ਆਨੰਦ (ਗੁਜਰਾਤ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ਨੂੰ ‘ਪਾਕਿਸਤਾਨ ਦੀ ਪ੍ਰਸ਼ੰਸਕ’ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਅੱਜ ਜਦੋਂ ਭਾਰਤ ਦੀ ਸਭ ਤੋਂ ਪੁਰਾਣੀ ਪਾਰਟੀ ‘ਮਰ ਰਹੀ ਹੈ’ ਤਾਂ ਗੁਆਂਢੀ ਮੁਲਕ ਦੇ ਆਗੂ ਇਸ ਲਈ ਦੁਆ ਕਰ ਰਹੇ ਹਨ ਅਤੇ ਉਹ ਸ਼ਹਿਜ਼ਾਦੇ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਬੇਤਾਬ ਹਨ। ਪ੍ਰਧਾਨ ਮੰਤਰੀ ਦੀਆਂ ਇਹ ਟਿੱਪਣੀਆਂ ਅਜਿਹੀਆਂ ਰਿਪੋਰਟਾਂ ਕਾਰਨ ਕੀਤੀਆਂ ਹਨ, ਜਿਨ੍ਹਾਂ ’ਚ ਪਾਕਿਸਤਾਨ ਵਿੱਚ ਇਮਰਾਨ ਖਾਨ ਦੀ ਕੈਬਨਿਟ ਦੇ ਸਾਬਕਾ ਮੰਤਰੀ ਚੌਧਰੀ ਫਵਾਦ ਹੁਸੈਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਵੀਡੀਓ ਸਾਂਝਾ ਕੀਤਾ ਹੈ ਅਤੇ ਉਨ੍ਹਾਂ ਦੀ ਤਾਰੀਫ ਕੀਤੀ ਹੈ। ਮੱਧ ਗੁਜਰਾਤ ਦੇ ਆਨੰਦ ਸ਼ਹਿਰ ’ਚ ਆਨੰਦ ਅਤੇ ਖੇੜਾ ਲੋਕ ਸਭਾ ਸੀਟਾਂ ਤੋਂ ਭਾਜਪਾ ਉਮੀਦਵਾਰਾਂ ਦੇ ਸਮਰਥਨ ’ਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਮੋਦੀ ਨੇ ਵਿਅੰਗਮਈ ਢੰਗ ਨਾਲ ਕਿਹਾ, ‘ਇਤਫਾਕ ਦੇਖੋ ਅੱਜ ਭਾਰਤ ’ਚ ਕਾਂਗਰਸ ਕਮਜ਼ੋਰ ਹੁੰਦੀ ਜਾ ਰਹੀ ਹੈ। ਇਥੇ ਕਾਂਗਰਸ ਮਰ ਰਹੀ ਹੈ ਤੇ ਉਥੇ ਪਾਕਿਸਤਾਨ ਰੋ ਰਿਹਾ ਹੈ। ਹੁਣ ਪਾਕਿਸਤਾਨੀ ਨੇਤਾ ਕਾਂਗਰਸ ਲਈ ਦੁਆ ਕਰ ਰਹੇ ਹਨ। ਪਾਕਿਸਤਾਨ ਸ਼ਹਿਜ਼ਾਦੇ (ਰਾਹੁਲ ਗਾਂਧੀ ਵੱਲ ਇਸ਼ਾਰਾ ਕਰਦੇ ਹੋਏ) ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਬੇਤਾਬ ਹੈ।’
ਪ੍ਰਧਾਨ ਮੰਤਰੀ ਨੇ ਕਾਂਗਰਸ ’ਤੇ ਆਪਣੇ ਆਪ ਨੂੰ ‘ਪਿਆਰ ਦੀ ਦੁਕਾਨ’ ਦੱਸ ਕੇ ਝੂਠ ਬੋਲਣ ਦਾ ਦੋਸ਼ ਲਾਇਆ ਅਤੇ ਦੋਸ਼ ਲਾਇਆ ਕਿ ਕਾਂਗਰਸ ‘ਨਕਲੀ ਵਸਤਾਂ ਦੀ ਫੈਕਟਰੀ’ ਬਣ ਚੁੱਕੀ ਹੈ। ਉਨ੍ਹਾਂ ਕਿਹਾ, “ਲੋਕ ਪੁੱਛ ਰਹੇ ਹਨ ਕਿ ਕਾਂਗਰਸ ਇੰਨੀ ਘਬਰਾਹਟ ਵਿੱਚ ਕਿਉਂ ਹੈ। ਅੱਜ ਕਾਂਗਰਸ ਨਕਲੀ ਫੈਕਟਰੀ ਯਾਨੀ ਨਕਲੀ ਮਾਲ ਦੀ ਫੈਕਟਰੀ ਬਣ ਗਈ ਹੈ। ਕਾਂਗਰਸ ਆਪਣੇ ਆਪ ਨੂੰ ਪਿਆਰ ਵੇਚਣ ਵਾਲੀ ਦੱਸ ਕੇ ਝੂਠ ਕਿਉਂ ਵੇਚ ਰਹੀ ਹੈ?” ਯੂਪੀਏ ਸ਼ਾਸਨ ਨੂੰ ’ਸ਼ਸਾਂਕਾਲ’ ਅਤੇ ਮੌਜੂਦਾ ਐਨਡੀਏ ਸ਼ਾਸਨ ਨੂੰ ’ਸੇਵਾਕਾਲ’ (ਸੇਵਾ ਕਾਲ) ਵਜੋਂ ਦਰਸਾਉਂਦੇ ਹੋਏ, ਪੀਐਮ ਮੋਦੀ ਨੇ ਕਾਂਗਰਸ ’ਤੇ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ।
previous post
