ਨਵੀਂ ਦਿੱਲੀ – ਪੰਜਾਬ ‘ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਵੱਡਾ ਬਿਆਨ ਦਿੱਤਾ ਹੈ। ਸ਼ਨੀਵਾਰ ਨੂੰ ਇੱਕ ਵੱਡੇ ਮੀਡੀਆ ਗਰੁੱਪ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਅਗਲੀਆਂ ਚੋਣਾਂ ਵਿਚ ਜਨਤਾ, ਪਾਰਟੀ ਹਾਈਕਮਾਂਡ ਤੇ ਵਿਧਾਇਕ ਤੈਅ ਕਰਨਗੇ ਕਿ ਕੌਣ ਮੁੱਖ ਮੰਤਰੀ ਬਣੇਗਾ। ਜਾਣਕਾਰੀ ਅਨੁਸਾਰ ਜਦੋਂ ਚੰਨੀ ਨੂੰ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਬਣਾਉਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਦਾ ਫੈਸਲਾ ਪਾਰਟੀ ਤੇ ਵਿਧਾਇਕ ਤੈਅ ਕਰਨਗੇ।ਸੀਐੱਮ ਚੰਨੀ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਸਾਡੇ ਪ੍ਰਧਾਨ ਹਨ। ਪ੍ਰਧਾਨ ਨੂੰ ਪਾਰਟੀ ਦੀ ਤਰਜ਼ ‘ਤੇ ਕੰਮ ਕਰਨਾ ਹੁੰਦਾ ਹੈ। ਜਦੋਂ ਪਾਰਟੀ ਪ੍ਰਧਾਨ ਕੁਝ ਕਹਿੰਦੇ ਹਨ, ਅਸੀਂ ਉਸ ਲਾਈਨ ‘ਤੇ ਕੰਮ ਕਰਦੇ ਹਾਂ। ਜਦੋਂ ਕੁਝ ਰਹਿ ਜਾਂਦਾ ਹੈ, ਉਹ ਫਿਰ ਕਹਿੰਦੇ ਹਨ, ਅਸੀਂ ਦੁਬਾਰਾ ਕਰਨਾ ਸ਼ੁਰੂ ਕਰ ਦਿੰਦੇ ਹਾਂ। ਇਹ ਆਲੋਚਨਾ ਜ਼ਰੂਰੀ ਹੈ। ਜੇ ਕੋਈ ਸਿਆਸਤ ਵਿਚ ਆਉਂਦਾ ਹੈ ਤਾਂ ਅੱਗੇ ਵਧਣ ਦੀ ਸੋਚ ਰੱਖਦਾ ਹੈ। ਮੁੱਖ ਮੰਤਰੀ ਤੋਂ ਪੀਐੱਮ ਜੇ ਤੁਸੀਂ ਸੋਚਿਆ ਨਹੀਂ, ਤਾਂ ਤੁਸੀਂ ਕੰਮ ਕਰਨ ਦੇ ਯੋਗ ਨਹੀਂ ਹੋਵੋਗੇ। ਜੇ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਬਣਨ ਦੀ ਸੋਚ ਰਹੇ ਹਨ ਤਾਂ ਇਸ ਵਿਚ ਗਲਤ ਕੀ ਹੈ। ਚੋਣਾਂ ‘ਚ ਜਨਤਾ, ਪਾਰਟੀ ਹਾਈਕਮਾਂਡ ਤੇ ਵਿਧਾਇਕ ਤੈਅ ਕਰਨਗੇ ਕਿ ਮੁੱਖ ਮੰਤਰੀ ਕੌਣ ਬਣੇਗਾ।ਜਦੋਂ ਚੰਨੀ ਨੂੰ ਪੁੱਛਿਆ ਗਿਆ ਕਿ ਉਹ ਆਉਣ ਵਾਲੀਆਂ ਚੋਣਾਂ ਵਿਚ ਵੀ ਪੰਜਾਬ ਦੇ ਕਪਤਾਨ ਹਨ ਤਾਂ ਇਸ ਸਵਾਲ ‘ਤੇ ਉਨ੍ਹਾਂ ਕਿਹਾ ਕਿ ਇਹ ਟੀਮ ਵਰਕ ਹੈ। ਮੈਂ ਕਪਤਾਨ ਨਹੀਂ, ਸਿਰਫ ਇਕ ਖਿਡਾਰੀ ਹਾਂ। ਚੋਣਾਂ ਵਿਚ ਸਾਨੂੰ ਸਾਰਿਆਂ ਨੂੰ ਸਖ਼ਤ ਮਿਹਨਤ ਕਰਨੀ ਪਵੇਗੀ।
ਇਸ ਤੋਂ ਪਹਿਲਾਂ ਸੀਐੱਮ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਕਿਵੇਂ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਪੰਜਾਬ ਦੇ ਸੀਐੱਮ ਬਣਨ ਜਾ ਰਹੇ ਹਨ ਤਾਂ ਉਹ ਰੋਣ ਲੱਗ ਪਏ ਸੀ। ਚਰਨਜੀਤ ਸਿੰਘ ਨੇ ਕਿਹਾ, ਰਾਹੁਲ ਗਾਂਧੀ ਦਾ ਫੋਨ ਆਇਆ ਸੀ। ਉਨ੍ਹਾਂ ਕਿਹਾ, ਤੁਸੀਂ ਮੁੱਖ ਮੰਤਰੀ ਬਣਨ ਜਾ ਰਹੇ ਹੋ। ਤਾਂ ਮੈਂ ਕਿਹਾ, ਤੁਸੀਂ ਕੀ ਕਰ ਰਹੇ ਹੋ, ਕਿਸੇ ਹੋਰ ਨੂੰ ਸੀਐੱਮ ਬਣਾਉ, ਮੈਂ ਇਸ ਕਾਬਲ ਨਹੀਂ ਹਾਂ ਤੇ ਇਹ ਕਹਿ ਕੇ ਰੋਣ ਲੱਗ ਪਿਆ ਸੀ।