ਇਸਲਾਮਾਬਾਦ – ਪਾਕਿਸਤਾਨ ਦੇ ਇਕ ਸੀਨੀਅਰ ਸੰਸਦ ਮੈਂਬਰ ਨੇ ਕਿਹਾ ਕਿ ਕਰਾਚੀ ਯੂਨੀਵਰਸਿਟੀ ਧਮਾਕੇ ਤੋਂ ਬਾਅਦ ਇਸਲਾਮਾਬਾਦ ਦੀ ਸੁਰੱਖਿਆ ਪ੍ਰਣਾਲੀ ਤੋਂ ਚੀਨ ਦਾ ਭਰੋਸਾ ਡੋਲ ਗਿਆ ਹੈ।
26 ਅਪ੍ਰੈਲ ਨੂੰ ਬੁਰਕਾ ਪਾਈ ਇਹ ਆਤਮਘਾਤੀ ਮਹਿਲਾ ਹਮਲਾਵਰ ਵੱਲੋਂ ਕੀਤੇ ਗਏ ਧਮਾਕੇ ’ਚ ਤਿੰਨ ਚੀਨੀ ਅਧਿਆਪਕ ਮਾਰੇ ਗਏ ਸਨ। ਪਾਕਿਸਤਾਨ ’ਚ ਚੀਨੀ ਨਾਗਰਿਕਾਂ ਖ਼ਿਲਾਫ਼ ਕੀਤਾ ਗਿਆ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਸੀ। ਡਾਨ ਅਖ਼ਬਾਰ ਨਾਲ ਸ਼ੁੱਕਰਵਾਰ ਨੂੰ ਚੀਨ ਦੀ ਮਨੋਦਸ਼ਾ ਸ਼ਾਂਜੀ ਕਰਦੇ ਹੋਏ ਸੈਨੇਟਰ ਮੁਸ਼ਾਹਿਦ ਹੁਸੈਨ ਨੇ ਕਿਹਾ ਕਿ ਇਸ ਵਾਰਦਾਤ ਨੇ ਚੀਨ ’ਚ ਗੰਭੀਰ ਚਿੰਤਾ ਤੇ ਗੁੱਸਾ ਪੈਦਾ ਕੀਤਾ ਹੈ।ਸੈਨੇਟ ਦੀ ਸੁਰੱਖਿਆ ਸਬੰਧੀ ਕਮੇਟੀ ਦੇ ਚੇਅਰਮੈਨ ਮੁਸ਼ਾਹਿਦ ਨੇ ਬੀਤੇ ਹਫ਼ਤੇ ਉਸ ਵਫ਼ਦ ਦੀ ਵੀ ਅਗਵਾਈ ਕੀਤੀ ਸੀ, ਜਿਹੜਾ ਹਮਲੇ ਤੋਂ ਬਾਅਦ ਸੋਗ ਪ੍ਰਗਟ ਕਰਨ ਚੀਨੀ ਅੰਬੈਸੀ ਪਹੁੰਚਿਆ ਸੀ।
ਮੁਸ਼ਾਹਿਦ ਨੇ ਕਿਹਾ ਕਿ ਪਾਕਿਸਤਾਨ ਦੀ ਸੁਰੱਖਿਆ ਪ੍ਰਣਾਲੀ ਲੋਕਾਂ ਤੇ ਪ੍ਰਾਜੈਕਟਾਂ ਦੀ ਰੱਖਿਆ ਕਰਨ ਦੀ ਉਸ ਦੀ ਸਮਰੱਥਾ ਤੋਂ ਚੀਨ ਦਾ ਵਿਸ਼ਵਾਸ਼ ਕਾਫ਼ੀ ਡਗਮਗਾ ਗਿਆ ਹੈ। ਹਮਲੇ ਦੇ ਪੈਟਰਨ ਦੀ ਮੁੜ ਵਰਤੋਂ ਹੋਈ ਹੈ, ਜਿਸ ਨਾਲ ਇਹ ਸਾਬਿਤ ਹੁੰਦਾ ਹੈ ਕਿ ਪਾਕਿਸਤਾਨ ਵੱਲੋਂ ਫੂਲਪਰੂਫ ਸੁਰੱਖਿਆ ਦੇ ਵਾਅਦੇ ਨੂੰ ਜ਼ਮੀਨ ’ਤੇ ਨਹੀਂ ਉਤਾਰਿਆ ਗਿਆ। ਕਰਾਚੀ ਯੂਨੀਵਰਸਿਟੀ ’ਚ ਹੋਇਆ ਹਮਲਾ, ਚੀਨੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਵਾਲਾ ਤੀਜਾ ਵੱਡਾ ਹਮਲਾ ਸੀ।
ਸੁਰੱਖਿਆ ਵਿਵਸਥਾ ਦੀ ਆਲੋਚਨਾ ਕਰਦੇ ਹੋਏ ਮੁਸ਼ਾਹਿਦ ਨੇ ਕਿਹਾ ਕਿ ਸੁਰੱਖਿਆ ਏਜੰਸੀਆਂ ਨੂੰ ਘਟਨਾ ਤੋਂ ਬਾਅਦ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਝਪਕੀ ਲੈਂਦੀ ਹੋਈ ਫੜੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਹਮਲੇ ਜਾਰੀ ਰਹੇ ਤਾਂ ਨਾ ਸਿਰਫ਼ ਚੀਨ, ਬਲਕਿ ਦੂਜੇ ਦੇਸ਼ਾਂ ਦੇ ਨਿਵੇਸ਼ਕ ਵੀ ਪਾਕਿਸਤਾਨ ’ਚ ਨਿਵੇਸ਼ ਦੀ ਸਮੀਖਿਆ ਲਈ ਮਜਬੂਰ ਹੋ ਜਾਣਗੇ। ਜ਼ਿਕਰਯੋਗ ਹੈ ਕਿ ਕਰਾਚੀ ਯੂਨੀਵਰਸਿਟੀ ’ਚ ਹੋਏ ਹਮਲੇ ਤੋਂ ਬਾਅਦ ਚੀਨੀ ਨਾਗਰਿਕਾਂ ਦੇ ਪਾਕਿਸਤਾਨ ਛੱਡਣ ਦੀਆਂ ਤਸਵੀਰਾਂ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋਈਆਂ ਸਨ। ਹਾਲਾਂਕਿ ਪਾਕਿਸਤਾਨ ਨੇ ਅਜਿਹੀਆਂ ਸੂਚਨਾਵਾਂ ਨੂੰ ਖਾਰਜ ਕੀਤਾ ਸੀ।
