Punjab

ਟ੍ਰਾਈਡੈਂਟ ਨੇ ਕੀਤਾ 2000 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ

ਚੰਡੀਗੜ੍ਹ – ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਦਯੋਗਿਕ ਖੇਤਰ ਲਈ ਉਨ੍ਹਾਂ ਦੀ ਸਰਕਾਰ ਵੱਲੋਂ ਅਸਲ ਮਦਦਗਾਰ ਤੇ ਸਹਿਯੋਗੀ ਵਜੋਂ ਆਪਣੀ ਭੂਮਿਕਾ ਨਿਭਾਉਣ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਿਆਸੀ ਜਾਂ ਅਫਸਰਸ਼ਾਹੀ ਦੇ ਪੱਧਰ ’ਤੇ ਕਿਸੇ ਤਰ੍ਹਾਂ ਦੇ ਭ੍ਰਿਸ਼ਟਾਚਾਰ, ਨਾਕਾਰਤਮਕ ਰਵੱਈਏ, ਰੁਕਾਵਟਾਂ ਖੜ੍ਹੀਆਂ ਕਰਨ ਅਤੇ ਅਵੇਸਲਾਪਣ ਅਪਣਾਏ ਜਾਣ ਵਾਲਿਆਂ ਪ੍ਰਤੀ ਕੋਈ ਲਿਹਾਜ਼ ਨਹੀਂ ਵਰਤੇਗੀ।

ਭਾਰਤੀ ਸਕੂਲ ਆਫ ਬਿਜ਼ਨਸ ਵਿਖੇ ਚੌਥੇ ਪ੍ਰਗਤੀਸ਼ੀਲ ਨਿਵੇਸ਼ ਸੰਮੇਲਨ ਦੇ ਦੇਸ਼-ਵਿਦੇਸ਼ ਤੋਂ ਵਰਚੂਅਲ ਤੌਰ ’ਤੇ ਉੱਦਮੀਆਂ ਦੀ ਸ਼ਮੂਲੀਅਤ ਵਾਲੇ ਸੈਸ਼ਨ ਦੌਰਾਨ ਚੰਨੀ ਨੇ ਕਿਹਾ ਕਿ ਸਨਅਤਕਾਰਾਂ ਦੀਆਂ ਉਮੀਦਾਂ ’ਤੇ ਪੰਜਾਬ ਖਰਾ ਉੱਤਰੇਗਾ ਕਿਉਂ ਜੋ ਸੂਬਾ, ਮੁਲਕ ਵਿਚ ਕਾਰੋਬਾਰ ਕਰਨ ਦਾ ਸਭ ਤੋਂ ਬਿਹਤਰ ਸਥਾਨ ਹੈ। ਮੁੱਖ ਮੰਤਰੀ ਨੇ ਕਿਹਾ ਕਿ ਵੱਖ-ਵੱਖ ਸਨਅਤਕਾਰਾਂ ਦੇ ਕੀਮਤੀ ਸੁਝਾਵਾਂ ਮੁਤਾਬਕ ਸੂਬਾ ਸਰਕਾਰ ਉਦਯੋਗਿਕ ਨੀਤੀ ਵਿਚ ਲੋੜੀਂਦੀਆਂ ਸੋਧਾਂ ਕਰਕੇ ਇਸ ਨੂੰ ਹੋਰ ਵੀ ਨਿਵੇਸ਼ ਪੱਖੀ ਬਣਾਏਗੀ। ਮੁੱਖ ਮੰਤਰੀ ਨੇ ਕਿਹਾ ਕਿ ਉਹ ਬਹੁਤ ਹੀ ਸਧਾਰਨ ਪਿਛੋਕੜ ਤੋਂ ਆਏ ਹਨ ਅਤੇ ਉਹ ਖੁਦ ਵੀ ਆਮ ਵਿਅਕਤੀ ਨੂੰ ਦਰਪੇਸ਼ ਰੋਜ਼ਮਰ੍ਹਾ ਦੀਆਂ ਚੁਣੌਤੀਆਂ ਵਿੱਚੋਂ ਗੁਜ਼ਰਦੇ ਰਹੇ ਹਨ ਜਿਸ ਕਰਕੇ ਉਹ ਸਮੱਸਿਆਵਾਂ ਤੋਂ ਭਲੀ-ਭਾਂਤ ਵਾਕਫ਼ ਹਨ। ਚੰਨੀ ਨੇ ਕਿਹਾ, “ਮੈਂ ਨੌਜਵਾਨਾਂ ਨੂੰ ਵੱਡੀਆਂ ਮੰਜ਼ਿਲਾਂ ਛੂਹ ਲੈਣ ਦੇ ਸੁਪਨੇ ਸੰਜੋਦੇ ਦੇਖਿਆ ਹੈ ਅਤੇ ਮੈਂ ਇਨ੍ਹਾਂ ਦੇ ਸੁਪਨੇ ਸਾਕਾਰ ਕਰਨ ਪ੍ਰਤੀ ਵਚਨਬੱਧ ਹਾਂ ਅਤੇ ਤੁਹਾਡੇ ਸਹਿਯੋਗ ਤੋਂ ਬਿਨਾਂ ਇਨ੍ਹਾਂ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ।” ਉਨ੍ਹਾਂ ਉਦਯੋਗਪਤੀਆਂ ਨੂੰ ਸਮਾਜ ਵਿਚ ਅਰਥਚਾਰੇ ਦੇ ਅਹਿਮ ਸਿਰਜਕ ਅਤੇ ਮੌਕਿਆਂ ਦਾ ਸਰੋਤ ਕਰਾਰ ਦਿੱਤਾ ਤਾਂ ਕਿ ਸੂਬੇ ਦੇ ਨੌਜਵਾਨ ਆਪਣੀਆਂ ਖਾਹਿਸ਼ਾਂ ਦੀ ਪੂਰਤੀ ਕਰ ਸਕਣ। ਚੰਨੀ ਨੇ ਕਿਹਾ, “ਤੁਹਾਡੇ ਕੋਲ ਪੂੰਜੀ ਹੈ, ਤੁਸੀਂ ਜੋਖਮ ਉਠਾਉਣ ਦੀ ਸਮਰੱਥਾ ਰੱਖਦੇ ਹੋਏ ਅਤੇ ਤੁਹਾਡੇ ਕੋਲ ਕਾਰੋਬਾਰ ਕਰਨ ਦੀਆਂ ਯੋਜਨਾਵਾਂ ਹਨ। ਮੇਰੇ ਕੋਲ ਇੱਛਾ ਸ਼ਕਤੀ ਹੈ, ਮੈਂ ਇਰਾਦਾ ਧਾਰਿਆ ਹੋਇਆ ਹੈ ਅਤੇ ਮੈਂ ਵਚਨਬੱਧ ਹਾਂ। ਮੈਂ ਅੱਜ ਤਹਾਡੇ ਨਾਲ ਇਹ ਵਾਅਦਾ ਵੀ ਕਰਦਾ ਹਾਂ ਕਿ ਸਾਡੀ ਸਰਕਾਰ ਇਹ ਨਜ਼ਰ ਰੱਖਣ ਲਈ ਤਹਾਡੇ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲੇਗੀ ਕਿ ਸਰਕਾਰ ਵੱਲੋਂ ਕੋਈ ਵੀ ਤੁਹਾਡੀ ਰਫ਼ਤਾਰ ਜਾਂ ਯੋਜਨਾਵਾਂ ਵਿਚ ਅੜਿੱਕੇ ਪੈਦਾ ਨਾ ਕਰੇ। ਆਓ, ਰਲ ਕੇ ਤੁਹਾਡੀ ਅਤੇ ਸਰਕਾਰ ਦੀ ਅਸਲ ਸਮਰੱਥਾ ਅਨੁਸਾਰ ਨਤੀਜੇ ਦੇਈਏ। ਆਓ, ਦੁਵੱਲੇ ਵਿਕਾਸ ਤੇ ਤਰੱਕੀ ਲਈ ਇਕਜੁਟ ਹੋ ਕੇ ਕੰਮ ਕਰੀਏ।”

ਚੰਨੀ ਨੇ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਪੰਜਾਬ ਨੂੰ ਮੁਲਕ ਦੇ ਸਿਖਰਲੇ 10 ਸੂਬਿਆਂ ਵਿੱਚੋਂ ਸਿਖਰਲੇ 5 ਵਿਚ ਸ਼ੁਮਾਰ ਕਰਨ ਦੀ ਮਨਸ਼ਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਵੱਲੋਂ ‘ਸਨਅਤ ਲਾਓ ਤੇ ਚਲਾਓ’ ਦੀ ਸਹੂਲਤ ਨਾਲ ਲੈਸ 6000 ਏਕੜ ਦੀ ਲੈਂਡ ਬੈਂਕ ਵਿਕਸਤ ਕੀਤੀ ਗਈ ਹੈ ਅਤੇ ਸਨਅਤ ਦੀ ਸਰਗਰਮ ਭਾਈਵਾਲੀ ਨਾਲ ਹੁਨਰ ਵਿਕਾਸ ਦੀ ਕਾਰਗਾਰ ਪ੍ਰਣਾਲੀ ਸਿਰਜੀ ਗਈ ਹੈ।

ਇਸ ਮੌਕੇ ਉਦਯੋਗ ਤੇ ਵਣਜ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਇਹ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਸੰਭਾਵੀ ਉਦਯੋਗਪਤੀਆਂ ਤੇ ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਹੁਲਾਰਾ ਦੇਣ ਵਿੱਚ ਅਹਿਮ ਸਾਬਤ ਹੋਵੇਗਾ ਅਤੇ ਪੰਜਾਬ ਨੂੰ ਨਾ ਸਿਰਫ਼ ਦੇਸ਼ ਵਿੱਚ ਸਗੋਂ ਵਿਸ਼ਵ ਭਰ ਵਿੱਚ ਸਭ ਤੋਂ ਵੱਧ ਪਸੰਦੀਦਾ ਸਥਾਨ ਵਜੋਂ ਪੇਸ਼ ਕਰੇਗਾ। ਉਨ੍ਹਾਂ ਨੇ ਸਨਅਤਕਾਰਾਂ ਨੂੰ ਆਪਣੇ ਯੂਨਿਟ ਜਲਦ ਤੋਂ ਜਲਦ ਸਥਾਪਤ ਕਰਨ ਲਈ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਦੇਣ ਸਬੰਧੀ ਪੂਰਨ ਸਮਰਥਨ ਅਤੇ ਸਹਿਯੋਗ ਦਾ ਭਰੋਸਾ ਦਿੱਤਾ।

Related posts

ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਵਾਸੀ ਮਜ਼ਦੂਰ ਵਲੋਂ ਸ਼ਰਧਾਲੂਆਂ ਉਪਰ ਹਮਲਾ: 5 ਜਣੇ ਜ਼ਖਮੀਂ !

admin

ਹੋਲਾ ਮਹੱਲਾ ਸਮੁੱਚੀ ਮਾਨਵਤਾ ਦਾ ਤਿਉਹਾਰ ਹੈ: ਮੁੱਖ-ਮੰਤਰੀ ਭਗਵੰਤ ਸਿੰਘ ਮਾਨ

admin

ਵਿਜੈ ਗਰਗ ਦੀ ਕਿਤਾਬ, “ਸੈਨਿਕ ਸਕੂਲ ਪ੍ਰਵੇਸ਼ ਪ੍ਰੀਖਿਆ”, ਪ੍ਰਿੰਸੀਪਲ ਸੰਧਿਆ ਬਠਲਾ ਦੁਆਰਾ ਲੋਕ ਅਰਪਣ !

admin