾਤ ਭਰ ਸ਼ਾਂਤੀ ਰਹਿਣ ਤੋਂ ਬਾਅਦ ਗੋਲੀਬਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਹੋਈ ਗੋਲੀਬਾਰੀ ਵਿਚ ਜਿਸ ਘਰ ਵਿਚ ਅੱਤਵਾਦੀ ਲੁਕੇ ਹੋਏ ਸਨ, ਉਸ ਘਰ ਨੂੰ ਅੱਗ ਲੱਗ ਗਈ, ਜਿਸ ਕਾਰਨ ਅੱਤਵਾਦੀਆਂ ਨੂੰ ਬਾਹਰ ਆਉਣਾ ਪਿਆ। ਮਾਰੇ ਗਏ ਅੱਤਵਾਦੀਆਂ ਦੀ ਪਛਾਣ ਸਮੀਰ ਅਹਿਮਦ ਸ਼ੇਖ (ਪੀ.ਏ.ਐੱਫ.ਐੱਫ.), ਯਾਸਿਰ ਬਿਲਾਲ ਭੱਟ, ਦਾਨਿਸ਼ ਅਹਿਮਦ ਠੋਕਰ, ਹੰਜ਼ੁੱਲਾ ਯਾਕੂਬ ਸ਼ਾਹ ਅਤੇ ਉਬੈਦ ਅਹਿਮਦ ਪੈਡਰ (ਟੀ.ਆਰ.ਐੱਫ.) ਵਜੋਂ ਹੋਈ ਹੈ। ਸ਼ੇਖ ਨੇ 2021 ’ਚ ਅੱਤਵਾਦ ਦੀ ਦੁਨੀਆਂ ’ਚ ਪ੍ਰਵੇਸ਼ ਕੀਤਾ ਸੀ ਜਦਕਿ ਬਾਕੀ ਪਿਛਲੇ ਸਾਲ ਜਾਂ ਇਸ ਸਾਲ ਇਸ ’ਚ ਸ਼ਾਮਲ ਹੋਏ ਸਨ। ਸੁਰੱਖਿਆ ਅਧਿਕਾਰੀਆਂ ਮੁਤਾਬਕ ਪੀ.ਏ.ਐੱਫ. ਐੱਫ. ਅਤੇ ਟੀ.ਆਰ.ਐੱਫ. ਲਸ਼ਕਰ ਦੇ ਫਰੰਟ ਸੰਗਠਨ ਹਨ।

Related posts

ਪ੍ਰਧਾਨ ਮੰਤਰੀ ਸੂਰਿਆ ਘਰ ਯੋਜਨਾ: ਘਰਾਂ ‘ਤੇ 30 ਲੱਖ ਸੋਲਰ ਲਾਉਣ ਦਾ ਟੀਚਾ ਪੂਰਾ

admin

ਹੁਣ ਭਾਰਤ ਦੇ ਛੋਟੇ ਸ਼ਹਿਰਾਂ ਵਿੱਚ 70 ਫੀਸਦੀ ਰੁਜ਼ਗਾਰ ਦੇ ਮੌਕੇ

admin

ਆਈਫੋਨ 2025 ਵਿੱਚ ਭਾਰਤ ਦਾ ਸਭ ਤੋਂ ਵੱਧ ਨਿਰਯਾਤ ਉਤਪਾਦ ਬਣਿਆ

admin