ਚੈਂਪੀਅਨਸ ਟਰਾਫੀ (Champions Trophy) ਨੂੰ ਲੈ ਕੇ ਚੱਲ ਰਿਹਾ ਵਿਵਾਦ ਖਤਮ ਹੋ ਗਿਆ ਹੈ। ਪਾਕਿਸਤਾਨ ਕ੍ਰਿਕਟ ਬੋਰਡ ਨੂੰ BCCI ਅੱਗੇ ਝੁਕਣਾ ਪਿਆ। ਭਾਰਤ ਵੱਲੋਂ ਪਾਕਿਸਤਾਨ ਵਿੱਚ ਖੇਡਣ ਤੋਂ ਇਨਕਾਰ ਕਰਨ ਤੋਂ ਬਾਅਦ ICC ਨੇ ਇੱਕ ਹਾਈਬ੍ਰਿਡ ਮਾਡਲ ਵਿੱਚ ਟੂਰਨਾਮੈਂਟ ਕਰਵਾਉਣ ਦਾ ਪ੍ਰਸਤਾਵ ਰੱਖਿਆ ਸੀ। ਸ਼ੁਰੂਆਤ ‘ਚ PCB ਆਪਣੇ ਸਟੈਂਡ ‘ਤੇ ਅਡੋਲ ਸੀ ਪਰ ਜਦੋਂ ਚੈਂਪੀਅਨਸ ਟਰਾਫੀ ਦੀ ਮੇਜ਼ਬਾਨੀ ਖੋਹਣ ਦੀ ਗੱਲ ਆਈ ਤਾਂ ਉਸ ਨੂੰ ICC ਦੀ ਸਲਾਹ ਮੰਨਣ ਲਈ ਮਜਬੂਰ ਹੋਣਾ ਪਿਆ। ਹਾਈਬ੍ਰਿਡ ਮਾਡਲ ਦਾ ਮਤਲਬ ਹੈ ਕਿ ਭਾਰਤੀ ਟੀਮ ਆਪਣਾ ਮੈਚ ਪਾਕਿਸਤਾਨ ਵਿੱਚ ਨਹੀਂ ਸਗੋਂ ਕਿਸੇ ਹੋਰ ਦੇਸ਼ ਵਿੱਚ ਖੇਡੇਗੀ।
ਚੈਂਪੀਅਨਸ ਟਰਾਫੀ 2025 (Champions Trophy 2025) 19 ਫਰਵਰੀ ਤੋਂ 9 ਮਾਰਚ ਤੱਕ ਹੋਣੀ ਹੈ। ਪਾਕਿਸਤਾਨ ਨੂੰ ਮੇਜ਼ਬਾਨੀ ਦੇ ਅਧਿਕਾਰ ਦਿੱਤੇ ਗਏ ਹਨ ਪਰ ਹਾਈਬ੍ਰਿਡ ਮਾਡਲ ਨਾਲ ਸਹਿਮਤ ਹੋਣ ਤੋਂ ਬਾਅਦ ਉਹ ਕੁਝ ਮੈਚਾਂ ਦੀ ਮੇਜ਼ਬਾਨੀ ਗੁਆ ਦੇਵੇਗਾ। ਪਾਕਿਸਤਾਨ ਨੂੰ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਲਈ ਚੁਣਿਆ ਗਿਆ ਹੈ ਕਿਉਂਕਿ 1996 ਦੇ ਇੱਕ ਰੋਜ਼ਾ ਵਿਸ਼ਵ ਕੱਪ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਪਾਕਿਸਤਾਨ ICC ਈਵੈਂਟ ਦੀ ਮੇਜ਼ਬਾਨੀ ਕਰੇਗਾ। ਚੈਂਪੀਅਨਸ ਟਰਾਫੀ 8 ਸਾਲ ਬਾਅਦ ਵਾਪਸੀ ਕਰ ਰਹੀ ਹੈ। ਅਜਿਹੇ ‘ਚ ICC ਨਹੀਂ ਚਾਹੁੰਦਾ ਸੀ ਕਿ ਭਾਰਤ ਇਸ ਤੋਂ ਬਾਹਰ ਰਹੇ।
ਭਾਰਤ ਪਾਕਿਸਤਾਨ ਵਿੱਚ ਨਹੀਂ ਖੇਡੇਗਾ
ਭਾਰਤ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ, ਜਿਸ ਨਾਲ ਟੂਰਨਾਮੈਂਟ ਦਾ ਭਵਿੱਖ ਅਨਿਸ਼ਚਿਤ ਹੋ ਗਿਆ। ICC ਨੇ ਦੁਬਈ ਵਿੱਚ ਇੱਕ ਮੀਟਿੰਗ ਬੁਲਾਈ ਜਿਸ ਵਿੱਚ PCB ਅਤੇ BCCI ਸਮੇਤ ਸਾਰੇ ਪੂਰਨ ਮੈਂਬਰ ਦੇਸ਼ਾਂ ਦੇ ਬੋਰਡ ਸ਼ਾਮਲ ਹੋਏ। ਲਗਾਤਾਰ ਇਨਕਾਰ ਕਰਨ ਤੋਂ ਬਾਅਦ ਆਖਿਰਕਾਰ ਪਾਕਿਸਤਾਨ ਨੇ ਹਾਈਬ੍ਰਿਡ ਮਾਡਲ ‘ਚ ਟੂਰਨਾਮੈਂਟ ਕਰਵਾਉਣ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ।
ਭਾਰਤ ਤੇ ਪਾਕਿਸਤਾਨ ਦਾ ਕਿੱਥੇ ਮੁਕਾਬਲਾ ਹੋਵੇਗਾ?
ਹਾਈਬ੍ਰਿਡ ਮਾਡਲ ਦੇ ਆਉਣ ਤੋਂ ਬਾਅਦ ਹੁਣ ਪਾਕਿਸਤਾਨ ਦੀ ਟੀਮ ਨੂੰ ਭਾਰਤ ਦੇ ਖਿਲਾਫ ਆਪਣੇ ਦੇਸ਼ ਤੋਂ ਬਾਹਰ ਮੈਚ ਖੇਡਣਾ ਹੋਵੇਗਾ। ਚੈਂਪੀਅਨਸ ਟਰਾਫੀ ਦੇ ਜ਼ਿਆਦਾਤਰ ਮੈਚ ਪਾਕਿਸਤਾਨ ‘ਚ ਖੇਡੇ ਜਾਣਗੇ ਪਰ ਭਾਰਤ ਦੇ ਮੈਚ ਕਿਸੇ ਹੋਰ ਜਗ੍ਹਾ ‘ਤੇ ਖੇਡੇ ਜਾਣਗੇ। ਰਿਪੋਰਟਾਂ ਮੁਤਾਬਕ ਭਾਰਤ ਦੇ ਮੈਚ ਦੁਬਈ ਇੰਟਰਨੈਸ਼ਨਲ ਸਟੇਡੀਅਮ, UAE. ਵਿੱਚ ਖੇਡੇ ਜਾਣਗੇ। ਭਾਰਤ ਅਤੇ ਪਾਕਿਸਤਾਨ ਵਿਚਾਲੇ ਗਰੁੱਪ ਪੜਾਅ ਦਾ ਮੈਚ 1 ਮਾਰਚ ਨੂੰ ਦੁਬਈ ‘ਚ ਹੋ ਸਕਦਾ ਹੈ। ਇਹ ਮੈਚ ਲਾਹੌਰ ਦੇ ਗੱਦਾਫੀ ਸਟੇਡੀਅਮ ‘ਚ ਖੇਡਿਆ ਜਾਣਾ ਸੀ।