ਸਿਡਨੀ – ਆਸਟ੍ਰੇਲੀਆ ਦੇ ਨੈਸ਼ਨਲ ਲਾਇਬ੍ਰੇਰੀ ਨੇ ਆਪਣੀ ਸਭ ਤੋਂ ਮਹੱਤਵਪੂਰਨ ਮੌਖਿਕ ਇਤਿਹਾਸ (Oral History) ਸੰਗ੍ਰਹਿ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਨਵਾਂ ਪੋਡਕਾਸਟ ‘ਦ ਮੈਮੋਰੀ ਟੇਪਸ’ (The Memory Tapes) ਸ਼ੁਰੂ ਕੀਤਾ ਹੈ। ਇਹ ਪੋਡਕਾਸਟ ਸੁਣਨ ਵਾਲਿਆਂ ਨੂੰ ਆਸਟ੍ਰੇਲੀਆ ਦੇ ਇਤਿਹਾਸ ਨੂੰ ਉਨ੍ਹਾਂ ਲੋਕਾਂ ਦੀ ਆਪਣੀ ਆਵਾਜ਼ ਵਿੱਚ ਸੁਣਨ ਦਾ ਵਿਲੱਖਣ ਮੌਕਾ ਦੇਵੇਗਾ, ਜਿਨ੍ਹਾਂ ਨੇ ਇਹ ਘਟਨਾਵਾਂ ਆਪਣੇ ਜੀਵਨ ਵਿੱਚ ਦੇਖੀਆਂ ਅਤੇ ਮਹਿਸੂਸ ਕੀਤੀਆਂ।
ਇਸ ਪੋਡਕਾਸਟ ਨੂੰ ਪ੍ਰਸਿੱਧ ਆਸਟ੍ਰੇਲੀਅਨ ਇਤਿਹਾਸਕਾਰ ਡਾ. ਸ਼ਿਰਲੀਨ ਰੋਬਿਨਸਨ AM ਨੇ ਲਿਖਿਆ ਅਤੇ ਆਪਣੀ ਆਵਾਜ਼ ਵਿੱਚ ਪੇਸ਼ ਕੀਤਾ ਹੈ। ਇਸ ਵਿੱਚ ਨੈਸ਼ਨਲ ਲਾਇਬ੍ਰੇਰੀ ਦੇ ਮੌਖਿਕ ਇਤਿਹਾਸ ਸੰਗ੍ਰਹਿ ਵਿੱਚੋਂ ਚੁਣੀਆਂ ਗਈਆਂ ਆਡੀਓ ਰਿਕਾਰਡਿੰਗਾਂ ਨੂੰ 10 ਵੱਖ-ਵੱਖ ਵਿਸ਼ਿਆਂ ਅਧੀਨ ਪੇਸ਼ ਕੀਤਾ ਗਿਆ ਹੈ। ਪੋਡਕਾਸਟ ਵਿੱਚ ਸ਼ੁਰੂਆਤੀ ਪ੍ਰਵਾਸੀਆਂ, ਫਰਸਟ ਨੇਸ਼ਨਜ਼ (ਆਦਿਵਾਸੀ) ਭਾਈਚਾਰਿਆਂ, ਕੁਦਰਤੀ ਆਫ਼ਤਾਂ ਅਤੇ ਕੋਵਿਡ-19 ਮਹਾਮਾਰੀ ਦੌਰਾਨ ਲੋਕਾਂ ਦੇ ਤਜਰਬਿਆਂ ਦੇ ਨਾਲ-ਨਾਲ ਖੇਡਾਂ, ਵਿਗਿਆਨ, ਕਲਾ ਅਤੇ ਸਮਾਜਿਕ ਜੀਵਨ ਨਾਲ ਜੁੜੀਆਂ ਪ੍ਰੇਰਣਾਦਾਇਕ ਕਹਾਣੀਆਂ ਵੀ ਸ਼ਾਮਲ ਹਨ।
ਨੈਸ਼ਨਲ ਲਾਇਬ੍ਰੇਰੀ ਦੇ ਮੌਖਿਕ ਇਤਿਹਾਸ ਅਤੇ ਲੋਕ-ਵਿਰਾਸਤ ਸੰਗ੍ਰਹਿ ਵਿੱਚ ਪ੍ਰਸਿੱਧ ਆਸਟ੍ਰੇਲੀਆਸਟ੍ਰੇਲੀਅਨ ਹਸਤੀਆਂ ਜਿਵੇਂ ਮੇ ਗਿਬਸ, ਇਵੋਨ ਗੂਲਾਗੋਂਗ ਕੌਲੀ, ਹਾਵਰਡ ਫਲੋਰੀ, ਨੈਂਸੀ ਬਰਡ ਵਾਲਟਨ ਅਤੇ ਸਿਡਨੀ ਨੋਲਨ ਦੀਆਂ ਰਿਕਾਰਡਿੰਗਾਂ ਮੌਜੂਦ ਹਨ। ਇਸ ਤੋਂ ਇਲਾਵਾ ਹਜ਼ਾਰਾਂ ਆਮ ਲੋਕਾਂ ਦੀਆਂ ਨਿੱਜੀ ਜੀਵਨ ਕਹਾਣੀਆਂ ਵੀ ਇਸ ਸੰਗ੍ਰਹਿ ਦਾ ਹਿੱਸਾ ਹਨ, ਜੋ ਆਸਟ੍ਰੇਲੀਆ ਦੇ ਸਮਾਜਿਕ ਇਤਿਹਾਸ ਨੂੰ ਸਮਝਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।
ਇਸ ਸੰਗ੍ਰਹਿ ਵਿੱਚ Voices of the Bush, Bringing Them Home, Australian Responses to COVID-19, Australian Lesbian and Gay Life Stories ਅਤੇ Badja Forest Road Fire ਵਰਗੇ ਮਹੱਤਵਪੂਰਨ ਪ੍ਰੋਜੈਕਟਾਂ ਦੀਆਂ ਰਿਕਾਰਡਿੰਗਾਂ ਵੀ ਸ਼ਾਮਲ ਹਨ।
ਡਾ. ਸ਼ਿਰਲੀਨ ਰੋਬਿਨਸਨ ਨੇ ਕਿਹਾ ਕਿ ਇਹ ਪੋਡਕਾਸਟ ਦੱਸਦਾ ਹੈ ਕਿ ਮੌਖਿਕ ਇਤਿਹਾਸ ਕਿਵੇਂ ਬੀਤੇ ਸਮੇਂ ਨੂੰ ਲੋਕਾਂ ਦੀ ਆਪਣੀ ਆਵਾਜ਼ ਰਾਹੀਂ ਜੀਵੰਤ ਬਣਾ ਦਿੰਦਾ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਸਰੋਤੇ ਇਨ੍ਹਾਂ ਅਨੋਖੀਆਂ ਕਹਾਣੀਆਂ ਨਾਲ ਡੂੰਘਾ ਜੁੜਾਅ ਮਹਿਸੂਸ ਕਰਨਗੇ।
ਨੈਸ਼ਨਲ ਲਾਇਬ੍ਰੇਰੀ ਵਿੱਚ ਕਲੇਕਸ਼ਨ ਐਂਡ ਕਿਊਰੇਟੋਰਿਅਲ ਰਿਸਰਚ ਦੀ ਡਾਇਰੈਕਟਰ ਡਾ. ਬਾਰਬਰਾ ਲੈਮਨ ਨੇ ਕਿਹਾ ਕਿ ਇਹ ਪੋਡਕਾਸਟ ਆਰਕਾਈਵ ਵਿੱਚ ਸੰਭਾਲੀਆਂ ਗਈਆਂ ਆਵਾਜ਼ਾਂ ਨੂੰ ਲੋਕਾਂ ਤੱਕ ਲਿਆਉਣ ਦੀ ਇੱਕ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਇਹ ਇਤਿਹਾਸ ਨੂੰ ਉਸੇ ਤਰ੍ਹਾਂ ਸੁਣਨ ਦਾ ਸੱਦਾ ਹੈ, ਜਿਵੇਂ ਲੋਕਾਂ ਨੇ ਉਸ ਨੂੰ ਜੀਆ ਅਤੇ ਯਾਦ ਰੱਖਿਆ।
‘ਦ ਮੈਮੋਰੀ ਟੇਪਸ’ ਪੋਡਕਾਸਟ 3 ਅਗਸਤ ਤੋਂ ਸਾਰੇ ਪ੍ਰਮੁੱਖ ਪੋਡਕਾਸਟ ਪਲੇਟਫਾਰਮਾਂ ‘ਤੇ ਉਪਲਬਧ ਹੈ। ਇਸ ਦੀ ਤਿਆਰੀ ਦ ਓਪਲਗੇਟ ਫਾਊਂਡੇਸ਼ਨ ਅਤੇ ਵਾਰਨ ਫਾਹੇ ਦੇ ਸਹਿਯੋਗ ਨਾਲ ਕੀਤੀ ਗਈ ਹੈ। ਇਸੇ ਨਾਮ ਨਾਲ ਇੱਕ ਕਿਤਾਬ ਵੀ 15 ਅਗਸਤ ਨੂੰ NLA Publishing ਵੱਲੋਂ ਜਾਰੀ ਕੀਤੀ ਜਾ ਰਹੀ ਹੈ, ਜਿਸ ਵਿੱਚ ਮੌਖਿਕ ਇਤਿਹਾਸ ਦੇ ਸੈਂਕੜੇ ਮਹੱਤਵਪੂਰਨ ਇੰਟਰਵਿਊਆਂ ਦੇ ਚੁਣੇ ਹੋਏ ਅੰਸ਼ ਸ਼ਾਮਲ ਹਨ।
ਨੈਸ਼ਨਲ ਲਾਇਬ੍ਰੇਰੀ ਦਾ ਮੌਖਿਕ ਇਤਿਹਾਸ ਸੰਗ੍ਰਹਿ ਆਨਲਾਈਨ, ਲਾਇਬ੍ਰੇਰੀ ਕੈਟਾਲਾਗ ਰਾਹੀਂ ਜਾਂ ਲਾਇਬ੍ਰੇਰੀ ਵਿੱਚ ਜਾ ਕੇ ਵੀ ਦੇਖਿਆ ਅਤੇ ਸੁਣਿਆ ਜਾ ਸਕਦਾ ਹੈ।
