ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਰਹੂਮ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਵੱਡੇ ਬੇਟੇ ਅਤੇ ਖੰਨਾ ਤੋ ਸਾਬਕਾ ਵਿਧਾਇਕ ਜਥੇਦਾਰ ਰਣਜੀਤ ਸਿੰਘ ਤਲਵੰਡੀ ਨੂੰ ਸ਼੍ਰੋਮਣੀ ਅਕਾਲੀ ਦਲ( ਸੰਯੁਕਤ) ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪਾਰਟੀ ਪ੍ਰਧਾਨ ਸ: ਸੁਖਦੇਵ ਸਿੰਘ ਢੀਂਡਸਾ ਨੇ ਬਹੁਤ ਹੀ ਅਹਿਮ ਜਿੰਮੇਵਾਰੀ ਸੌਂਪਦਿਆਂ ਪਾਰਟੀ ਦਾ ਸਕੱਤਰ ਜਨਰਲ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਅੱਜ ਜਥੇਦਾਰ ਰਣਜੀਤ ਸਿੰਘ ਤਲਵੰਡੀ ਦੇ ਗ੍ਰਹਿ ਵਿਖੇ ਬੁਲਾਈ ਗਈ ਸਾਂਝੀ ਪ੍ਰੈਸ ਮਿਲਣੀ ਦੌਰਾਨ ਇਹ ਅਹਿਮ ਐਲਾਨ ਸੁਖਦੇਵ ਸਿੰਘ ਢੀਂਡਸਾ ਨੇ ਕੀਤਾ। ਉਨ੍ਹਾਂ ਤਲਵੰਡੀ ਪਰਿਵਾਰ ਦੇ ਅਹਿਮੀਅਤ ਦੱਸਦਿਆ ਕਿਹਾ ਕਿ ਸਿੱਖ ਸਿਆਸਤ ਵਿੱਚ ਲੋਹਪੁਰਸ਼ ਦੇ ਨਾਂਅ ਨਾਲ ਜਾਣੇ ਜਾਂਦੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਫਰਜੰਦ ਰਣਜੀਤ ਸਿੰਘ ਤਲਵੰਡੀ ਬਹੁਤ ਹੀ ਸਿਆਣਪ ਨਾਲ ਪਾਰਟੀ ਗਤੀਵਿਧੀਆ ਨੂੰ ਅੱਗੇ ਲੈਕੇ ਜਾਣਗੇ। ਇਸ ਮੌਕੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਸ੍ਰੋਮਣੀ ਅਕਾਲੀ (ਸੰਯੁਕਤ) ਹੁਣ ਸਿੱਖ ਕੌਮ ਦੀ ਰਾਜਨੀਤਕ ਪਾਰਟੀ ਵਜੋਂ ਸਭ ਤੋ ਅਹਿਮ ਹੈ ਜਿਸ ਦਾ ਘੇਰਾ ਹਰ ਦਿਨ ਵਿਸ਼ਾਲ ਹੁੰਦਾ ਜਾ ਰਿਹਾ ਹੈ। ਢੀਂਡਸਾ ਅਤੇ ਬ੍ਰਹਮਪੁੁਰਾ ਨੇ ਹੋਰਨਾਂ ਟਕਸਾਲੀ ਅਕਾਲੀ ਪਰਿਵਾਰਾਂ ਨੂੰ ਵੀ ਖੁੱਲਾ ਸੱਦਾ ਦਿੱਤਾ ਕਿ ਉਹ ਸ਼ੋ੍ਰਮਣੀ ਅਕਾਲੀ ਦਲ (ਸੰਯੁਕਤ) ਨਾਲ ਜੁੜਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਸਿੱਖ ਸਿਆਸਤ ਨੂੰ ਇੱਕ ਰੂਪ ਰੇਖਾ ਤਿਆਰ ਕਰਕੇ ਪੰਜਾਬ ਅੰਦਰ ਹਲੀਮੀ ਰਾਜ ਬਣਾਈਏ । ਇਸ ਮੌਕੇ ਜਥੇਦਾਰ ਰਣਜੀਤ ਸਿੰਘ ਤਲਵੰਡੀ ਨੇ ਪਾਰਟੀ ਵੱਲੋਂ ਦਿੱਤੀ ਗਈ ਇਸ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਅਹਿਦ ਲਿਆ। ਇਸ ਦੌਰਾਨ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ 100 ਸਾਲ ਪੁਰਾਣੀ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦਾ ਬੜਾ ਸ਼ਾਨਾਮੱਤਾ ਇਤਿਹਾਸ ਹੈ। ਕੋਈ ਸਮਾਂ ਸੀ ਜਦੋਂ ਅਕਾਲੀ ਦਲ ਵਿੱਚ ਕੁਰਬਾਨੀਆਂ ਕਰਨ ਵਾਲੇ ਅਤੇ ਸਿਧਾਂਤਾਂ ਉੱਤੇ ਪਹਿਰਾ ਦੇਣ ਵਾਲੇ ਲੀਡਰਾਂ ਦੀ ਹੀ ਬਹੁਤਾਤ ਹੁੰਦੀ ਸੀ ਪਰ ਜਦੋਂ ਤੋਂ ਸੁਖਬੀਰ ਸਿੰਘ ਬਾਦਲ ਦੀਆਂ ਆਪਹੁਦਰੀਆਂ, ਧੱਕੇਸ਼ਾਹੀਆਂ ਅਤੇ ਤਾਨਾਸ਼ਾਹੀ ਰੱਵਈਏ ਨੇ ਪਾਰਟੀ ਨੂੰ ਇਸ ਕਦਰ ਨੀਵਾਂ ਲਿਆਂਦਾ ਕਿ ਕਿਸੇ ਸਮੇਂ ਪੰਜਾਬ ਦੀ ਪ੍ਰਮੁੱਖ ਪਾਰਟੀ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ ਵਿਰੋਧੀ ਧਿਰ ਵਿੱਚ ਬੈਠਣ ਦਾ ਮੌਕਾ ਵੀ ਨਸੀਬ ਨਹੀ ਹੋਇਆ। ਸੁਖਦੇਵ ਸਿੰਘ ਢੀਂਡਸਾ ਕਿਸਾਨ ਜਥੇਬੰਦੀਆਂ ਵੱਲੋਂ 27 ਸਤੰਬਰ ਨੂੰ ਐਲਾਨੇ ਗਏ ਭਾਰਤ ਬੰਦ ਦੇ ਸੱਦੇ ਦੀ ਪੁਰਜ਼ੋਰ ਹਮਾਇਤ ਕਰਦਿਆ ਕਿਹਾ ਕਿ ਇੱਕ ਦਿਨ ਦੇਸ਼ ਦਾ ਅੰਨਦਾਤਾ ਇਸ ਸੰਘਰਸ਼ ਵਿੱਚ ਜਰੂਰ ਜਿੱਤ ਹਾਸਿਲ ਕਰੇਗਾ।ਸ: ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਵਧ-ਚੜ੍ਹ ਕੇ ਭਾਰਤ ਬੰਦ ਵਿੱਚ ਕਿਸਾਨਾਂ ਦਾ ਪੂਰਨ ਸਹਿਯੋਗ ਕਰਨ ਦੀ ਅਪੀਲ ਕੀਤੀ। ਅੱਜ ਦੀ ਪ੍ਰੈਸ ਮਿਲਣੀ ਵਿੱਚ ਇਸਤਰੀ ਅਕਾਲੀ ਦਲ (ਸੰਯੁਕਤ) ਦੇ ਸਰਪ੍ਰਸਤ ਬੀਬੀ ਪਰਮਜੀਤ ਕੌਰ ਗੁਲਸ਼ਨ, ਪ੍ਰਧਾਨ ਬੀਬੀ ਹਰਜੀਤ ਕੌਰ ਤਲਵੰਡੀ, ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ, ਜਥੇਦਾਰ ਉਜਾਗਰ ਸਿੰਘ ਬਡਾਲੀ, ਹਰਸੁਖਇੰਦਰ ਸਿੰਘ (ਬੱਬੀ ਬਾਦਲ), ਸਾਹਿਬ ਸਿੰਘ ਬਡਾਲੀ, ਕਰਨੈਲ ਸਿੰਘ ਪੀਰਮੁਹਮੰਦ, ਮਨਜੀਤ ਸਿੰਘ ਭੋਮਾ, ਰਾਜਦੀਪ ਸਿੰਘ ਪੰਧੇਰ, ਜਗਤਾਰ ਸਿੰਘ ਹੰਸਕਲਾ, ਜਗਤਾਰ ਸਿੰਘ ਘੜੂੰਆਂ, ਬੀਬੀ ਸਿਮਰਨਜੀਤ ਕੌਰ ਸਿੱਧੂ, ਬੀਬੀ ਅਨੁਪਿੰਦਰ ਕੌਰ ਸੰਧੂ, ਬੀਬੀ ਮਨਜੀਤ ਕੌਰ, ਐਡਵੋਕੇਟ ਚਰਨਜੀਤ ਕੌਰ, ਬੀਬੀ ਕਮਲੇਸ਼ ਕੌਰ, ਢੀਂਡਸਾ ਦੇ ਓਐੱਸਡੀ ਜਸਵਿੰਦਰ ਸਿੰਘ ਸਮੇਤ ਕਈ ਆਗੂਆ ਨੇ ਸਿ਼ਰਕਤ ਕੀਤੀ।