International

ਪਾਕਿਸਤਾਨ ਦੇ ਮੰਦਰ ’ਚ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਨੂੁੰ ਸ਼ਰ੍ਹੇਆਮ ਤੋੜਿਆ ਗਿਆ

ਕਰਾਚੀ – ਪਾਕਿਸਤਾਨ ’ਚ ਘੱਟ ਗਿਣਤੀ ਹਿੰਦੂਆਂ ’ਤੇ ਅੱਤਿਆਚਾਰ ਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ’ਚ ਭੰਨਤੋੜ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਹੁਣ ਕਰਾਚੀ ਦੇ ਇਕ ਮੰਦਰ ’ਚ ਸਰੇਆਮ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਨੂੰ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ’ਤੇ ਮੌਜੂਦ ਸ਼ਰਧਾਲੂਆਂ ਨੇ ਇਕ ਦੋਸ਼ੀ ਨੂੰ ਫੜ ਕੇ ਪੁਲਿਸ ਨੂੰ ਸੌਂਪ ਦਿੱਤਾ, ਜਦੋਂ ਕਿ ਦੂਜਾ ਫ਼ਰਾਰ ਹੈ। ਹਿੰਦੂ ਸਮਾਜ ਦੇ ਲੋਕਾਂ ਨੇ ਵਾਰਦਾਤ ਦੇ ਵਿਰੋਧ ’ਚ ਥਾਣੇ ’ਤੇ ਪ੍ਰਦਰਸ਼ਨ ਕਰਦੇ ਹੋਏ ਸੁਰੱਖਿਆ ਮੁਹੱਈਆ ਕਰਵਾਏ ਜਾਣ ਦੀ ਮੰਗ ਕੀਤੀ। ਬਾਅਦ ’ਚ ਪੁਲਿਸ ਤੇ ਪਾਕਿਸਾਤਨੀ ਰੇਂਜਰ ਮੌਕੇ ’ਤੇ ਪੁੱਜੇ ਤੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ।ਸੀਨੀਅਰ ਪੁਲਿਸ ਅਧਿਕਾਰੀ ਸਰਫਰਾਜ਼ ਨਵਾਜ਼ ਨੇ ਮੰਗਲਵਾਰ ਨੂੰ ਦੱਸਿਆ ਕਿ ਵਾਰਦਾਤ ਕਰਾਚੀ ਦੇ ਪੁਰਾਣੇ ਸ਼ਹਿਰ ਨਾਰਾਇਣਪੁਰਾ ਦੀ ਹੈ, ਜਿੱਥੇ ਸੋਮਵਾਰ ਦੀ ਸ਼ਾਮ ਮੁਹੰਮਦ ਵਾਲੀਦ ਸ਼ਬੀਰ ਨੇ ਨਾਰਾਇਣ ਮੰਦਰ ’ਚ ਵੜ ਕੇ ਮੂਰਤੀਆਂ ਨੂੰ ਤੋੜ ਦਿੱਤਾ। ਜਦੋਂ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ, ਉਦੋਂ ਮੁਕੇਸ਼ ਕੁਮਾਰ ਤੇ ਉਨ੍ਹਾਂ ਦੀ ਪਤਨੀ ਮੰਦਰ ’ਚ ਪੂਜਾ ਕਰ ਰਹੇ ਸਨ। ਉਨ੍ਹਾਂ ਦੋਸ਼ੀ ਨੂੰ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਨੂੰ ਤੋੜਦੇ ਹੋਏ ਦੇਖਿਆ ਤੇ ਰੌਲਾ ਪਾ ਦਿੱਤਾ। ਇਸ ਤੋਂ ਬਾਅਦ ਮੰਦਰ ’ਚ ਮੌਜੂਦ ਲੋਕਾਂ ਨੇ ਦੋਸ਼ੀ ਨੂੁੰ ਫੜ ਕੇ ਪੁਲਿਸ ਨੂੰ ਸੌਂਪ ਦਿੱਤਾ। ਪੁਲਿਸ ਨੇ ਮੁਕੇਸ਼ ਦੀ ਸ਼ਿਕਾਇਤ ’ਤੇ ਸ਼ਬੀਰ ਨੂੰ ਗਿ੍ਰਫ਼ਤਾਰ ਕਰਲਿਆ ਜਦੋਂ ਕਿ ਦੂਸਰਾ ਦੋਸ਼ੀ ਫ਼ਰਾਰ ਹੈ।ਵਾਰਦਾਤ ਨਾਲ ਹਿੰਦੂ ਸਮਾਜ ਗੁੱਸੇ ’ਚ ਆ ਗਿਆ ਤੇ ਥਾਣੇ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ ਸਰਕਾਰ ਤੋਂ ਸੁਰੱਖਿਆ ਮੁੱਹਈਆ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਵਾਰਦਾਤ ਤੋਂ ਬਾਅਦ ਹਿੰਦੂ ਸਮਾਜ ਦੇ ਲੋਕ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਇਸ ਇਲਾਕੇ ਦੇ ਹਿੰਦੂ ਭਾਈਚਾਰੇ ਦੇ ਜ਼ਿਆਦਾਤਰ ਲੋਕ ਗ਼ਰੀਬ ਤੇ ਘੱਟ ਆਮਦਨ ਵਰਗ ਤੋਂ ਹਨ ਤੇ ਦਹਾਕਿਆਂ ਤੋਂ ਉੱਥੇ ਰਹਿ ਰਹੇ ਹਨ। ਸਿੰਧ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਗਿਆਨਚੰਦ ਇਸਰਾਨੀ ਨੇ ਕਿਹਾ, ‘ਵਾਰਦਾਤ ਦੇ ਸਬੰਧ ’ਚ ਮੁਕੱਦਮਾ ਰਜਿਸਟਰਡ ਕੀਤਾ ਜਾਣਾ ਚਾਹੀਦਾ ਹੈ। ਅਸੀਂ ਇਸ ਹਮਲੇ ਦੀ ਨਿੰਦਾ ਕਰਦੇ ਹਾਂ।’ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਨੇਤਾ ਤੇ ਨੈਸ਼ਨਲ ਅਸੈਂਬਲੀ ਦੇ ਮੈਂਬਰ ਖੀਅਲ ਦਾਸ ਕੋਹਿਸਤਾਨੀ ਨੇ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਕੋੀ ਵੀ ਧਰਮ ਅਜਿਹੀ ਹਰਕਤ ਦੀ ਇਜਾਜ਼ਤ ਨਹੀਂ ਦਿੰਦਾ।

Related posts

ਕੈਨੇਡਾ ਹੁਣ ਜਾਂ ਕਦੇ ਵੀ ਵਿਕਾਊ ਨਹੀਂ ਹੈ: ਜਗਮੀਤ ਸਿੰਘ

admin

ਅਮਰੀਕਾ ‘ਚ H-1B ਵੀਜ਼ਾ ਚਾਹਵਾਨਾਂ ਲਈ ਅਨਿਸ਼ਚਿਤਤਾ ਦਾ ਮਾਹੌਲ !

admin

ਵਿਸ਼ਵ ਪਾਸਪੋਰਟ ਸੂਚੀ ’ਚ ਸਿੰਗਾਪੁਰ ਸਿਖਰ ’ਤੇ ਬਰਕਰਾਰ !

admin