ਨਾਂਦੇੜ – ਪਿਛਲੇ ਦਿਨੀਂ ਮੌਸਮ ‘ਚ ਆਈ ਅਚਾਨਕ ਤਬਦੀਲੀ ਵਜੋਂ ਤੇਜਗਤੀ ਹਵਾਵਾਂ ਦੇ ਨਾਲ ਮਹਾਰਾਸ਼ਟਰ ਦੇ ਬੀੜ ਜਿਲੇ ਦੇ ਧਾਰੂਰ ਕਿਲੇ ਵਿੱਚ ਇੱਕ ਦੂਰਸੰਚਾਰ ਟਾਵਰ ਡਿੱਗਣ ਦੇ ਨਾਲ ਆਸ ਪਾਸ ਵੱਸਦੇ ਗਰੀਬ ਸਿੱਖ ਸ਼ਿਕਲੀਗਰ ਭਾਈਚਾਰੇ ਦੇ ਲੋਕਾਂ ਨੂੰ ਕਾਫੀ ਨੁਕਸਾਨ ਹੋਇਆ। ਕਈਆਂ ਦੇ ਘਰ ਘਾਟ ਤਬਾਹ ਹੋ ਗਏ। ਇਸ ਦੌਰਾਨ ਇੱਕ ਨਾਬਾਲਗ ਬੱਚੀ ਦੀ ਮੌਤ ਵੀ ਹੋ ਗਈ ਤੇ ਕੁਝ ਹੋਰ ਲੋਕ ਗੰਭੀਰ ਜ਼ਖਮੀ ਹੋਏ । ਇਸ ਦੁਖਦਾਈ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਗੁਰਦੁਆਰਾ ਸੱਚਖੰਡ ਬੋਰਡ ਦੇ ਮੁੱਖ ਡਾ. ਵਿਜੇ ਸਤਬੀਰ ਸਿੰਘ ਸਾਬਕਾ ਆਈ.ਏ.ਐਸ. ਨੇ ਤਖ਼ਤ ਸੱਚਖੰਡ ਸਾਹਿਬ ਵੱਲੋਂ ਪੀੜ੍ਹਤ ਪਰੀਵਾਰਾਂ ਲਈ ਫੌਰੀ ਤੋਰ ‘ਤੇ ਰਾਹਤ ਸਮੱਗਰੀ ਰਵਾਨਾ ਕੀਤੀ ।
ਗੌਰਤਲਬ ਹੈ ਕਿ ਪਿਛਲੇ ਸ਼ਨੀਵਾਰ ਨੂੰ ਹੋਈ ਇਸ ਦੁਖਦਾਈ ਘਟਨਾ ‘ਚ ਪੰਜ ਲੋਕ ਗੰਭੀਰ ਜ਼ਖਮੀ ਹੋ ਗਏ ਸਨ, ਜਿਨ੍ਹਾਂ ਨੂੰ ਸਥਾਨਕ ਸਰਕਾਰੀ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਏਥੇ ਹੀ ਗੰਭੀਰ ਰੂਪ ਵਿੱਚ ਜ਼ਖਮੀ ਹੋਈ ਅੱਠ ਸਾਲ ਦੀ ਬੱਚੀ ਰਾਧਾ ਕੌਰ ਸਪੁੱਤਰੀ ਵਿਜੇ ਸਿੰਘ ਗੋਕੇ ਦੀ ਇਲਾਜ ਦੋਰਾਨ ਮੌਤ ਹੋ ਗਈ। ਡਾ. ਵਿਜੇ ਸਤਬੀਰ ਸਿੰਘ ਨੇ ਘਰ ਘਾਟ ਤੋਂ ਵਾਂਝੇ ਹੋਏ ਇਨ੍ਹਾਂ ਪੀੜ੍ਹਤ ਪਰੀਵਾਰਾਂ ਵਿੱਚ ਵੰਡਣ ਲਈ ਇੱਕ ਵਿਸ਼ੇਸ਼ ਕਿੱਟ ਗੁਰਦੁਆਰਾ ਸੱਚਖੰਡ ਬੋਰਡ ਨਾਂਦੇੜ ਵਲੋਂ ਤਿਆਰ ਕਰਵਾਕੇ ਭੇਜੀ ਗਈ ਜਿਸ ਵਿੱਚ ਚਾਵਲ, ਦਾਲ, ਆਟਾ, ਸ਼ੱਕਰ, ਚਾਹ ਪੱਤੀ, ਮਿੱਠਾ ਤੇਲ, ਸਾਬਣ, ਹਲਦੀ, ਮਿਰਚ ਮਸਾਲਾ, ਖੋਬਰਾ ਤੇਲ, ਨਿਰਮਾ ਪੈਕਟ, ਨਮਕ ਆਦਿ ਤੋਂ ਇਲਵਾ ਕੰਬਲ, ਬੈਡ ਸ਼ੀਟ ਤੇ ਖ਼ੇਸ ਆਦਿ ਦਾ ਸਮਾਵੇਸ਼ ਸੀ । ਇਸ ਦੇ ਨਾਲ ਹੀ ਡਾ. ਵਿਜੇ ਸਤਬੀਰ ਸਿੰਘ ਨੇ ਕਿਹਾ ਕਿ ਦੁੱਖ ਦੀ ਘੜੀ ਵਿੱਚ ਅਸੀਂ ਪੀੜ੍ਹਤ ਪਰੀਵਾਰਾਂ ਦੇ ਨਾਲ ਖੜ੍ਹੇ ਹਾਂ ਤੇ ਹਰ ਬਣਦੀ ਸਹਾਇਤਾ ਲਈ ਹਮੇਸ਼ਾਂ ਤਿਆਰ ਹਾਂ । ਉਨ੍ਹਾਂ ਨੇ ਬੀੜ ਜਿਲ੍ਹੇ ਦੀ ਕੁਲੈਕਟਰ ਨਾਲ ਫੋਨ ਤੇ ਰਾਬਤਾ ਕਾਇਮ ਕੀਤਾ ਤੇ ਮ੍ਰਿਤਕ ਬੱਚੀ ਦੇ ਨਾਲ ਨਾਲ ਜ਼ਖਮੀਆਂ ਨੂੰ ਜਲਦੀ ਤੋਂ ਜਲਦੀ ਆਰਥਿਕ ਰਾਹਤ ਪੈਕਜ ਦੇਣ ਦੀ ਮੰਗ ਕੀਤੀ । ਸ੍ਰ: ਜਸਵੰਤ ਸਿੰਘ ਬੌਬੀ ਨੇ ਇਸ ਘਟਨਾ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਤੇ ਦੁਖੀ ਪਰੀਵਾਰਾਂ ਨਾਲ ਹਮਦਰਦੀ ਜ਼ਾਹਿਰ ਕੀਤੀ।