ਮਾਹਿਲਪੁਰ – ਐਤਵਾਰ ਸਵੇਰੇ ਹੀ ਬਲਾਕ ਮਾਹਿਲਪੁਰ ਦੇ ਪਿੰਡ ਮੌਤੀਆਂ ਤੇ ਬਾੜੀਆਂ ਦੇ ਵਸੀਮੇ ’ਤੇ ਲੋਕਾਂ ’ਚ ਘੁਸਰ-ਮੁਸਰ ਸ਼ੁਰੂ ਹੋ ਗਈ, ਜਦੋਂ ਦੋ ਦਰਜਨ ਤੋਂ ਵੱਧ ਪਾਕਿਸਤਾਨੀ ਗੁਬਾਰਿਆਂ ਨਾਲ ਬੰਨਿਆਂ ਪਾਕਿਸਤਾਨੀ ਝੰਡਾ ਮਿਲਿਆ, ਜਿਨ੍ਹਾਂ ’ਤੇ ਪਾਕਿਸਤਾਨੀ ਫੋਨ ਨੰਬਰ ਅਤੇ ਲਾਹੌਰ ਲਿਖਿਆ ਹੋਇਆ ਸੀ। ਥਾਣਾ ਚੱਬੇਵਾਲ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਸਵੇਰੇ ਜਦੋਂ ਆਜ਼ਾਦੀ ਦਾ ਦਿਹਾੜਾ ਮਨਾਉਣ ਲਈ ਪਿੰਡਾਂ ਦੇ ਲੋਕ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਵੱਲ ਨੂੰ ਰਵਾਨਾ ਹੋਏ ਤਾਂ ਪਿੰਡ ਮੌਤੀਆਂ ਅਤੇ ਬਾੜੀਆਂ ਦੇ ਵਸੀਮੇ ’ਤੇ ਸੜਕ ਕਿਨਾਰੇ ਖੇਤਾਂ ’ਚ ਦੋ ਦਰਜਨ ਤੋਂ ਵੱਧ ਗੁਬਾਰਿਆਂ ਨਾਲ ਬੰਨਿਆਂ ਹੋਇਆ ਪਾਕਿਸਤਾਨੀ ਝੰਡਾ ਮਿਲਿਆ। ਇਸ ਝੰਡੇ ’ਤੇ ਚਿੱਟੇ ਰੰਗ ਦੇ ਕੱਪੜੇ ’ਤੇ ਲਾਹੌਰ ਤੇ ਪਾਕਿਸਤਾਨ ਦਾ ਫੋਨ ਨੰਬਰ ਲਿਖਿਆ ਹੋਇਆ ਸੀ। ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪਿੰਡ ਮੌਤੀਆਂ ਦੇ ਸਰਪੰਚ ਨੂੰ ਦਿੱਤੀ। ਜਿਨ੍ਹਾਂ ਨੇ ਥਾਣਾ ਚੱਬੇਵਾਲ ਦੀ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਨੇ ਆ ਕੇ ਝੰਡਾ ਅਤੇ ਗੁਬਾਰੇ ਕਬਜ਼ੇ ’ਚ ਲੈ ਲਏ।
ਇਸ ਸਬੰਧੀ ਥਾਣਾ ਚੱਬੇਵਾਲ ਦੇ ਮੁਖੀ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਇਹ ਪਾਕਿਸਤਾਨ ’ਚ ਆਜ਼ਾਦੀ ਦਾ ਦਿਹਾੜਾ ਇਕ ਦਿਨ ਪਹਿਲਾਂ ਮਨਾਉਂਦੇ ਹਨ। ਹੋ ਸਕਦਾ ਹੈ ਇਹ ਉੱਧਰੋਂ ਉੱਡ ਕੇ ਇੱਧਰ ਹਵਾ ਸਹਾਰੇ ਆ ਗਏ ਹੋਣ। ਉਨ੍ਹਾਂ ਕਿਹਾ ਕਿ ਪੁਲਿਸ ਗੰਭੀਰਤਾ ਨਾਲ ਮਾਮਲੇ ਦੀ ਪੜਤਾਲ ਕਰ ਰਹੀ ਹੈ।
previous post