ਕੋਪੇਨਹੇਗਨ – ਨਾਰਵੇ ਦੇ ਕੋਂਸਬਰਗ ‘ਚ ਇਕ ਹਮਲਾਵਰ ਨੇ ਬੁੱਧਵਾਰ ਨੂੰ ਖ਼ਰੀਦਦਾਰੀ ਕਰ ਰਹੇ ਲੋਕਾਂ ‘ਤੇ ਤੀਰਾਂ ਨਾਲ ਹਮਲਾ ਕਰ ਦਿੱਤਾ। ਇਸ ‘ਚ ਪੰਜ ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ। ਪੁਲਿਸ ਨੂੰ ਸ਼ੱਕ ਹੈ ਕਿ ਹਮਲਾਵਰ ਮੁਸਲਿਮ ਪੰਥ ਨੂੰ ਅਪਣਾਉਣ ਤੋਂ ਬਾਅਦ ਕੱਟੜਪੰਥੀ ਬਣ ਗਿਆ ਸੀ। ਰਾਜਧਾਨੀ ਓਸਲੋ ਦੇ ਕਰੀਬ ਸਥਿਤ 26 ਹਜ਼ਾਰ ਦੀ ਅਬਾਦੀ ਵਾਲੇ ਕੋਂਸਬਰਗ ਦੇ ਪੁਲਿਸ ਮੁਖੀ ਨੇ ਦੱਸਿਆ ਕਿ ਹਮਲਾਵਰ ਨਾਲ ਪੁਲਿਸ ਦੀ ਝੜਪ ਵੀ ਹੋਈ। ਹਾਲਾਂਕਿ ਉਨ੍ਹਾਂ ਨੇ ਵਿਸਥਾਰਤ ਜਾਣਕਾਰੀ ਨਹੀਂ ਦਿੱਤੀ। ਪੁਲਿਸ ਨੇ ਦੱਸਿਆ ਕਿ ਦੋਵਾਂ ਜ਼ਖ਼ਮੀਆਂ ਦੀ ਹਾਲਤ ਗੰਭੀਰ ਹੈ ਤੇ ਉਹ ਆਈਸੀਯੂ ‘ਚ ਦਾਖ਼ਲ ਹਨ। ਜ਼ਖ਼ਮੀਆਂ ‘ਚੋਂ ਇਕ ਪੁਲਿਸ ਮੁਲਾਜ਼ਮ ਹੈ, ਜਿਹੜਾ ਡਿਊਟੀ ਖ਼ਤਮ ਹੋਣ ਤੋਂ ਬਾਅਦ ਦੁਕਾਨ ‘ਚ ਖ਼ਰੀਦਦਾਰੀ ਕਰ ਰਿਹਾ ਸੀ। ਪੁਲਿਸ ਮੁਖੀ ਓਏਵਿੰਗ ਆਸ ਨੇ ਕਿਹਾ ਕਿ ਵਾਰਦਾਤ ਸ਼ਾਮ 6.15 ਵਜੇ ਹੋਈ ਤੇ ਹਮਲਾਵਰ ਨੂੰ 30 ਮਿੰਟ ਬਾਅਦ ਗਿ੍ਫ਼ਤਾਰ ਕਰ ਲਿਆ ਗਿਆ। ਸਾਨੂੰ ਜਾਣਕਾਰੀ ਮਿਲੀ ਹੈ ਕਿ ਇਸ ਹਮਲੇ ਨੂੰ ਸਿਰਫ਼ ਇਕ ਵਿਅਕਤੀ ਨੇ ਅੰਜਾਮ ਦਿੱਤਾ ਹੈ। ਸ਼ੱਕ ਹੈ ਕਿ ਮੁਲਜ਼ਮ ਨੇ ਕਈ ਹੋਰ ਥਾਵਾਂ ‘ਤੇ ਵੀ ਲੋਕਾਂ ‘ਤੇ ਹਮਲੇ ਕੀਤੇ ਹਨ। ਹਾਲਾਂਕਿ ਪੁਲਿਸ ਨੇ ਉਸ ਤੋਂ ਪੁੱਛਗਿੱਛ ਫਿਲਹਾਲ ਨਹੀਂ ਕੀਤੀ। ਡੈਨਮਾਰਕ ਨਿਵਾਸੀ ਹਮਲਾਵਰ ਕੋਂਸਬਰਗ ‘ਚ ਰਹਿ ਰਿਹਾ ਸੀ ਤੇ ਪੁਲਿਸ ਨੂੰ ਸ਼ੱਕ ਹੈ ਕਿ ਉਹ ਕੱਟੜਪੰਥੀਆਂ ਦੇ ਸੰਪਰਕ ‘ਚ ਸੀ।ਕਾਰਜਕਾਰੀ ਪ੍ਰਧਾਨ ਮੰਤਰੀ ਏਰਨਾ ਸੋਲਬਰਗ ਨੇ ਵਾਰਦਾਤ ਨੂੰ ਵਹਿਸ਼ੀ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਦੇ ਉਦੇਸ਼ਾਂ ਦਾ ਅਨੁਮਾਨ ਲਗਾਉਣਾ ਫਿਲਹਾਲ ਕਾਹਲ ਹੋਵੇਗੀ। ਭਵਿਖ ਦੇ ਪ੍ਰਧਾਨ ਮੰਤਰੀ ਜੋਨਾਸ ਜੀ. ਸਟੋਏਰੇ ਨੇ ਘਟਨਾ ਨੂੰ ਕਰੂਰ ਤੇ ਬੇਰਹਿਮ ਕਰਾਰ ਦਿੱਤਾ ਹੈ। ਆਮ ਤੌਰ ‘ਤੇ ਨਾਰਵੇ ‘ਚ ਸਾਮੂਹਿਕ ਹੱਤਿਆਵਾਂ ਨਹੀਂ ਹੁੰਦੀਆਂ। 22 ਜੁਲਾਈ, 2011 ਨੂੰ ਆਂਦ੍ਰੇਸ ਭ੍ਰੇਵਿਕ ਨੇ ਓਸਲੋ ‘ਚ ਦੇਸ਼ ਦੇ ਸਭ ਤੋਂ ਭਿਆਨਕ ਅੱਤਵਾਦੀ ਹਮਲੇ ਨੂੰ ਅੰਜਾਮ ਦਿੱਤਾ ਸੀ। ਬੰਬ ਨਾਲ ਹੋਏ ਹਮਲੇ ‘ਚ ਅੱਠ ਲੋਕ ਮਾਰੇ ਗਏ ਸਨ। ਉਸ ਨੂੰ 21 ਸਾਲ ਦੀ ਸਜ਼ਾ ਹੋਈ ਸੀ।