ਪਟਨਾ – ਪਟਨਾ ਸ਼ਹਿਰ ਦੇ ਚੌਕ ਥਾਣਾ ਇਲਾਕੇ ’ਚ ਸੋਮਵਾਰ ਸਵੇਰੇ ਇਕ ਸਥਾਨਕ ਭਾਜਪਾ ਨੇਤਾ ਦਾ 2 ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤੀ। ਮ੍ਰਿਤਕ ਦੀ ਪਛਾਣ ਸਥਾਨਕ ਭਾਜਪਾ ਨੇਤਾ ਮੁੰਨਾ ਸ਼ਰਮਾ ਵਜੋਂ ਕੀਤੀ ਗਈ ਹੈ।ਪਟਨਾ ਜ਼ਿਲਾ ਪੁਲਸ ਵੱਲੋਂ ਜਾਰੀ ਇਕ ਬਿਆਨ ਅਨੁਸਾਰ ਸੋਮਵਾਰ ਸਵੇਰੇ ਲੱਗਭਗ 6.15 ਵਜੇ ਮੁੰਨਾ ਸ਼ਰਮਾ ਨੂੰ ਪਟਨਾ ਸ਼ਹਿਰ ਦੇ ਚੌਕ ਥਾਣੇ ਦੇ ਅਧੀਨ ਪੈਂਦੇ ਇਕ ਰੇਸਤਰਾਂ ਕੋਲ ਇਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ 2 ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ। ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।ਪੁਲਸ ਅਨੁਸਾਰ ਜ਼ਖਮੀ ਸ਼ਰਮਾ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਸਪਤਾਲ ਲੈ ਗਏ, ਜਿੱਥੇ ਉਨ੍ਹਾਂ ਇਲਾਜ ਦੌਰਾਨ ਦਮ ਤੋੜ ਦਿੱਤਾ। ਰਾਜਦ ਨੇਤਾ ਅਤੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਇਸ ਘਟਨਾ ਨੂੰ ਲੈ ਕੇ ਇਕ ਵੀਡੀਓ ਸਾਂਝੀ ਕਰਦੇ ਹੋਏ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਲਿਖਿਆ, “ਬਿਹਾਰ ’ਚ ਸੱਤਾ ਦੀ ਸਰਪ੍ਰਸਤੀ ’ਚ ਅਪਰਾਧ ਵਧ-ਫੁੱਲ ਰਿਹਾ ਹੈ। ਅਪਰਾਧੀ ਜਦੋਂ ਚਾਹੁਣ, ਜਿੱਥੇ ਚਾਹੁਣ, ਕਿਸੇ ਨੂੰ ਵੀ ਗੋਲੀ ਮਾਰ ਕੇ ਫਰਾਰ ਹੋ ਰਹੇ ਹਨ।’’