ਚੰਡੀਗੜ੍ਹ – ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਕਾਰਜਕਾਰੀ ਡੀਜੀਪੀ ਇਕਬਾਲ ਪ੍ਰੀਤ ਸਹੋਤਾ ਤੇ ਐਡਵੋਕੇਟ ਜਨਰਲ ਏਪੀਐੱਸ ਦਿਓਲ ਨੂੰ ਲਗਾਉਣ ਦੇ ਵਿਰੋਧ ’ਚ ਨਵਜੋਤ ਸਿੰਘ ਸਿੱਧੂ ਵਲੋਂ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਦੇ ਅਹੁਦੇ ਤੋਂ ਦਿੱਤੇ ਗਏ ਅਸਤੀਫ਼ੇ ਦਾ ਮਾਮਲਾ ਖ਼ਤਮ ਹੋ ਗਿਆ ਹੈ। ਸਿੱਧੂ ਨੇ ਅਸਤੀਫ਼ਾ ਤਾਂ ਵਾਪਸ ਨਹੀਂ ਲਿਆ, ਪਰ ਉਹ ਸੂਬੇ ਦੀ ਕਮਾਨ ਸੰਭਾਲ ਕੇ ਰੱਖਣਗੇ। ਇਸ ਨੂੰ ਲੈ ਕੇ ਕਾਂਗਰਸ ਹਾਈ ਕਮਾਨ ਤੇ ਸਿੱਧੂ ਵਿਚਾਲੇ ਸਹਿਮਤੀ ਬਣ ਗਈ ਹੈ। ਸਿੱਧੂ ਦੇ ਕਰੀਬੀ ਤੇ ਕੈਬਨਿਟ ਮੰਤਰੀ ਪਰਗਟ ਸਿੰਘ ਤੇ ਪਾਰਟੀ ਦੇ ਆਬਜ਼ਰਵਰ ਹਰੀਸ਼ ਚੌਧਰੀ ਨੇ ਸਿੱਧੂ ਨੂੰ ਮਨਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ। ਪਾਰਟੀ ’ਚ ਮੁੜ ਸਰਗਰਮੀ ਵਧਾਉਣ ਲਈ ਵੀਰਵਾਰ ਨੂੰ ਸਿੱਧੂ ਦੀ ਅਗਵਾਈ ’ਚ ਕਾਂਗਰਸ ਦਾ ਇਕ ਜਥਾ ਲਖੀਮਪੁਰ ਖੀਰੀ ਲਈ ਰਵਾਨਾ ਹੋਵੇਗਾ।
ਸਿੱਧੂ ਨੇ ਡੀਜੀਪੀ ਤੇ ਏਜੀ ਲਗਾਏ ਜਾਣ ਦੇ ਵਿਰੋਧ ’ਚ 28 ਸਤੰਬਰ ਨੂੰ ਅਸਤੀਫ਼ਾ ਦੇ ਦਿੱਤਾ ਸੀ। ਪਾਰਟੀ ਨੇ ਸਿੱਧੂ ਦੇ ਅਸਤੀਫ਼ੇ ਨੂੰ ਹੋਲਡ ’ਤੇ ਰੱਖ ਦਿੱਤਾ ਸੀ। ਪਾਰਟੀ ਵਲੋਂ ਸਿੱਧੂ ਨੂੰ ਮਨਾਉਣ ਲਈ ਕੋਈ ਖ਼ਾਸ ਕੋਸ਼ਿਸ਼ ਵੀ ਨਹੀਂ ਕੀਤੀ ਜਾ ਰਹੀ ਸੀ, ਪਰ ਪਰਗਟ ਸਿੰਘ ਲਗਾਤਾਰ ਇਸ ਕੋਸ਼ਿਸ਼ ’ਚ ਲੱਗੇ ਹੋਏ ਸਨ ਕਿ ਕੋਈ ਵਿਚਲਾ ਰਸਤਾ ਕੱਢਿਆ ਜਾਵੇ ਤੇ ਸਿੱਧੂ ਹੀ ਪਾਰਟੀ ਦੀ ਕਮਾਨ ਸੰਭਾਲ ਕੇ ਰੱਖਣ। ਆਖ਼ਰ ਪਰਗਟ ਆਪਣੀ ਕੋਸ਼ਿਸ਼ ’ਚ ਕਾਮਯਾਬ ਰਹੇ। ਇਹੀ ਕਾਰਨ ਹੈ ਕਿ ਲਖੀਮਪੁਰ ਖੀਰੀ ਜਾਣ ਲਈ ਬੁੱਧਵਾਰ ਨੂੰ ਪੰਜਾਬ ਭਵਨ ’ਚ ਮੈਰਾਥਨ ਮੀਟਿੰਗ ਚੱਲਦੀ ਰਹੀ, ਜਿਸ ਵਿਚ ਨਵਜੋਤ ਸਿੱਧੂ ਵੀ ਸ਼ਾਮਲ ਹੋਏ ਜਦਕਿ ਇਸ ਮੀਟਿੰਗ ’ਚ ਪਰਗਟ ਸਿੰਘ ਤੋਂ ਇਲਾਵਾ ਹਰੀਸ਼ ਚੌਧਰੀ ਤੇ ਰਾਹੁਲ ਗਾਂਧੀ ਦੇ ਕਰੀਬੀ ਕ੍ਰਿਸ਼ਨ ਅੱਲਾਵਾਰੂ ਵੀ ਸ਼ਾਮਲ ਸਨ। ਪਾਰਟੀ ਦੇ ਉੱਚ ਪੱਧਰੀ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸਿੱਧੂ ਦਾ ਅਸਤੀਫ਼ਾ ਮਾਮਲਾ ਖ਼ਤਮ ਹੋ ਗਿਆ ਹੈ। ਛੇਤੀ ਹੀ ਇਸ ਦਾ ਰਸਮੀ ਐਲਾਨ ਵੀ ਕਰ ਦਿੱਤਾ ਜਾਵੇਗਾ। ਹੁਣ ਸਿੱਧੂ ਆਪਣੀ ਹੀ ਸਰਕਾਰ ’ਤੇ ਹਮਲਾ ਨਹੀਂ ਕਰਨਗੇ। ਇਹੀ ਕਾਰਨ ਹੈ ਕਿ ਦੋ ਦਿਨਾਂ ਤੋਂ ਸਿੱਧੂ ਨੇ ਲਖੀਮਪੁਰ ਖੀਰੀ ਤੇ ਭਾਰਤੀ ਜਨਤਾ ਪਾਰਟੀ ਵੱਲ ਫੋਕਸ ਕਰਨਾ ਸ਼ੁਰੂ ਕਰ ਦਿੱਤਾ ਹੈ।
ਸਿੱਧੂ ਦੇ ਝੁਕਣ ’ਚ ਪਿਛਲੇ ਦੋ ਦਿਨਾਂ ਤੋਂ ਪਾਰਟੀ ਵਲੋਂ ਨਵੇਂ ਪ੍ਰਧਾਨ ਦੀ ਭਾਲ ਸ਼ੁਰੂ ਕਰਨਾ ਵੀ ਸ਼ਾਮਲ ਹੈ ਕਿਉਂਕਿ ਪਾਰਟੀ ਨੇ ਇਹ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ ਸਨ ਕਿ ਜੇਕਰ ਸਿੱਧੂ ਆਪਣਾ ਅਸਤੀਫ਼ਾ ਵਾਪਸ ਨਹੀਂ ਲੈਂਦੇ ਤਾਂ ਪਾਰਟੀ ਦਾ ਨਵਾਂ ਪ੍ਰਧਾਨ ਲਗਾ ਦਿੱਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨਾਲ ਲਖੀਮਪੁਰ ਖੀਰੀ ਜਾਣ ਵਾਲੇ ਵਫ਼ਦ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸ਼ਾਮਲ ਹੋਣ ਨਾਲ ਵੀ ਸਿੱਧੂ ’ਤੇ ਦਬਾਅ ਪਿਆ ਹੈ। ਸਿੱਧੂ ਨੂੰ ਵੀ ਇਸ ਤਰ੍ਹਾਂ ਲੱਗਣ ਲੱਗਾ ਕਿ ਜੇਕਰ ਉਹ ਮੁੜ ਪਾਰਟੀ ਦੀ ਕਮਾਨ ਸੰਭਾਲਣ ਲਈ ਤਿਆਰ ਨਹੀਂ ਹੁੰਦੇ ਤਾਂ ਹੌਲੀ-ਹੌਲੀ ਹਾਸ਼ੀਏ ’ਤੇ ਨਾ ਆ ਜਾਣ। ਹਾਲਾਂਕਿ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਸਿੱਧੂ ਹੁਣ ਆਪਣਾ ਅਸਤੀਫ਼ਾ ਵਾਪਸ ਲੈਣਗੇ ਜਾਂ ਪਾਰਟੀ ਹਾਈ ਕਮਾਨ ਉਨ੍ਹਾਂ ਦਾ ਅਸਤੀਫ਼ਾ ਰੱਦ ਕਰੇਗੀ।
ਨਵਜੋਤ ਸਿੰਘ ਸਿੱਧੂ ਦੀ ਅਗਵਾਈ ’ਚ ਹੀ ਵੀਰਵਾਰ ਨੂੰ ਲਖੀਮਪੁਰ ਖੀਰੀ ਲਈ ਕਾਂਗਰਸ ਦਾ ਜੱਥਾ ਰਵਾਨਾ ਹੋਵੇਗਾ। ਇਸ ਦੇ ਲਈ ਪਾਰਟੀ ਵਲੋਂ ਸਾਰੇ ਮੰਤਰੀਆਂ, ਵਿਧਾਇਕਾਂ, ਪਾਰਟੀ ਆਗੂਆਂ ਨੂੰ ਸੰਦੇਸ਼ ਦੇ ਦਿੱਤਾ ਗਿਆ ਹੈ। ਸਾਰਿਆਂ ਨੂੰ ਸਵੇਰੇ 10.30 ਵਜੇ ਮੋਹਾਲੀ ਏਅਰਪੋਰਟ ਵਾਲੇ ਚੌਕ ’ਤੇ ਪਹੁੰਚਣ ਲਈ ਕਿਹਾ ਗਿਆ ਹੈ। ਇਹ ਜੱਥਾ ਦੁਪਹਿਰ 12 ਵਜੇ ਦੇ ਕਰੀਬ ਗੱਡੀਆਂ ਰਾਹੀਂ ਰਵਾਨਾ ਹੋਵੇਗਾ।
ਸਿੱਧੂ ਦੇ ਅਸਤੀਫ਼ੇ ਦਾ ਮਾਮਲਾ ਖ਼ਤਮ ਹੋਣ ਦੇ ਨਾਲ ਹੁਣ ਰਜ਼ੀਆ ਸੁਲਤਾਨਾ ਦਾ ਅਸਤੀਫ਼ਾ ਵੀ ਰੱਦ ਕਰ ਦਿੱਤਾ ਜਾਵੇਗਾ ਕਿਉਂਕਿ ਸਿੱਧੂ ਦੇ ਅਸਤੀਫ਼ੇ ਦੇ ਹੱਕ ’ਚ ਰਜ਼ੀਆ ਸੁਲਤਾਨਾ ਨੇ ਵੀ ਕੈਬਨਿਟ ਮੰਤਰੀ ਵਜੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਦੇ ਅਸਤੀਫ਼ੇ ’ਤੇ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਤਰ੍ਹਾਂ ਰਜ਼ੀਆ ਦੇ ਕੈਬਨਿਟ ’ਚ ਵਾਪਸ ਆਉਣ ਦਾ ਰਸਤਾ ਵੀ ਨਿਕਲ ਆਇਆ ਹੈ।