ਸ਼੍ਰੀਨਗਰ – ਜੰਮੂ-ਕਸ਼ਮੀਰ ਦੀ ਅਵਾਮੀ ਇਤਿਹਾਦ ਪਾਰਟੀ (ਏ.ਆਈ.ਪੀ.) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਬਦੁਲ ਰਸ਼ੀਦ ਸ਼ੇਖ (ਇੰਜੀਨੀਅਰ ਰਸ਼ੀਦ) ਨੇ ਮੰਗਲਵਾਰ ਨੂੰ ਕਿਹਾ ਕਿ ਅਗਲੀ ਸਰਕਾਰ ਬਣਾਉਣ ਵਾਲੀ ਪਾਰਟੀ ਨੂੰ ਜੰਮੂ-ਕਸ਼ਮੀਰ ਅਤੇ ਨਵੀਂ ਦਿੱਲੀ ਦੇ ਲੋਕਾਂ ਵਿਚਕਾਰ ਪੁਲ ਬਣਨਾ ਚਾਹੀਦਾ ਹੈ। ਸ਼ੇਖ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਗਲੀ ਸਰਕਾਰ ਜੋ ਵੀ ਪਾਰਟੀ ਬਣੇ, ਮੈਂ ਉਸ ਨੂੰ ਜੰਮੂ-ਕਸ਼ਮੀਰ ਅਤੇ ਨਵੀਂ ਦਿੱਲੀ ਦੇ ਲੋਕਾਂ ਵਿਚਕਾਰ ਪੁਲ ਬਣਨ ਦੀ ਅਪੀਲ ਕਰਦਾ ਹਾਂ ਤਾਂ ਜੋ ਇੱਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ ਅਤੇ ਲੋਕ ਆਤਮ ਸਨਮਾਨ ਨਾਲ ਜੀ ਸਕਣ। ਉਨ੍ਹਾਂ ਕਿਹਾ ਕਿ ਸੱਤਾ ਸਥਾਈ ਨਹੀਂ ਹੁੰਦੀ ਪਰ ਜੋ ਵੀ ਸੱਤਾ ਦੀ ਕੁਰਸੀ ’ਤੇ ਬੈਠਦਾ ਹੈ, ਉਹ ਸੋਚਦਾ ਹੈ ਕਿ ਉਹ ਇਸ ਕੁਰਸੀ ਨੂੰ ਕਦੇ ਨਹੀਂ ਗੁਆਏਗਾ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਕੋਈ ਆਮ ਸੂਬਾ ਨਹੀਂ ਹੈ। ਕਸ਼ਮੀਰ ਨੂੰ ਹਿੰਦੂ-ਮੁਸਲਿਮ ਮੁੱਦਾ ਨਾ ਬਣਾਓ, ਲੋਕਾਂ ਨਾਲ ਇਨਸਾਨੀ ਵਰਤਾਓ ਕਰੋ। ਬਾਰਾਮੂਲਾ ਤੋਂ ਸੰਸਦ ਮੈਂਬਰ ਨੇ ਕਿਹਾ ਕਿ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਸਿਰਫ਼ ਦੌਰੇ ਲਈ ਇਸਲਾਮਾਬਾਦ ਨਹੀਂ ਜਾਣਾ ਚਾਹੀਦਾ। ਉਨ੍ਹਾਂ ਨੂੰ ਦੁਨੀਆ ਨੂੰ ਇਹ ਧੋਖਾ ਨਾ ਦੇਵੇ ਕਿ ਉਹ ਸ਼ੰਘਾਈ ਸੰਮੇਲਨ ਵਿਚ ਗਏ ਸਨ। ਉਨ੍ਹਾਂ ਨੂੰ ਕਸ਼ਮੀਰ ਦੀ ਸ਼ਾਂਤੀ ਲਈ ਪਰਦੇ ਪਿੱਛੇ ਕੁਝ ਚੰਗਾ ਕਰਨਾ ਚਾਹੀਦਾ ਹੈ।