ਐਡੀਲੇਡ – ਇੱਕ ਨਵੇਂ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਔਰਤਾਂ ਵਿੱਚ ਜਿਨਸੀ ਸਮੱਸਿਆਵਾਂ (Female Sexual Dysfunction – FSD) ਦਾ ਸਬੰਧ ਪਰਵਾਸ (ਮਾਈਗ੍ਰੇਸ਼ਨ) ਨਾਲੋਂ ਵੱਧ ਸਮਾਜਿਕ ਅਤੇ ਆਰਥਿਕ ਹਾਲਾਤਾਂ ਨਾਲ ਹੁੰਦਾ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਕਿਸੇ ਔਰਤ ਦਾ ਵਿਦੇਸ਼ ਵਿੱਚ ਜਨਮ ਲੈਣਾ ਆਪਣੇ ਆਪ ਵਿੱਚ ਜਿਨਸੀ ਸਮੱਸਿਆਵਾਂ ਦਾ ਵੱਡਾ ਕਾਰਨ ਨਹੀਂ ਹੈ।
ਇਹ ਅਧਿਐਨ ਐਡੀਲੇਡ ਯੂਨੀਵਰਸਿਟੀ ਦੇ ਸਕੂਲ ਆਫ਼ ਪਬਲਿਕ ਹੈਲਥ ਦੇ ਖੋਜਕਾਰਾਂ ਵੱਲੋਂ ਕੀਤਾ ਗਿਆ। ਇਸ ਵਿੱਚ ਕੁੱਲ 678 ਔਰਤਾਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ ਵਿੱਚ 342 ਆਸਟ੍ਰੇਲੀਆ ਵਿੱਚ ਜਨਮੀਆਂ ਅਤੇ 336 ਵਿਦੇਸ਼ ਵਿੱਚ ਜਨਮੀਆਂ ਸਨ। ਖੋਜ ਦੌਰਾਨ ਔਰਤਾਂ ਤੋਂ ਜਿਨਸੀ ਸਿਹਤ ਨਾਲ ਜੁੜੇ ਛੇ ਮੁੱਖ ਪਹਿਲੂਆਂ ਬਾਰੇ ਜਾਣਕਾਰੀ ਲਈ ਗਈ। ਇਨ੍ਹਾਂ ਵਿੱਚ ਜਿਨਸੀ ਇੱਛਾ (Desire), ਉਤੇਜਨਾ (Arousal), ਲੁਬਰੀਕੇਸ਼ਨ, ਆਰਗੈਜ਼ਮ, ਸੰਤੁਸ਼ਟੀ ਅਤੇ ਦਰਦ ਸ਼ਾਮਲ ਸਨ।
ਇਹ ਅਧਿਐਨ Frontiers in Reproductive Health ਜਰਨਲ ਵਿੱਚ ਪ੍ਰਕਾਸ਼ਿਤ ਹੋਇਆ ਹੈ। ਅਧਿਐਨ ਦੀ ਮੁੱਖ ਲੇਖਿਕਾ ਨੇਗਿਨ ਮਿਰਜ਼ਾਈ ਦਾਮਾਬੀ ਨੇ ਕਿਹਾ ਕਿ ਔਰਤਾਂ ਵਿੱਚ ਜਿਨਸੀ ਸਮੱਸਿਆ ਇੱਕ ਆਮ ਪਰ ਅਕਸਰ ਨਜ਼ਰਅੰਦਾਜ਼ ਕੀਤੀ ਜਾਣ ਵਾਲੀ ਸਿਹਤ ਸਮੱਸਿਆ ਹੈ। ਇਸ ਕਾਰਨ ਔਰਤਾਂ ਦੀ ਜੀਵਨ ਗੁਣਵੱਤਾ ਅਤੇ ਮਾਨਸਿਕ ਸੁਖ-ਸਮਾਧਾਨ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਸਮੱਸਿਆ ਸਰੀਰਕ, ਮਾਨਸਿਕ ਅਤੇ ਸਮਾਜਿਕ ਕਾਰਕਾਂ ਦੇ ਮਿਲੇ-ਜੁਲੇ ਪ੍ਰਭਾਵ ਕਾਰਨ ਪੈਦਾ ਹੁੰਦੀ ਹੈ। ਸਿਹਤ, ਰਿਸ਼ਤਿਆਂ ਦੀ ਗੁਣਵੱਤਾ ਅਤੇ ਸਮਾਜਿਕ-ਸੱਭਿਆਚਾਰਕ ਹਾਲਾਤ ਵੀ ਇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਅਧਿਐਨ ਵਿੱਚ ਪਤਾ ਲੱਗਾ ਕਿ ਲਗਭਗ ਅੱਧੀਆਂ ਔਰਤਾਂ ਕਿਸੇ ਨਾ ਕਿਸੇ ਤਰ੍ਹਾਂ ਦੀ ਜਿਨਸੀ ਸਮੱਸਿਆ ਨਾਲ ਜੂਝ ਰਹੀਆਂ ਸਨ। ਆਸਟ੍ਰੇਲੀਆ ਵਿੱਚ ਜਨਮੀਆਂ 47 ਫੀਸਦੀ ਅਤੇ ਵਿਦੇਸ਼ ਵਿੱਚ ਜਨਮੀਆਂ 46 ਫੀਸਦੀ ਔਰਤਾਂ ਨੇ ਜਿਨਸੀ ਸਮੱਸਿਆ ਹੋਣ ਦੀ ਗੱਲ ਦੱਸੀ।
ਅਧਿਐਨ ਦੀ ਸੀਨੀਅਰ ਲੇਖਿਕਾ ਐਸੋਸੀਏਟ ਪ੍ਰੋਫੈਸਰ ਜ਼ੋਹਰਾ ਲਸੀ ਨੇ ਕਿਹਾ ਕਿ ਦੋਵੇਂ ਸਮੂਹਾਂ ਦੇ ਨਤੀਜੇ ਲਗਭਗ ਇਕੋ ਜਿਹੇ ਰਹੇ। ਸਿਰਫ਼ ਜਿਨਸੀ ਸੰਤੁਸ਼ਟੀ ਦੇ ਮਾਮਲੇ ਵਿੱਚ ਵਿਦੇਸ਼ ਵਿੱਚ ਜਨਮੀਆਂ ਔਰਤਾਂ ਦਾ ਸਕੋਰ ਥੋੜ੍ਹਾ ਬਿਹਤਰ ਸੀ।
ਖੋਜਕਾਰਾਂ ਨੇ ਇਹ ਵੀ ਪਾਇਆ ਕਿ ਦੋਵੇਂ ਸਮੂਹਾਂ ਵਿੱਚ ਦਰਦ ਨਾਲ ਸੰਬੰਧਿਤ ਸਮੱਸਿਆ ਸਭ ਤੋਂ ਵੱਧ ਸੀ, ਜਦਕਿ ਜਿਨਸੀ ਇੱਛਾ ਸਭ ਤੋਂ ਘੱਟ ਦਰਜ ਕੀਤੀ ਗਈ। ਖੋਜ ਮੁਤਾਬਕ ਜਦੋਂ ਉਮਰ, ਸਿੱਖਿਆ ਅਤੇ ਆਮਦਨ ਵਰਗੇ ਕਾਰਕਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਤਾਂ ਇਹ ਗੱਲ ਸਾਹਮਣੇ ਆਈ ਕਿ ਵਿਦੇਸ਼ ਵਿੱਚ ਜਨਮ ਲੈਣ ਨਾਲ ਔਰਤਾਂ ਵਿੱਚ ਜਿਨਸੀ ਸਮੱਸਿਆ ਦਾ ਖ਼ਤਰਾ ਨਹੀਂ ਵੱਧਦਾ। ਇਸ ਦੀ ਬਜਾਏ ਸਮਾਜਿਕ ਅਤੇ ਆਰਥਿਕ ਹਾਲਾਤ ਇਸ ‘ਤੇ ਵੱਧ ਪ੍ਰਭਾਵ ਪਾਉਂਦੇ ਹਨ। ਖੋਜਕਾਰਾਂ ਦਾ ਕਹਿਣਾ ਹੈ ਕਿ ਜਿਨਸੀ ਸਮੱਸਿਆ ਪ੍ਰਜਨਨ ਉਮਰ ਦੀਆਂ ਔਰਤਾਂ ਵਿੱਚ ਇੱਕ ਆਮ ਸਿਹਤ ਚੁਣੌਤੀ ਹੈ। ਇਸ ਲਈ ਹਰ ਔਰਤ ਦੀ ਸਿਹਤ ਜਾਂਚ ਦੌਰਾਨ ਇਸ ਬਾਰੇ ਵੀ ਰੁਟੀਨ ਤੌਰ ‘ਤੇ ਪੁੱਛਿਆ ਜਾਣਾ ਚਾਹੀਦਾ ਹੈ ਅਤੇ ਸਿਰਫ਼ ਜਨਮ ਸਥਾਨ ਦੇ ਆਧਾਰ ‘ਤੇ ਕਿਸੇ ਨੂੰ ਵੱਧ ਜਾਂ ਘੱਟ ਖ਼ਤਰੇ ਵਾਲਾ ਨਹੀਂ ਮੰਨਣਾ ਚਾਹੀਦਾ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਭਵਿੱਖ ਵਿੱਚ ਲੰਬੇ ਸਮੇਂ ਤੱਕ ਕੀਤੇ ਜਾਣ ਵਾਲੇ ਅਧਿਐਨ ਇਹ ਸਮਝਣ ਵਿੱਚ ਹੋਰ ਮਦਦ ਕਰਨਗੇ ਕਿ ਕਿਹੜੇ ਸਮਾਜਿਕ ਅਤੇ ਆਰਥਿਕ ਕਾਰਕ ਔਰਤਾਂ ਦੀ ਜਿਨਸੀ ਸਿਹਤ ‘ਤੇ ਸਭ ਤੋਂ ਵੱਧ ਅਸਰ ਪਾਉਂਦੇ ਹਨ।
