Sport

ਨੀਰਜ ਚੋਪੜਾ ਨੇ ਜਿੱਤਿਆ ਚਾਂਦੀ ਦਾ ਤਮਗ਼ਾ

ਪੈਰਿਸ -ਭਾਰਤ ਲਈ ਮੈਡਲ ਦੀਆਂ ਸਭ ਤੋਂ ਵੱਧ ਉਮੀਦਾਂ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਤੋਂ ਸਨ। ਨੀਰਜ ਟੋਕੀਓ ਓਲੰਪਿਕ ਦਾ ਚੈਂਪੀਅਨ ਹੈ। ਇਸ ਵਾਰ ਪੈਰਿਸ ਓਲੰਪਿਕ ’ਚ ਵੀ ਉਹ ਟੋਕੀਓ ਵਾਲਾ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਭਾਰਤ ਦਾ ਨਾਂ ਚਮਕਾਉਣ ਦੇ ਇਰਾਦੇ ਨਾਲ ਮੈਦਾਨ ’ਤੇ ਉਤਰਿਆ ਤੇ ਉਸ ਨੇ 89.45 ਮੀਟਰ ਦੀ ਥ੍ਰੋ ਨਾਲ ਚਾਂਦੀ ਤਮਗਾ ਹਾਸਲ ਕਰ ਲਿਆ ਹੈ।
ਮੁਕਾਬਲਾ ਸ਼ੁਰੂ ਹੁੰਦੇ ਹੀ ਮੈਦਾਨ ’ਤੇ ਚੀਕਾਂ ਨਾਲ ਨੀਰਜ ਚੋਪੜਾ ਦਾ ਸੁਆਗਤ ਕੀਤਾ ਗਿਆ। ਜਦੋਂ ਨੀਰਜ ਨੇ ਆਪਣੀ ਪਹਿਲੀ ਥ੍ਰੋ ਸੁੱਟੀ ਤਾਂ ਉਸ ਦਾ ਪੈਰ ਲਾਈਨ ਨੂੰ ਛੂਹ ਗਿਆ, ਜਿਸ ਕਾਰਨ ਇਹ ਥ੍ਰੋ ਫਾਊਲ ਹੋ ਗਈ।
ਇਸ ਤੋਂ ਬਾਅਦ ਪਾਕਿਸਤਾਨ ਦੇ ਥ੍ਰੋਅਰ ਅਰਸ਼ਦ ਨਦੀਮ ਨੇ 92.97 ਮੀਟਰ ਦੀ ਥ੍ਰੋ ਮਾਰ ਕੇ ਨਾਰਵੇ ਦੇ ਐਂਡਿ੍ਰਆਸ ਥੋਰਕਿਲਡਸਨ ਵੱਲੋਂ 2008 ਦੇ ਬੀਜਿੰਗ ਓਲੰਪਿਕ ’ਚ ਬਣਾਇਆ ਗਿਆ 90.57 ਮੀਟਰ ਥ੍ਰੋ ਦਾ 16 ਸਾਲ ਪੁਰਾਣਾ ਰਿਕਾਰਡ ਤੋੜ ਕੇ ਨਵਾਂ ਓਲੰਪਿਕ ਰਿਕਾਰਡ ਕਾਇਮ ਕਰ ਦਿੱਤਾ ਹੈ। ਉਹ ਸੋਨ ਤਮਗੇ ਦੀ ਦੌੜ ’ਚ ਸਭ ਤੋਂ ਅੱਗੇ ਪਹੁੰਚ ਗਿਆ ਤੇ ਅੰਤ ਤੱਕ ਉਹ ਪਹਿਲੇ ਸਥਾਨ ’ਤੇ ਰਿਹਾ, ਜਿਸ ਕਾਰਨ ਉਸ ਨੇ ਸੋਨ ਤਮਗੇ ’ਤੇ ਕਬਜ਼ਾ ਕਰ ਲਿਆ ਹੈ। ਉਸ ਦੀ ਆਖ਼ਰੀ ਥ੍ਰੋ ਵੀ 91.79 ਮੀਟਰ ਦੀ ਰਹੀ, ਜਿਸ ਦੇ ਆਸ-ਪਾਸ ਵੀ ਕੋਈ ਨਾ ਪਹੁੰਚ ਸਕਿਆ। ਓਲੰਪਿਕ ਖੇਡਾਂ ’ਚ ਵਿਅਕਤੀਗਤ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਪਾਕਿਸਤਾਨੀ ਅਥਲੀਟ ਬਣ ਗਿਆ ਹੈ।
ਨੀਰਜ ਨੇ ਆਪਣੀ ਦੂਜੀ ਕੋਸ਼ਿਸ਼ ’ਚ 89.45 ਮੀਟਰ ਦੀ ਥ੍ਰੋ ਮਾਰ ਕੇ ਦੂਜਾ ਸਥਾਨ ਹਾਸਲ ਕਰ ਲਿਆ ਹੈ, ਪਰ ਇਸ ਤੋਂ ਬਾਅਦ ਉਸ ਦੀਆਂ ਸਾਰੀਆਂ ਥ੍ਰੋਜ਼ ਫਾਊਲ ਰਹੀਆਂ। ਇਸ ਦੇ ਬਾਵਜੂਦ ਉਹ ਦੂਜੇ ਸਥਾਨ ’ਤੇ ਕਾਬਜ਼ ਰਿਹਾ, ਜਦਕਿ ਗ੍ਰੇਨਾਡਾ ਦੇ ਐਂਡਰਸਨ ਪੀਟਰਸ 88.54 ਮੀਟਰ ਦੀ ਥ੍ਰੋ ਨਾਲ ਤੀਜੇ ਸਥਾਨ ’ਤੇ ਰਿਹਾ।
ਜ਼ਿਕਰਯੋਗ ਹੈ ਕਿ ਟੋਕੀਓ ਓਲੰਪਿਕ ’ਚ ਨੀਰਜ ਚੋਪੜਾ ਨੇ ਭਾਰਤ ਨੂੰ ਐਥਲੈਟਿਕਸ ’ਚ ਪਹਿਲਾ ਗੋਲਡ ਮੈਡਲ ਦਿਵਾਇਆ ਸੀ। ਇੱਥੇ ਪੈਰਿਸ ’ਚ ਵੀ ਉਸ ਨੇ ਪਹਿਲੀ ਹੀ ਥ੍ਰੋ ’ਚ 89.23 ਮੀਟਰ ਦੀ ਥ੍ਰੋ ਸੁੱਟ ਕੇ ਸਿੱਧਾ ਫਾਈਨਲ ’ਚ ਕੁਆਲੀਫਾਈ ਕਰ ਲਿਆ ਸੀ। ਇਸ ਜਿੱਤ ਨਾਲ ਉਹ ਭਾਰਤ ਵੱਲੋਂ ਓਲੰਪਿਕ ’ਚ ਸੋਨ ਤੇ ਚਾਂਦੀ ਦਾ ਤਮਗਾ ਜਿੱਤਣ ਵਾਲਾ ਪਹਿਲਾ ਅਥਲੀਟ ਬਣ ਗਿਆ ਹੈ।
ਨੀਰਜ ਦੇ ਸਿਲਵਰ ਮੈਡਲ ਦੇ ਨਾਲ ਹੁਣ ਭਾਰਤ 4 ਕਾਂਸੀ ਤੇ 1 ਚਾਂਦੀ ਦਾ ਤਮਗਾ ਹੈ, ਜਿਸ ਨਾਲ ਉਹ ਹੁਣ ਮੈਡਲ ਟੈਲੀ ’ਚ 63ਵੇਂ ਨੰਬਰ ’ਤੇ ਪਹੁੰਚ ਗਿਆ ਹੈ, ਜਦਕਿ ਪਾਕਿਸਤਾਨ ਕੋਲ ਇਕ ਗੋਲਡ ਮੈਡਲ ਹੀ ਹੈ, ਫਿਰ ਵੀ ਉਹ 53ਵੇਂ ਸਥਾਨ ’ਤੇ ਪਹੁੰਚ ਗਿਆ ਹੈ।
ਉੱਥੇ ਹੀ ਅਮਰੀਕਾ 30 ਸੋਨ, 38 ਚਾਂਦੀ ਤੇ 35 ਕਾਂਸੀ ਤਮਗਿਆਂ ਨਾਲ ਪਹਿਲੇ, ਚੀਨ 28 ਸੋਨ, 25 ਚਾਂਦੀ ਤੇ 19 ਕਾਂਸੀ ਤਮਗਿਆਂ ਨਾਲ ਦੂਜੇ, ਜਦਕਿ ਆਸਟ੍ਰੇਲੀਆ 18 ਸੋਨ, 14 ਚਾਂਦੀ ਤੇ 13 ਕਾਂਸੀ ਤਮਗਿਆਂ ਨਾਲ ਤੀਜੇ ਸਥਾਨ ’ਤੇ ਕਾਬਜ਼ ਹਨ।

Related posts

ਸਭ ਤੋਂ ਵੱਧ ਅਯੋਗ ਕਰਾਰ ਦਿੱਤੇ ਅਥਲੀਟਾਂ ਵਾਲੇ ਦੇੇਸ਼ਾਂ ਦੀ ਸੂਚੀ ‘ਚ ਭਾਰਤ ਦੂਜੇ ਸਥਾਨ ’ਤੇ !

admin

ਬੁਰਜ ਹਰੀ ਵਿਖੇ 20ਵਾਂ ਕਬੱਡੀ ਕੱਪ ਸ਼ਾਨੋ-ਸ਼ੋਕਤ ਨਾਲ ਸਮਾਪਤ !

admin

ਪੈਟ ਕਮਿੰਸ ਨੇ ਚੈਂਪੀਅਨਜ਼ ਟਰਾਫੀ ਲਈ ਆਸਟ੍ਰੇਲੀਅਨ ਟੀਮ ਦੀ ਵਾਗਡੋਰ ਸੰਭਾਲੀ !

admin