Punjab

ਪੰਜਾਬ ਦੇ ਮੁੱਖ ਮੰਤਰੀ ਨੇ ਨਵੇਂ ਸਥਾਪਤ ਕੀਤੇ ਫਾਇਰ ਸਟੇਸ਼ਨਾਂ ਲਈ 20 ਨਵੀਆਂ ਅੱਗ ਬੁਝਾਊ ਗੱਡੀਆਂ ਨੂੰ ਹਰੀ ਝੰਡੀ ਦਿਖਾਈ

 ਚੰਡੀਗੜ –  ਸੂਬੇ ਵਿਚ ਅੱਗ ਲੱਗਣ ਦੀ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਅੱਗ ਸੁਰੱਖਿਆ ਦੇ ਬੁਨਿਆਦੀ ਢਾਂਚੇ ਨੂੰ ਹੋਰ ਵਧੇਰੇ ਮਜਬੂਤ ਬਣਾਉਣ ਲਈ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਦੇ ਵੱਖ-ਵੱਖ ਜ਼ਿਲਿਆਂ ਵਿਚ ਨਵੇਂ ਸਥਾਪਿਤ ਕੀਤੇ 20 ਫਾਇਰ ਸਟੇਸ਼ਨਾਂ ਨੂੰ ਅੱਗ ਬੁਝਾਉਣ ਵਾਲੇ ਨਵੇਂ ਮਲਟੀਪਰਪਜ ਫਾਇਰ ਅਤੇ ਮਿੰਨੀ ਫਾਇਰ ਟੈਂਡਰ ਸਮਰਪਿਤ ਕੀਤੇ।

           ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਨਾਗਰਿਕ ਕੇਂਦਰਿਤ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਹ ਅੱਗ ਬੁਝਾਊ ਗੱਡੀਆਂ ਅੱਗ ਲੱਗਣ ਦੀਆਂ ਅਕਸਰ ਵਾਪਰਨ ਵਾਲੀਆਂ ਘਟਨਾਵਾਂ ਤੋਂ ਲੋਕਾਂ ਦੇ ਜਾਨ-ਮਾਲ ਦੀ ਰਾਖੀ ਲਈ ਸਹਾਈ ਸਿੱਧ ਹੋਣਗੀਆਂ। ਉਨਾਂ ਨੇ ਆਸ ਪ੍ਰਗਟਾਈ ਕਿ ਇਨਾਂ ਨਵੇਂ ਮਲਟੀਪਰਪਜ ਅਤੇ ਮਿੰਨੀ ਫਾਇਰ ਟੈਂਡਰਾਂ ਨਾਲ ਉਦਯੋਗਿਕ ਇਕਾਈਆਂ ਤੋਂ ਇਲਾਵਾ ਵਾਢੀ ਦੇ ਸੀਜਨ ਦੌਰਾਨ ਖੜੀਆਂ ਫਸਲਾਂ ਨੂੰ ਅੱਗ ਲੱਗਣ ਦੀਆਂ ਵਾਪਰਦੀਆਂ ਘਟਨਾਵਾਂ ਨੂੰ ਕਾਫੀ ਹੱਦ ਤੱਕ ਰੋਕਿਆ ਜਾ ਸਕੇਗਾ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਅੱਜ ਦੁਪਹਿਰ ਇੱਥੇ ਮਿਉਂਸਪਲ ਭਵਨ ਤੋਂ ਇਨਾਂ ਫਾਇਰ ਟੈਂਡਰਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

           ਇਸ ਦੌਰਾਨ ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਵਿਵੇਕ ਪ੍ਰਤਾਪ ਸਿੰਘ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇਹ ਫਾਇਰ ਟੈਂਡਰ 13 ਜ਼ਿਲਿਆਂ ਵਿੱਚ ਨਵੇਂ ਸਥਾਪਤ ਕੀਤੇ ਗਏ 20 ਫਾਇਰ ਸਟੇਸ਼ਨਾਂ ਲਈ ਭੇਜੇ ਗਏ ਹਨ। ਇਨਾਂ ਜ਼ਿਲਿਆਂ ਵਿਚ ਅੰਮਿ੍ਰਤਸਰ, ਤਰਨਤਾਰਨ, ਬਠਿੰਡਾ, ਮਾਨਸਾ, ਫਿਰੋਜਪੁਰ, ਮੋਗਾ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਰੋਪੜ, ਬਰਨਾਲਾ ਅਤੇ ਸੰਗਰੂਰ ਸ਼ਾਮਲ ਹਨ। ਇਸ ਤੋਂ ਇਲਾਵਾ ਵਿਭਾਗ ਨੂੰ ਜਲਦੀ ਹੀ ਫੌਰੀ ਕਾਰਵਾਈ ਕਰਨ ਵਾਲੇ ਵਾਹਨ (ਕੁਇਕ ਰਿਸਪਾਂਸ ਵਹੀਕਲ) ਪ੍ਰਾਪਤ ਹੋਣਗੇ, ਜੋ ਕਿ ਇਨਾਂ ਫਾਇਰ ਸਟੇਸ਼ਨਾਂ ਨੂੰ ਮੁਹੱਈਆ ਕਰਵਾਏ ਜਾਣਗੇ।

           ਜ਼ਿਕਰਯੋਗ ਹੈ ਕਿ ਇਸ ਸਮੇਂ ਪੰਜਾਬ ਵਿੱਚ ਵੱਖ-ਵੱਖ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਅਧੀਨ ਕੁੱਲ 49 ਫਾਇਰ ਸਟੇਸਨ ਕੰਮ ਕਰ ਰਹੇ ਹਨ, ਜਿਨਾਂ ਵਿੱਚ 207 ਫਾਇਰ ਟੈਂਡਰ ਕੰਮ ਕਰ ਰਹੇ ਹਨ। ਫਿਲਹਾਲ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਨ ਦੀ ਸੂਰਤ ਵਿੱਚ ਇਨਾਂ ਫਾਇਰ ਟੈਂਡਰਾਂ ਨੂੰ 50 ਤੋਂ 60 ਕਿਲੋਮੀਟਰ ਦੀ ਦੂਰੀ ਤੈਅ ਕਰਨੀ ਪੈਂਦੀ ਹੈ। ਲੋਕਾਂ ਨੂੰ ਤੇਜ ਅਤੇ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਅਤੇ ਤੁਰੰਤ ਸੇਵਾਵਾਂ ਦੇਣ ਦੇ ਸਮੇਂ ਨੂੰ ਘਟਾਉਣ ਲਈ ਸੂਬਾ ਸਰਕਾਰ ਨੇ 20 ਨਵੇਂ ਫਾਇਰ ਸਟੇਸ਼ਨ ਸਥਾਪਿਤ ਕੀਤੇ ਹਨ ਅਤੇ ਇਸ ਨਾਲ ਇਨਾਂ ਫਾਇਰ ਸਟੇਸ਼ਨਾਂ ਦੀ ਗਿਣਤੀ 69 ਹੋ ਜਾਵੇਗੀ ਅਤੇ ਕੰਮ ਕਰਨ ਦਾ ਖੇਤਰ 50-60 ਕਿਲੋਮੀਟਰ ਤੋਂ ਘਟ ਕੇ 25-30 ਕਿਲੋਮੀਟਰ ਤੱਕ ਹੋ ਜਾਵੇਗਾ।

           ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਣੂ ਪ੍ਰਸਾਦ, ਮੁੱਖ ਮੰਤਰੀ ਦੇ ਵਿਸੇਸ ਪ੍ਰਮੁੱਖ ਸਕੱਤਰ ਰਵੀ ਭਗਤ ਅਤੇ ਸਥਾਨਕ ਸਰਕਾਰਾਂ ਦੇ ਡਾਇਰੈਕਟਰ ਪੁਨੀਤ ਗੋਇਲ ਹਾਜਰ ਸਨ।

Related posts

10 ਲੱਖ ਦਾ ਫਰੀ ਸਿਹਤ ਇਲਾਜ ਦੇਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ – ਡਾ. ਬਲਬੀਰ ਸਿੰਘ

admin

ਹਲਵਾਰਾ ਤੋਂ ਹਵਾਈ ਉਡਾਣਾਂ ਦੀ ਬੁਕਿੰਗ ਅਪ੍ਰੈਲ ਤੋਂ ਸ਼ੁਰੂ ਹੋ ਰਹੀ – ਰਵਨੀਤ ਬਿੱਟੂ

admin

ਬਿਕਰਮ ਮਜੀਠੀਆ ਸਮੇਤ 9 ਵਿਅਕਤੀਆਂ ਨੇ ਨਿੱਜੀ ਪੇਸ਼ੀ ਤੋਂ ਮੰਗੀ ਛੋਟ

admin