ਭੋਪਾਲ – ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਸੂਬਾ ਕਾਂਗਰਸ ਪ੍ਰਧਾਨ ਕਮਲ ਨਾਥ ਨੇ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਕੋਈ ਵੀ ਹੋਵੇ, ਉਸ ਦੀ ਸੁਰੱਖਿਆ ਅਹਿਮ ਹੈ। ਭਾਵੇਂ ਉਹ ਨਰਿੰਦਰ ਮੋਦੀ ਹੋਣ ਜਾਂ ਫਿਰ ਰਾਜੀਵ ਗਾਂਧੀ ਹੁੰਦੇ। ਪੂਰੀ ਦੁਨੀਆ ਸਾਡੇ ਵੱਲ ਦੇਖ ਰਹੀ ਹੈ ਤੇ ਕਹਿ ਰਹੀ ਹੈ ਕਿ ਇਹ ਇਹੋ ਜਿਹਾ ਦੇਸ਼ ਹੈ, ਜੋ ਆਪਣੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨਹੀਂ ਕਰ ਸਕਦਾ। ਸੁਰੱਖਿਆ ਸਬੰਧੀ ਚੂਕ ਦੀ ਜਾਂਚ ਕੇਂਦਰੀ ਗ੍ਰਹਿ ਮੰਤਰਾਲੇ ਤੇ ਸੂਬਾ ਸਰਕਾ ਵੱਲੋਂ ਕਰਵਾਈ ਜਾ ਰਹੀ ਹੈ। ਉਸ ’ਚ ਸਭ ਸਾਹਮਣੇ ਆ ਜਾਵੇਗਾ। ਇਸ ’ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਉਹ ਵੀਰਵਾਰ ਨੂੰ ਭੋਪਾਲ ’ਚ ਮੀਡੀਆ ਨਾਲ ਚਰਚਾ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐੱਸਪੀਜੀ) ਕਰਦਾ ਹੈ ਤੇ ਆਖ਼ਰੀ ਫ਼ੈਸਲਾ ਵੀ ਉਸੇ ਦਾ ਹੁੰਦਾ ਹੈ। ਇਸ ’ਚ ਸੂਬੇ ਦੇ ਡੀਜੀਪੀ ਦਾ ਵੀ ਦਖ਼ਲ ਹੁੰਦਾ ਹੈ। ਉਨ੍ਹਾਂ ਨੂੰ ਐੱਸਪੀਜੀ ਦਾ ਫ਼ੈਸਲਾ ਮੰਨਣਾ ਪੈਂਦਾ ਹੈ। ਇਹ ਦੇਖਣਾ ਪਵੇਗਾ ਕਿ ਕਿੰਨਾ ਸਮਾਂ ਪਹਿਲਾਂ ਰਸਤਾ ਬਦਲਿਆ ਗਿਆ। ਐੱਸਪੀਜੀ ਨੇ ਅਜਿਹਾ ਫ਼ੈਸਲਾ ਕਿਉਂ ਲਿਆ ਤੇ ਕੀ ਬਦਲਵੀਂ ਵਿਵਸਥਾ ਸੰਭਵ ਸੀ? ਹੁਣ ਭਾਜਪਾ ਨੂੰ ਹਰ ਗੱਲ ਲਈ ਕਾਂਗਰਸ ਹੀ ਜ਼ਿੰਮੇਵਾਰ ਦਿਖਾਈ ਦਿੰਦੀ ਹੈ ਤਾਂ ਇਹ ਠੀਕ ਨਹੀਂ ਹੈ।