ਆਕਲੈਂਡ – ਨਿਊਜ਼ੀਲੈਂਡ ਦੇ ਮੂਲ ਬਾਸਿ਼ੰਦੇ ‘ਮਾਉਰੀ’ ਭਾਈਚਾਰੇ ਦੀ ਇਕ ਔਰਤ ਨੂੰ ਪਹਿਲੀ ਵਾਰ ਇੱਥੋਂ ਦੇਸ਼ ਦੀ 22ਵੀਂ ਗਵਰਨਰ-ਜਨਰਲ ਬਣਨ ਦਾ ਮਾਣ ਮਿਲਿਆ ਹੈ। ਉਸਨੇ ਅੱਜ 21 ਅਕਤੂਬਰ ਨੂੰ ਸਵੇਰੇ ਪਾਰਲੀਮੈਂਟ `ਚ ਆਪਣੇ ਅਹੁਦੇ ਦੀ ਸਹੁੰ ਚੁੱਕ ਕੇ ਇਤਿਹਾਸਕ ਮਿਸਾਲ ਕੀਤੀ । ਸਹੁੰ ਚੁਕਾਉਣ ਦੀ ਰਸਮ ਚੀਫ਼ ਜਸਟਿਸ ਮਾਣਯੋਗ ਹੈਲਨ ਵਿੰਕਲਮਾਨ ਨੇ ਅਦਾ ਕੀਤੀ। ਇਸ ਅਹੁਦੇ ਦੀ ਨਿਯੁਕਤੀ ਬਾਰੇ ਮਈ ਮਹੀਨੇ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਇਸ ਬਾਰੇ ਐਲਾਨ ਕੀਤਾ ਸੀ। ਇਸ ਅਹੁਦੇ `ਤੇ ਪਹਿਲਾਂ ਡੇਮ ਪਾਸਟੀ ਰੈਡੀ ਕੰਮ ਕਰ ਚੁੱਕੇ ਹਨ। ਇਸ ਅਹੁਦੇ ਦੀ ਮਿਆਦ ਆਮ ਕਰਕੇ ਪੰਜ ਸਾਲ ਹੁੰਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਸੋਮਵਾਰ ਬਰਤਾਨੀਆ ਦੇ ਸ਼ਾਹੀ ਪਰਿਵਾਰ ਨੇ ਆਪਣੇ ਟਵਿੱਟਰ ਹੈਂਡਲ `ਤੇ ਇਕ 30 ਸੈਕਿੰਡ ਦਾ ਆਨਲਾਈਨ ਵੀਡੀਉ ਕਲਿਪ ਸਾਂਝਾ ਕੀਤਾ ਸੀ। ਜਿਸ ਵਿੱਚ ਮਹਾਰਾਣੀ ਐਲਿਜ਼ਾਬੈਥ-2 ਅਤੇ ਡੇਮ ਸਿੰਡੀ ਕੀਰੋ ਦੀ ਆਪਸੀ ਗੱਲਬਾਤ ਕਰਦਿਆਂ ਵਿਖਾਇਆ ਗਿਆ ਹੈ ਅਤੇ ਮਹਾਰਾਣੀ ਨੇ ਉਸਨੂੰ ਰਵਾਇਤੀ ਤੌਰ `ਤੇ ਗਵਰਨਰ ਜਨਰਲ ਨੂੰ ਦਰਸਾਉਣ ਵਾਲਾ ਹਾਰ ਰੂਪੀ ਵਿਸ਼ੇਸ਼ ਬੈਜ ਵੀ ਆਨਲਾਈਨ ਤਰੀਕੇ ਨਾਲ ਭੇਟ ਕੀਤਾ ਸੀ।63 ਸਾਲਾ ਸਿੰਡੀ ਕੀਰੋ ਦਾ ਜਨਮ ਸਾਲ 1958 `ਚ ਫ਼ਾਂਗਾਰੇਈ `ਚ ਹੋਇਆ ਸੀ ਤੇ ਛੇ ਭੈਣ-ਭਰਾਵਾਂ ਚੋਂ ਸਭ ਤੋਂ ਵੱਡੀ ਹੈ। ਸਿੰਡੀ ਦਸਦੀ ਹੈ ਕਿ ਉਹ ਅਜਿਹੀ ਮਾਂ ਦੀ ਬੇਟੀ ਹੈ, ਜੋ ਇਕ ਝੁੱਗੀ ਵਰਗੇ ਕੱਚੇ ਵਿਹੜੇ ਵਾਲੇ ਘਰ `ਚ ਪੈਦਾ ਹੋਈ ਸੀ ਅਤੇ ਉਸਦਾ ਬਾਪ ਇੰਗਲੈਂਡ ਦੇ ਕੋਲੇ ਦੀ ਮਾਈਨਿੰਗ ਵਾਲੇ ਛੋਟੇ ਜਿਹੇ ਟਾਊਨ `ਚ ਪੈਦਾ ਹੋਇਆ ਸੀ।
ਸਿੰਡੀ, ਯੂਨੀਵਰਸਿਟੀ ਆਫ਼ ਆਕਲੈਂਡ `ਚ ਪ੍ਰੋ ਵਾਈਸ ਚਾਂਸਲਰ, ਚਾਈਲਡ ਕਮਿਸ਼ਨਰ, ਰਾਇਲ ਸੁਸਾਇਟੀ ਆਫ ਨਿਊਜ਼ੀਲੈਂਡ ਦੀ ਚੀਫ਼ ਐਗਜ਼ੈਕਟਿਵ ਅਤੇ ਸਰਕਾਰ ਦੇ ਵੈੱਲਫੇਅਰ ਐਕਸਪਰਟ ਐਡਾਵਾਈਜ਼ਰੀ ਗਰੁੱਪ ਦੀ ਚੇਅਰਪਰਸਨ ਵੀ ਰਹਿ ਚੁੱਕੀ ਹੈ। ਉਹ ਜਰਨਲ ਪ੍ਰੈਕਟੀਸ਼ਨਰ ਡਾ ਰਿਚਰਡ ਡੇਵਿਸ ਨਾਲ ਵਿਆਹੀ ਹੋਈ ਹੈ ਅਤੇ ਉਸਦੇ 4 ਬੱਚੇ ਹਨ। ਉਹ ਮੈਸੀ ਯੂਨੀਵਰਸਿਟੀ `ਚ ਪਬਲਿਕ ਹੈੱਲਥ ਦਾ ਵਿਸ਼ਾ ਵੀ ਪੜ੍ਹਾ ਚੁੱਕੇ ਹਨ।ਜਿ਼ਕਰਯੋਗ ਹੈ ਕਿ ਕਾਮਨਵੈੱਲਥ ਦੇਸ਼ਾਂ ਦੀ ਸੂਚੀ ਵਾਲੇ ਨਿਊਜ਼ੀਲੈਂਡ ਦੀ ਗਵਰਨਰ-ਜਨਰਲ ਨੂੰ ਮਹਾਰਾਣੀ ਦੀ ਪ੍ਰਤੀਨਿਧ ਮੰਨਿਆ ਜਾਂਦਾ ਹੈ ਅਤੇ ਪਾਰਲੀਮੈਂਟ ਵੱਲੋਂ ਪਾਸ ਕੀਤੇ ਕਾਨੂੰਨ ਨੂੰ ਰਸਮੀ ਪ੍ਰਵਾਨਗੀ ਗਵਰਨਰ-ਜਨਰਲ ਵੱਲੋਂ ਦਿੱਤੀ ਜਾਂਦੀ ਹੈ। ਆਮ ਕਰਕੇ ਅਜਿਹੀ ਪਦਵੀ ਧਾਰਨ ਕਰਨ ਤੋਂ ਪਹਿਲਾਂ ਨਾਮਜ਼ਦ ਗਵਰਨਰ-ਜਨਰਲ ਸ਼ਾਹੀ ਪਰਿਵਾਰ ਦੇ ਘਰ ਬਕਿੰਘਮ ਪੈਲੇਸ ਜਾਂਦਾ ਹੈ ਅਤੇ ਉਸ ਮੌਕੇ ਇਹ ਹਾਰ ਰੂਪੀ ਬੈਜ ਮਹਾਰਾਣੀ ਜਾਂ ਸ਼ਾਹੀ ਪਰਿਵਾਰ ਦੇ ਕਿਸੇ ਮੈਂਬਰ ਵੱਲੋਂ ਨਾਮਜ਼ਦ ਕੀਤੇ ਗਵਰਨਰ-ਜਨਰਲ ਨੂੰ ਸੌਂਪਿਆ ਜਾਂਦਾ ਹੈ। ਇਸ ਅਹੁਦੇ `ਤੇ ਕੰਮ ਕਰਨ ਵਾਲੀ ਔਰਤ ਨੂੰ ਬਰਤਾਨੀਆ ਦੇ ਵਿਸ਼ੇਸ਼ ਟਾਈਟਲ ‘ਡੇਮ’ ਵੀ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ 3 ਲੱਖ 71 ਹਜ਼ਾਰ ਡਾਲਰ ਤਨਖ਼ਾਹ, ਰਾਜਧਾਨੀ ਵਲੰਿਗਟਨ ਅਤੇ ਆਕਲੈਂਡ `ਚ ਘਰ,ਕਾਰ ਅਤੇ ਪਬਲਿਕ ਸਰਵੈਂਟ ਦੀ ਤਰ੍ਹਾਂ ਸਟਾਫ਼ ਵੀ ਮਿਲਦਾ ਹੈ।